Breaking News

Amritsar Rural SSP Suspended for Inaction on Gang -ਐਸ ਐਸ ਪੀ ਮਨਿੰਦਰ ਸਿੰਘ ਗੈਂਗਾਂ ‘ਤੇ ਕਾਰਵਾਈ ਨਾ ਕਰਨ ਕਾਰਨ ਮੁਅੱਤਲ; 9 ਮਹੀਨਿਆਂ ‘ਚ 11 ਮੁਕਾਬਲੇ

Amritsar Rural SSP Suspended for Inaction on Gang –

ਜਿਸ ਐਸ ਐਸ ਪੀ ਮਨਿੰਦਰ ਸਿੰਘ ਨੂੰ ਕਥਿਤ ਤੌਰ ‘ਤੇ ਕੰਚਨਪ੍ਰੀਤ ਕੌਰ ਬਾਰੇ ਢਿੱਲਾ ਰਵੱਈਆ ਵਰਤਣ ਕਾਰਨ ਸਸਪੈਂਡ ਕੀਤਾ ਗਿਆ ਹੈ। ਉਸ ਮਨਿੰਦਰ ਸਿੰਘ ਦੇ 9 ਮਹੀਨੇ ਦੇ ਕਾਰਜਕਾਲ ਦੌਰਾਨ ਗੈਂਗਸਟਰਾਂ ਅਤੇ ਉੱਨਾਂ ਦੇ ਗੁਰਗਿਆਂ ਦੇ 11 ਮੁਕਾਬਲੇ ਹੋਏ। ਪੁਲਿਸ ਬਿਆਨਾਂ ਤੋੰ ਲੱਗਦਾ ਹੈ ਕਿ ਅਜਿਹੇ ਛੇ ਮੁਕਾਬਲਿਆਂ ਵੇਲੇ ਮੁਲਜ਼ਮਾਂ ਦੀਆਂ ਬਾਹਾਂ ਬੰਨੀਆਂ ਹੋਈਆਂ ਸਨ। ਪਰ ਜੇ ਸਰਕਾਰ ਦੇ ਨਜ਼ਰੀਏ ਤੋਂ ਦੇਖੀਏ ਤਾਂ ਮਨਦੀਪ ਸਿੰਘ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਸੀ।
ਅਕਾਲੀ ਦਲ ਨੇ ਸੁਮੇਧ ਸੈਨੀ ਨੂੰ ਡੀਜੀਪੀ ਬਣਾਇਆ। ਜਦੋਂ ਝੂਠੇ ਮੁਕਾਬਲਿਆਂ ਦੇ ਕੇਸਾਂ ‘ਚ ਸੈਣੀ ਵਰਗੇ ਅਫਸਰਾਂ ਖਿਲਾਫ ਕਾਰਵਾਈ ਦੀ ਗੱਲ ਚੱਲਦੀ ਤਾਂ ਜਵਾਬ ‘ਚ ਇਹ ਗੱਲ ਚਲਾਈ ਜਾਂਦੀ ਕਿ ਅਜਿਹੀ ਮੰਗ ਨਾਲ ਪੁਲਿਸ ਦੇ ਹੌਂਸਲੇ ਪਸਤ ਹੁੰਦੇ ਹਨ। ਕੀ ਹੁਣ ਮਨਿੰਦਰ ਸਿੰਘ ਨੂੰ ਸਸਪੈਂਡ ਕਰਨ ਨਾਲ ਪੁਲਿਸ ਦੇ ਹੋਂਸਲੇ ਬੁਲੰਦ ਹੋਣਗੇ ?
ਅਕਾਲੀ ਦਲ ਨੇ ਵਰਕਰਾਂ ਨੂੰ ਤੰਗ ਕਰਨ ਬਦਲੇ ਤਰਨਤਾਰਨ ਦੇ ਐਸ ਐਸ ਪੀ ਰਵਜੋਤ ਕੌਰ ਨੂੰ ਸਸਪੈਂਡ ਕਰਵਾਉਣ ਦਾ ਕਰੈਡਿਟ ਲਿਆ। ਹੁਣ ਕਿਹਾ ਜਾ ਰਿਹਾ ਹੈ ਕਿ ਮਨਿੰਦਰ ਸਿੰਘ ਨੂੰ ਇਸ ਲਈ ਸਸਪੈਂਡ ਕੀਤਾ ਗਿਆ ਹੈ ਕਿਉਂ ਕਿ ਅੰਮ੍ਰਿਤਸਰ ਦਿਹਾਤੀ ‘ਚ ਦਰਜ ਇੱਕ ਮੁਕੱਦਮੇ ਵਿੱਚ ਕੰਚਨਪ੍ਰੀਤ ਕੌਰ ਨੂੰ ਸਮਾਂ ਰਹਿੰਦੇ ਪੁੱਛਗਿੱਛ ਲਈ ਨਹੀਂ ਬੁਲਾਇਆ।
ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੁੰਦੀ ਜਾ ਰਹੀ ਹੈ ਕਿ ਤਰਨ ਤਾਰਨ ਚੋਣ ਅਕਾਲੀ ਦਲ ਨੇ ਕਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਮੋਢਿਆਂ ‘ਤੇ ਚੜ ਕੇ ਲੜੀ।
ਇਹ ਸੰਭਵ ਹੈ ਕਿ ਅੰਮ੍ਰਿਤਪਾਲ ਸਿੰਘ ਬਾਠ ਸਿਸਟਮ ਦਾ ਪੀੜਤ ਹੋਵੇ। ਪਰ ਇਸ ਚੋਣ ਤੋਂ ਪਹਿਲਾਂ ਅਕਾਲੀ ਦਲ ਨੇ ਕਿੰਨੀ ਵਾਰ ਗੈਂਗਸਟਰਵਾਦ ਦੀ ਸਮੱਸਿਆ ਨੂੰ ਪੁਲਿਸ ਜਾਂ ਸਰਕਾਰ ਦੀ ਐਨਕ ਤੋਂ ਵੱਖ ਕਰਕੇ ਵੇਖਿਆ ?
ਹਾਲੇ ਵੀ ਸੁਖਬੀਰ ਬਾਦਲ ਸਿਰਫ ਪੁੱਛ ਹੀ ਰਹੇ ਨੇ ਕਿ ਕੀ ਪੰਜਾਬ ਨੂੰ ਪੁਲਿਸ ਸਟੇਟ ਘੋਸ਼ਿਤ ਕਰ ਦਿੱਤਾ ਗਿਆ ਹੈ ?
ਪਿਛਲੇ ਦੋ ਸਾਲਾਂ ਤੋਂ ਪੰਜਾਬ ‘ਚ ਸ਼ੱਕੀ ਇਨਕਾਊਂਟਰ ਹੋ ਰਹੇ ਨੇ। ਇੰਨਾਂ ‘ਚੋਂ ਕਈ ਇਨਕਾਉਂਟਰਾਂ ‘ਚ ਹੱਥਕੜੀ ਲੱਗੇ ਹੋਏ ਮੁਲਜਮ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਪੁਲਿਸ ਗੋਲੀ ਮਾਰ ਦਿੰਦੀ ਹੈ। ਇੱਕੋ ਕਹਾਣੀ ਵਾਰ ਵਾਰ ਦੁਹਰਾਈ ਜਾਂਦੀ ਹੈ।
ਤਰਨ ਤਾਰਨ ਚੋਣ ‘ਚ ਵੀ ਅਕਾਲੀ ਦਲ ਦਾ ਧਿਆਨ ਰਿੱਝੀ ਹੋਈ ਖੀਰ ਖਾਣ ‘ਤੇ ਸੀ। ਬਾਠ ਦੇ ਕਥਿਤ ਗੈਂਗਟਰ ਬਣਨ ਦੀ ਤਰਤੀਬ ਬਾਰੇ ਪਾਰਟੀ ਦਾ ਕੋਈ ਬਿਆਨ ਨਹੀਂ ਮਿਲਦਾ। ਸ਼ਾਇਦ ਇਸ ਕਰਕੇ ਵੀ ਕੋਈ ਬਿਆਨ ਨਹੀਂ ਮਿਲਦਾ ਕਿਉਂਕਿ ਇਹ ਤਰਤੀਬ ਅਕਾਲੀ ਸਰਕਾਰ ਦੌਰਾਨ ਹੀ ਸ਼ੁਰੂ ਹੋਈ ਸੀ।
ਹਾਲਾਂਕਿ ਇਸ ਤਰਤੀਬ ਬਾਰੇ ਕੰਚਨਪ੍ਰੀਤ ਦੇ ਅੰਦਰਲਾ ਗੁੱਸਾ ਅਕਸਰ ਝਲਕ ਪੈਂਦਾ ਸੀ। ਜਦੋਂ ਬਾਠ ਤੇ ਹਰਮੀਤ ਸੰਧੂ ਅਕਾਲੀ ਦਲ ਵਿੱਚ ਸਨ, ਉਸ ਸਮੇਂ ਦਾ ਹਵਾਲਾ ਦਿੰਦੇ ਹੋਏ ਕੰਚਨਪ੍ਰੀਤ ਸਾਰਾ ਇਲਜ਼ਾਮ ਹਰਮੀਤ ਸੰਧੂ ‘ਤੇ ਸੁੱਟ ਦਿੰਦੀ ਸੀ। ਪਰ ਅਮ੍ਰਿਪਾਲ ਬਾਠ ਅਕਾਲੀ ਸਰਕਾਰ ਦੌਰਾਨ ਪਹਿਲਾਂ ਮੁੰਡਾ ਨਹੀਂ ਸੀ ਜਿਸ ਨੂੰ ਗੈਂਗਸਟਰ ਕਿਹਾ ਗਿਆ। ਅਕਾਲੀ ਦਲ ਦੀ ਸਰਕਾਰ ‘ਚ ਹੀ ਗੈਂਗਸਟਰ ਕਲਚਰ ਦੇ ਪੈਰ ਲੱਗੇ। ਉਹ ਇਕ ਵੱਖਰੀ ਕਹਾਣੀ ਆ ਕਿ ਕਿਵੇਂ ਲੱਗੇ ।
ਅਕਾਲੀ ਦਲ ਦੀ ਲੰਬੇ ਸਮੇਂ ਤੋਂ ਇਹੀ ਨੀਤੀ ਰਹੀ ਹੈ ਕਿ ਪੁਲਿਸ ‘ਤੇ ਸਵਾਲ ਨਾ ਚੁੱਕੇ ਜਾਣ। ਸ਼ਾਇਦ ਇਸੇ ਕਰਕੇ ਪਾਰਟੀ ਨੇ ਅਜਿਹੇ ਸ਼ੱਕੀ ਇੰਨਕਾਊਟਰਾਂ ‘ਤੇ ਕਦੇ ਜਥੇਬੰਦਕ ਤਰੀਕੇ ਨਾਲ ਸਵਾਲ ਨਹੀਂ ਚੁੱਕੇ। ਜੇ ਰਵਜੋਤ ਕੌਰ ਵਾਲੇ ਮਸਲੇ ‘ਚ ਕੋਈ ਸਿਆਸੀ ਫ਼ਾਇਦਾ ਨਾ ਹੁੰਦਾ ਤਾਂ ਸ਼ਾਇਦ ਪਾਰਟੀ ਉੱਥੇ ਵੀ ਚੁੱਪ ਰਹਿ ਜਾਂਦੀ। ਪਾਰਟੀ ਦੀ ਨੀਤੀ ਪੁਲਿਸ ਨੁੰ ਪਲੋਸਣ ਵਾਲੀ ਹੀ ਰਹੀ ਹੈ ।
ਅਕਾਲੀ ਦਲ ਨੇ ਕਦੇ ਨਹੀਂ ਪੁੱਛਿਆ ਕਿ ਕੀ ਜੁਰਮ ਨੂੰ ਠੱਲਣ ਦਾ ਇਹ ਕਾਰਗਰ ਤਰੀਕਾ ਹੈ ? ਹਿਰਾਸਤੀ ਮੁਲਜ਼ਮਾਂ ਦੇ ਇਨਕਾਊਂਟਰ ਨੂੰ ਛੱਡ ਨੇ ਉਹ ਕਿਹੜਾ ਕੰਮ ਹੈ ਜੋ ਪੁਲਿਸ ਨੇ ਅਕਾਲੀ ਸਰਕਾਰ ਦੌਰਾਨ ਨਹੀਂ ਕੀਤਾ । ਸਿਆਸੀ ਬਦਲਾਖੋਰੀ ‘ਚ ਪੁਲਿਸ ਦੀ ਵਰਤੋਂ ਦੇ ਇਲਜ਼ਾਮ ਅਕਾਲੀ ਦਲ ਦੇ ਲੀਡਰਾਂ ਮੂੰਹੋਂ ਨਹੀਂ ਜਚਦੇ।
ਪੁਲਿਸ ਸਟੇਟ ਬਾਰੇ ਸਵਾਲ ਪੁੱਛਣ ਤੋਂ ਪਹਿਲਾਂ ਅਕਾਲੀ ਦਲ ਨੂੰ ਚਾਹੀਦਾ ਕਿ ਇਹ ਗੱਲ ਮੰਨੇ ਕਿ ਉਸ ਦੇ ਰਾਜ ‘ਚ ਪੁਲਿਸ ਵਧੀਕੀਆਂ ਹੋਈਆਂ । ਮਨਪ੍ਰੀਤ ਬਾਦਲ ਦੇ ਹਿਮਾਇਤੀਆਂ ਨੂੰ ਅਕਾਲੀ ਦਲ ਵਿੱਚ ਜਿਵੇਂ ਬਾਂਹ ਮਰੋੜ ਕੇ ਵਾਪਸ ਲਿਆਂਦਾ ਗਿਆ ਸੀ। ਉਹ ਮਿਸਾਲ ਹੈ।
ਤਰਨ ਤਾਰਨ ਚੋਣ ਦਾ ਸਾਰਾ ਸੇਕ ਹੁਣ ਕੰਚਨਪ੍ਰੀਤ ਵੱਲ ਹੋ ਗਿਆ ਹੈ ਜਾਂ ਉੱਨਾਂ ਸਰਪੰਚਾਂ ਵੱਲ ਜੋ ਬਾਠ ਦੇ ਕਰੀਬੀ ਨੇ। ਸ਼ਾਇਦ ਇਹ ਬਾਠ ਦੀ ਗਲਤੀ ਸੀ ਕਿ ਉਸਨੇ ਜ਼ਿਮਨੀ ਚੋਣ ਲੜਣ ਦਾ ਫੈਸਲਾ ਕੀਤਾ। ਹੁਣ ਸਰਕਾਰ ਦੀ ਮਜਬੂਰੀ ਬਣ ਗਈ ਹੈ ਕਿ ਬਾਠ ਦੇ ਹਿਮਾਇਤੀਆਂ ਨੂੰ ਤੋੜੇ। ਨਹੀੰ ਤਾਂ ਹਰਮੀਤ ਸੰਧੂ 2027 ‘ਚ ਨਹੀਂ ਜਿੱਤ ਸਕਦਾ।
ਮਨਿੰਦਰ ਸਿੰਘ ਵਰਗੇ ਨੌਜਵਾਨ ਅਫ਼ਸਰਾਂ ਨਾਲ ਹਮਦਰਦੀ ਹੈ। ਇਸ ਲਈ ਨਹੀਂ ਕਿ ਉਸ ਨੂੰ ਸਸਪੈਂਡ ਕੀਤਾ ਗਿਆ। ਇਹ ਤਾਂ ਚਲਦਾ ਰਹਿੰਦਾ ਹੈ। ਬਲਕਿ ਇਸ ਲਈ ਕਿ ਉੱਨਾਂ ਤੋਂ ਉਹੀ ਕੁੱਝ ਕਰਵਾਇਆ ਜਾ ਰਿਹਾ ਹੈ ਜੋ ਪੁਲਿਸ ਅੱਜ ਤੋਂ 30 ਸਾਲ ਪਹਿਲਾਂ ਰਹੀ ਸੀ । ਸਾਰੀਆਂ ਪਾਰਟੀਆਂ ਇਸ ਮਸਲੇ ‘ਤੇ ਇਕਜੁੱਟ ਹਨ ਕਿ ਪੁਲਿਸ ਦੀ ਦਹਿਸ਼ਤ ਨਹੀਂ ਟੁੱਟਣ ਦੇਣੀ। ਨੌਜਵਾਨ ਅਫਸਰਾਂ ਨੂੰ ਇਸ ਦਲਦਲ ‘ਚ ਧੱਕ ਦਿੱਤਾ ਗਿਆ ਹੈ।
Kamaldeep Singh Brar
ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ ਕਥਿਤ ਗੈਂਗ*ਸਟਰ ਅੰਮ੍ਰਿਤਪਾਲ ਸਿੰਘ ਬਾਠ ਦੇ ਪਿੰਡ ਮੀਆਂਪੁਰ ਤੋਂ ਇੱਕਪਾਸੜ 900 ਤੋਂ ਜ਼ਿਆਦਾ ਵੋਟਾਂ ਪਈਆਂ ਨੇ ਜਦੋਂ ਕਿ 12,000 ਵੋਟਾਂ ਨਾਲ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਮੀਆਂਪੁਰ ਤੋਂ ਸਿਰਫ 63 ਵੋਟਾਂ ਹੀ ਪਈਆਂ ਨੇ।
ਕੁੱਲ 222 ਬੂਥਾਂ ‘ਚੋਂ ਸੁਖਵਿੰਦਰ ਕੌਰ ਨੇ ਲੱਗਭੱਗ 65 ਤੋਂ 70 ਬੂਥਾਂ ‘ਤੇ ਲੀਡ ਲਈ । ਪਹਿਲੇ 3 ਰਾਊਂਡਾਂ ‘ਚ ਸੁਖਵਿੰਦਰ ਕੌਰ ਜਿਹੜੇ ਪਿੰਡਾਂ ‘ਚੋਂ ਅੱਗੇ ਚੱਲ ਰਹੀ ਸੀ ਉਹ ਵੀ ਜ਼ਿਆਦਾਤਰ ਮੀਆਂਪੁਰ ਦੇ ਆਲੇ ਸੁਆਲੇ ਦੇ ਹੀ ਪਿੰਡ ਨੇ।
ਸੁਖਵਿੰਦਰ ਕੌਰ ਨੂੰ ਮਿਲੀ ਵੋਟ ‘ਚ ਅੰਮ੍ਰਿਤਪਾਲ ਬਾਠ ਦੀ ਮੋਹਰ ਸਾਫ ਨਜ਼ਰ ਆਉਂਦੀ ਹੈ।
ਇਸੇ ਤਰਾਂ ਜਿਹੜੇ ਪਿੰਡ ਕੋਟ ਧਰਮ ਚੰਦ ਕਲਾਂ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ 10 ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਹੀ ਸੀ। ਉੱਥੋਂ ਵੀ ਹਰਮੀਤ ਸੰਧੂ ਹਾਰ ਗਿਆ।
ਪਰ ਸੋਨੂ ਚੀਮੇ ਦੇ ਪਿੰਡ ਚੀਮੇ ਕਲਾਂ ਤੋਂ ਹਰਮੀਤ ਸੰਧੂ ਦੀ ਜਿੱਤ ਉਵੇਂ ਹੀ ਇੱਕ ਪਾਸੜ ਰਹੀ ਜਿਵੇਂ ਸੁਖਵਿੰਦਰ ਕੌਰ ਰੰਧਾਵਾ ਦੀ ਮੀਆਂਪੁਰ ਤੋਂ। ਸੋਨੂੰ ਚੀਮੇ ਦੇ ਕਤਲ ਦਾ ਦੋਸ਼ ਪੁਲਿਸ ਅੰਮ੍ਰਿਤਪਾਲ ਬਾਠ ‘ਤੇ ਲਾਉਂਦੀ ਹੈ। ਬਾਠ ਨੇ ਵੀ ਇੱਕ ਵੀਡੀਓ ‘ਚ ਅਜਿਹਾ ਦਾਅਵਾ ਕੀਤਾ ਹੈ।
ਜਦੋਂ ਬਰੀਕੀ ਨਾਲ ਦੇਖਦੇ ਹਾਂ ਤਾਂ ਤਰਨ ਤਾਰਨ ਚੋਣ ਇੱਕ ਵਾਰ ਫੇਰ ਧੜਿਆਂ ਦੀ ਲੜਾਈ ਸੀ। ਪਰ ਇੰਨਾਂ ਧੜਿਆਂ ਦੀ ਲੜਾਈ ਨੂੰ ਮਘਾਉਣ ਵਾਲੀਆਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਨ।
ਦੋਵਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਦੋ ਵਿਰੋਧੀ ਧੜਿਆਂ ਦੇ ਉਮੀਦਵਾਰਾਂ ਨੂੰ ਬਾਹਰੋਂ ਲਿਆ ਕੇ ਟਿਕਟ ਦਿੱਤੀ ।
ਤਰਨ ਤਾਰਨ ਨਾਮ ਦੀ ਹੀ ਪੰਥਕ ਸੀਟ ਹੈ। 2002 ਤੋਂ ਲੈ ਕੇ 2017 ਤੱਕ ਇੱਥੇ ਹਰਮੀਤ ਸੰਧੂ ਜਿੱਤਦੇ ਰਹੇ। ਉੱਨਾਂ ਕਦੇ ਪੰਥਕ ਸਿਆਸਤ ਦੀ ਪੂਣੀ ਵੀ ਨਹੀਂ ਕੱਤੀ। ਧੜੇ ਪਾਲੇ ਤੇ ਜਿੱਤੇ।
ਧੜਿਆਂ ਦੀ ਸਿਆਸਤ ‘ਚ ਸੋਂਨੂੰ ਚੀਮੇ ਹੋਰਾਂ ਦੀ ਸਹਾਇਤਾ ਨਾਲ 2017 ‘ਚ ਕਾਂਗਰਸ ਦੇ ਧਰਮਵੀਰ ਅਗਨੀਹੋਤਰੀ ਸੀਟ ਜਿੱਤ ਗਏ । 2022 ‘ਚ ਕਸ਼ਮੀਰ ਸਿੰਘ ਸੋਹਲ ਦੀ ਜਿੱਤ ‘ਚ ਵੀ ਪੰਥਕ ਸਿਆਸਤ ਦੀ ਕੋਈ ਛਾਪ ਨਹੀਂ ਸੀ
ਅੱਜ ਦੇ ਨਤੀਜੇ ਵੀ ਉਸੇ ਲਗਾਤਾਰਤਾ ‘ਚ ਹਨ ।
ਕਾਂਗਰਸ ਅਤੇ ਅਜ਼ਾਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੀ ਮਾੜੀ ਚੋਣ ਮੁਹਿੰਮ ਨੇ ਤਰਨਤਾਰਨ ਸੀਟ ਦੀ ਰਵਾਇਤੀ ਧੜਿਆਂ ਦੀ ਸਿਆਸਤ ਨੂੰ ਹੋਰ ਤਕੜਾ ਕੀਤਾ।
ਨਸ਼ਾ ਤਰਨ ਤਾਰਨ ‘ਚ ਸੱਭ ਤੋਂ ਵੱਡਾ ਮੁੱਦਾ ਸੀ। ਪਰ ਸਿਰਫ ਲੋਕਾਂ ਲਈ। ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੇ ਇਸ ਨੂੰ ਮੁੱਦਾ ਨਹੀਂ ਬਣਾਇਆ ।
ਰਾਜਾ ਵੜਿੰਗ ਨੇ ਤਾਂ ਇਕ ਇਂਟਰਵਿਊ ‘ਚ ਇਹੀ ਕਹਿ ਦਿੱਤਾ ਕਿ ਨਸ਼ੇ ਤਾਂ ਖ਼ਤਮ ਨਹੀਂ ਹੋ ਸਕਦੇ।
ਦੂਜੇ ਪਾਸੇ ਮਨਦੀਪ ਸਿੰਘ ਖ਼ਾਲਸਾ ਦੀ ਚੋਣ ਮੁਹਿੰਮ ‘ਚ ਵੀ ਨਸ਼ਿਆਂ ਦਾ ਮੁੱਦਾ ਹੈਰਾਨੀਜਨਕ ਢੰਗ ਨਾਲ ਲੱਗਭੱਗ ਗਾਇਬ ਸੀ। ਇਸ ਦੇ ਬਾਵਜੂਦ ਲੱਗਭੱਗ 20,000 ਪੈ ਗਈ। ਇਹ ਵੋਟ ਵੀ ਸਿਰਫ ਜਜ਼ਬਾਤੀ ਸੀ।
ਧੜਿਆਂ ਦੇ ਗ਼ਲਬੇ ਨੂੰ ਕਿਸੇ ਮਜ਼ਬੂਤ ਮੁੱਦੇ ਨੂੰ ਮੂਹਰੇ ਕਰਕੇ ਹੀ ਤੋੜਿਆ ਜਾ ਸਕਦਾ ਸੀ। ਪਰ ਅਜਿਹੀ ਕੋਈ ਕੋਸ਼ਿਸ਼ ਨਹੀਂ ਹੋਈ।
Kamaldeep Singh Brar

Check Also

Simranjit Singh Mann’s Bizarre Remark on Sukhbir Badal

Simranjit Singh Mann’s Bizarre Remark on Sukhbir Badal ਹੁਣ ਸੁਖਬੀਰ ਬਾਦਲ ਦੀ ਦਾਹੜੀ ਵੀ ਕਿੱਡੀ …