ਕੀ ਜਥੇਦਾਰਾਂ ਦੀ ਵਿਵਾਦਗ੍ਰਸਤ ਬਰਖਾਸਤਗੀ ਅਤੇ ਨਿਯੁਕਤੀ ਦਾ ਮੁੱਦਾ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਿੱਥ ਕੇ ਕੀਤੀ ਗਈ ਬੇਅਦਬੀ ਨਾਲੋਂ ਜ਼ਿਆਦਾ ਵੱਡਾ ਹੈ?
ਭਾਜਪਾ ਦੇ ਭਾਈਵਾਲ ਬਾਬਾ ਹਰਨਾਮ ਸਿੰਘ ਧੁੰਮਾ ਜੀ ਜਥੇਦਾਰਾਂ ਵਾਲੇ ਮਾਮਲੇ ‘ਤੇ ਬਾਦਲ ਦਲ ਨਾਲ ਬੜੇ ਗੁੱਸੇ ਵਿੱਚ ਨਜ਼ਰ ਆ ਰਹੇ ਨੇ।
ਪਰ 2015 ਵਿੱਚ ਬੇਅਦਬੀਆਂ ਮੌਕੇ ਉਨ੍ਹਾਂ ਦਾ ਬਾਦਲਾਂ ਪ੍ਰਤੀ ਇਹੋ ਜਿਹਾ ਗੁੱਸਾ ਕਦੇ ਨਜ਼ਰ ਨਹੀਂ ਆਇਆ। ਉਲਟਾ ਚੌਂਕ ਮਹਿਤਾ ਟਕਸਾਲ ਦੇ ਬੰਦੇ ਬੇਅਦਬੀ ਦਾ ਦੋਸ਼ ਸਿੱਖ ਕਾਰਕੁੰਨਾਂ ਅਤੇ ਪ੍ਰਚਾਰਕਾਂ ਤੇ ਲਾਉਂਦੇ ਰਹੇ।
ਉਸ ਵੇਲੇ ਕੇਂਦਰੀ ਤੰਤਰ, ਇਸ ਦੇ ਟਿੱਪਣੀਕਾਰ, ਬਾਦਲ ਸਰਕਾਰ ਅਤੇ ਟਕਸਾਲ ਦੇ ਬੰਦੇ ਰਲ ਕੇ ਇਹ ਦੋਸ਼ ਸਿੱਖਾਂ ਸਿਰ ਲਾਉਂਦੇ ਰਹੇ। 2018 ਤੱਕ ਇਹ ਕੰਮ ਸਿੱਧਾ ਚੱਲਿਆ।
ਸਰਕਾਰੀ ਧਿਰਾਂ ਬੇਅਦਬੀ ਲਈ ਵਿਦੇਸ਼ ਬੈਠੇ ਖਾਲਿਸਤਾਨੀਆਂ ਨੂੰ ਦੋਸ਼ੀ ਦੱਸਦੀਆਂ ਰਹੀਆਂ ਤੇ ਟਕਸਾਲ ਦੇ ਬੰਦੇ ਸਥਾਨਕ ਸਿੱਖ ਕਾਰਕੁੰਨਾਂ ਅਤੇ ਪ੍ਰਚਾਰਕਾਂ ਖਿਲਾਫ ਪ੍ਰਚਾਰ ਕਰਦੇ ਰਹੇ। ਮਕਸਦ ਇੱਕੋ ਸੀ, ਸਿੱਖਾਂ ਸਿਰ ਸਵਾਹ ਪਾਉਣਾ ਅਤੇ ਦੁਨੀਆਂ ਨੂੰ ਇਹ ਦਿਖਾਉਣਾ ਕਿ ਸਿਆਸੀ ਮੰਤਵਾਂ ਲਈ ਸਿੱਖ ਖੁਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾ ਸਕਦੇ ਨੇ।
ਬਲਾਤਕਾਰੀ ਸਾਧ ਨੂੰ ਮਾਫੀ ਅਤੇ ਉਸ ਤੋਂ ਬਾਅਦ ਬੇਅਦਬੀਆਂ ਅਤੇ ਨਿਰਦੋਸ਼ ਸਿੱਖਾਂ ‘ਤੇ ਫਾਇਰਿੰਗ ਦੇ ਬਾਵਜੂਦ 2017, 2019, 2022 ਅਤੇ 2024 ਦੀਆਂ ਚੋਣਾਂ ਵਿੱਚ ਵੀ ਬਾਬਾ ਹਰਨਾਮ ਸਿੰਘ ਧੁੰਮਾ ਜੀ ਨੇ ਬਾਦਲ ਦਲ ਦਾ ਸਾਥ ਦਿੱਤਾ। ਇਸ ਮਾਮਲੇ ਵਿੱਚ ਉਨਾਂ ਦੀ ਅਗਵਾਈ ਵਾਲੇ ਸੰਤ ਸਮਾਜ ਵਿੱਚ ਸ਼ਾਮਿਲ ਹੋਰ ਡੇਰੇਦਾਰ ਅਤੇ ਸੰਪਰਦਾਵਾਂ ਵੀ ਸ਼ਾਮਿਲ ਸਨ।
ਗਿਆਨੀ ਗੁਰਬਚਨ ਸਿੰਘ ਨੇ ਬਲਾਤਕਾਰੀ ਸਾਧ ਨੂੰ ਮਾਫੀ ਦਿੱਤੀ ਪਰ ਜਿੰਨੀ ਦੇਰ ਤੱਕ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਜਥੇਦਾਰ ਲਾਈ ਰੱਖਿਆ, ਟਕਸਾਲ ਦੇ ਸੰਬੰਧ ਉਸ ਨਾਲ ਵਧੀਆ ਰਹੇ।
ਇਨ੍ਹਾਂ ਦੀ ਅਸਲ ਸਮੱਸਿਆ ਜਥੇਦਾਰ ਗਲਤ ਢੰਗ ਨਾਲ ਲਾਏ ਜਾਣੇ ਨਹੀਂ, ਉਹ ਇਹ ਹੈ ਕਿ ਨਵੇਂ ਜਥੇਦਾਰ ਇਨ੍ਹਾਂ ਤੋਂ ਪੁੱਛ ਕੇ ਨਹੀਂ ਲਾਏ ਗਏ ਤੇ ਸਭ ਤੋਂ ਵੱਡੀ ਗੱਲ ਉਹ ਮਿਸ਼ਨਰੀ ਕਾਲਜ ਦੇ ਪੜ੍ਹੇ ਹੋਏ ਨੇ, ਨਾ ਕਿ ਕਿਸੇ ਸੰਪਰਦਾ ਦੇ ਸਿਖਿਆਰਥੀ। ਪਿੱਛੇ ਜੁੜੀ ਤਾਰ ਬਾਰੇ ਕਿਸੇ ਹੋਰ ਵਿਆਖਿਆ ਦੀ ਲੋੜ ਨਹੀਂ।
ਜਿੰਨਾ ਗੁੱਸਾ ਉਹ ਜਥੇਦਾਰ ਲਾਉਣ ਦੇ ਮਾਮਲੇ ‘ਤੇ ਪ੍ਰਗਟਾ ਰਹੇ ਨੇ ਕਿ ਇਹੋ ਜਿਹਾ ਗੁੱਸਾ ਕਦੇ ਭਾਜਪਾ ਖਿਲਾਫ ਬਲਾਤਕਾਰੀ ਸਾਧ ਨੂੰ ਨੰਗੀ ਚਿੱਟੀ ਸਰਪ੍ਰਸਤੀ ਦੇਣ ਖਿਲਾਫ ਜ਼ਾਹਿਰ ਕੀਤਾ ਹੈ?
ਹੁਣ ਵੀ ਜਦੋਂ ਭਗਵੰਤ ਮਾਨ ਸਰਕਾਰ ਅਤੇ ਭਾਜਪਾ ਸ਼ਰੇਆਮ ਬੇਅਦਬੀ ਵਾਲੇ ਕੇਸਾਂ ਵਿੱਚ ਬਲਾਤਕਾਰੀ ਸਾਧ ਨੂੰ ਬਚਾ ਰਹੇ ਨੇ ਤਾਂ ਦਮਦਮੀ ਟਕਸਾਲ ਨੇ ਕੋਈ ਰੌਲਾ ਨਹੀਂ ਪਾਇਆ।
ਸਾਧ ਦੀ ਪੈਰੋਲ ‘ਤੇ ਰਿਹਾਈ ਬਾਰੇ ਮਾੜਾ ਮੋਟਾ ਬੋਲੇ ਹੋਣਗੇ ਜਦਕਿ ਅਸਲ ਮੁੱਦਾ ਉਸ ਖਿਲਾਫ ਬੇਅਦਬੀ ਕੇਸਾਂ ਅਤੇ ਮੌੜ ਧਮਾਕੇ ਦੇ ਕੇਸ ਨੂੰ ਅੱਗੇ ਚਲਾਉਣ ਦਾ ਹੋਣਾ ਚਾਹੀਦਾ ਹੈ। ਕੀ ਹੁਣ ਉਹ ਇਨ੍ਹਾਂ ਮਾਮਲਿਆਂ ਤੇ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕਰਨਗੇ?
ਹੁਣ ਵੀ ਜਥੇਦਾਰਾਂ ਵਾਲੇ ਮਾਮਲੇ ‘ਤੇ ਲੋਕਾਂ ਵਿਚਲੇ ਗੁੱਸੇ ਨੂੰ ਆਪਣੀ ਸਾਖ ਬਹਾਲ ਕਰਨ ਲਈ ਵਰਤਿਆ ਜਾ ਰਿਹਾ ਹੈ ਤੇ ਨਾਲ ਹੀ ਮਸਲੇ ਦੀ ਕਮਾਂਡ ਆਪਣੇ ਹੱਥ ਵਿਚ ਲੈਣ ਲਈ।
#Unpopular_Opinions
#Unpopular_Ideas
#Unpopular_Facts
ਜਥੇਦਾਰਾਂ ਨੂੰ ਘਟੀਆ ਢੰਗ ਨਾਲ ਕੱਢੇ ਜਾਣ ਤੋਂ ਪੈਦਾ ਹੋਏ ਜਾਇਜ਼ ਰੋਹ ਦਾ ਫਾਇਦਾ ਚੁੱਕਣ ਲਈ ਭਾਜਪਾ ਦੀ ਭਾਈਵਾਲ ਦਮਦਮੀ ਟਕਸਾਲ ਸਿੱਧੀ ਮੈਦਾਨ ਵਿੱਚ ਆ ਗਈ ਹੈ।
ਹਾਲੇ ਇੱਕ ਦਿਨ ਪਹਿਲਾਂ ਹੀ ਖਦਸ਼ਾ ਪ੍ਰਗਟਾਇਆ ਸੀ ਕਿ ਸਿੱਖ ਧਾਰਮਿਕ ਪ੍ਰਬੰਧ ਵਿੱਚ ਉਹੋ ਜਿਹੇ ਹਾਲਾਤ ਪੈਦਾ ਹੋ ਗਏ ਨੇ, ਜਿਹੋ ਜਿਹੇ ਪੰਜਾਬ ਵਿੱਚ ਰਾਜਨੀਤਿਕ ਤੌਰ ‘ਤੇ 2021-22 ਵਿੱਚ ਹੋਏ ਤੇ ਮੁਲਕ ਵਿੱਚ 2013-14 ਵਿੱਚ। 2014 ਵਿੱਚ ਕਾਂਗਰਸ ਸਰਕਾਰ ਖਿਲਾਫ ਗੁੱਸੇ ਦਾ ਸਾਰਾ ਫਾਇਦਾ ਆਰਐਸਐਸ-ਭਾਜਪਾ ਨੂੰ ਹੋਇਆ ਅਤੇ ਪੰਜਾਬ ਵਿੱਚ 2022 ਵਿੱਚ ਬਾਦਲਾਂ ਤੇ ਕਾਂਗਰਸ ਤੋਂ ਅੱਕੇ ਲੋਕਾਂ ਨੇ ਆਰਐਸਐਸ ਦੀ ਬੀ ਟੀਮ “ਆਪ” ਨੂੰ ਵੱਡੇ ਬਹੁਮਤ ਨਾਲ ਜਿਤਾ ਦਿੱਤਾ। ਭਗਵੰਤ ਮਾਨ ਤਾਂ ਹੁਣ ਸਿੱਧੀ ਹੀ ਕੇਂਦਰ ਸਰਕਾਰ ਦੀ ਨੀਤੀ ਪੰਜਾਬ ਵਿੱਚ ਲਾਗੂ ਕਰ ਰਿਹਾ ਹੈ।
2 ਦਸੰਬਰ ਦੇ ਆਦੇਸ਼ਾਂ ਨੂੰ ਲਾਗੂ ਨਾ ਕੀਤੇ ਜਾਣ ਅਤੇ ਹੁਣ ਜਥੇਦਾਰਾਂ ਦੇ ਮਾਮਲੇ ‘ਤੇ ਪੈਦਾ ਹੋਏ ਰੋਹ ਨੂੰ ਹੁਣ ਤੱਕ ਆਮ ਲੋਕਾਂ ਦਾ ਜਜ਼ਬਾ ਚਲਾ ਰਿਹਾ ਸੀ ਪਰ ਹੁਣ ਭਾਜਪਾ ਦੇ ਭਾਈਵਾਲ ਇਸ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣਗੇ।
ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ
ਸੁਖਬੀਰ ਸਿੰਘ ਬਾਦਲ ਦੇ ਟੋਲੇ ਤੋਂ ਬਾਅਦ ਜੇ ਮੌਜੂਦਾ ਹਾਲਾਤ ਲਈ ਕਿਸੇ ਦੀ ਜਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ ਤਾਂ ਉਹ ਗਿਆਨੀ ਰਘਬੀਰ ਸਿੰਘ ਦੀ ਹੈ।
ਦੋ ਦਸੰਬਰ ਦੇ ਆਦੇਸ਼ਾਂ ਨੂੰ ਲਾਗੂ ਕਰਾਉਣ ਦੀ ਸਭ ਤੋਂ ਜ਼ਿਆਦਾ ਜਿੰਮੇਵਾਰੀ ਉਨ੍ਹਾਂ ਦੀ ਸੀ।
ਸਾਰੇ ਸੁਹਿਰਦ ਤੇ ਵਿਦਵਾਨ ਸੱਜਣ ਇਸ ਗੱਲ ‘ਤੇ ਜ਼ੋਰ ਦੇ ਰਹੇ ਸਨ ਕਿ ਉਹ ਅਕਾਲੀ ਦਲ ਦੀ ਮੁੜ ਉਸਾਰੀ ਲਈ ਪੈਦਾ ਹੋਏ ਮਾਹੌਲ ਨੂੰ ਸਾਂਭਣ ਲਈ ਆਪਣੀ ਜਿੰਮੇਵਾਰੀ ਨਿਭਾਉਣ।
ਪਰ ਜਦੋਂ ਗਿਆਨੀ ਜੀ ਕੋਲ ਸਾਰੀ ਤਾਕਤ ਸੀ, ਸਾਰੇ ਇਨ੍ਹਾਂ ਵੱਲ ਵੇਖ ਰਹੇ ਸਨ, ਇਹ ਜਾਂ ਚੁੱਪ ਰਹੇ ਤੇ ਜਾਂ ਵਿੱਚੋਂ ਵਿਦੇਸ਼ ਚਲੇ ਗਏ।
ਜਦੋਂ ਸੁਖਬੀਰ ਦੇ ਟੋਲੇ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਅੱਗੇ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਸ਼ਿਕਾਰ ਖੇਡਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਵੀ ਗਿਆਨੀ ਰਘਬੀਰ ਸਿੰਘ ਦੁਬਿਧਾ ਦਾ ਸ਼ਿਕਾਰ ਰਹੇ।
ਜੇ ਉੱਚ ਅਹੁਦੇ ‘ਤੇ ਬੈਠੇ ਕਿਸੇ ਵਿਅਕਤੀ ਖਿਲਾਫ ਕੋਈ ਗੰਭੀਰ ਦੋਸ਼ ਹੋਣ ਤਾਂ ਉਨ੍ਹਾਂ ਦੀ ਪੜਤਾਲ ਚੁੱਪ ਚੁਪੀਤੇ ਕੀਤੀ ਜਾਂਦੀ ਹੈ ਤੇ ਜੇ ਕੋਈ ਸਿੱਟੇ ਬਹੁਤ ਗੰਭੀਰ ਵੀ ਹੋਣ ਤਾਂ ਵੀ ਕਾਰਵਾਈ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਅਹੁਦੇ ਦੀ ਇੱਜ਼ਤ ਨਾ ਘਟੇ।
ਪਰ ਵਿਰਸਾ ਸਿੰਘ ਵਲਟੋਹਾ ਦੀ ਇੱਛਾ ਮੁਤਾਬਿਕ ਸ਼੍ਰੋਮਣੀ ਕਮੇਟੀ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਇੱਜ਼ਤ ਨੂੰ ਸਾਰੀ ਦੁਨੀਆਂ ਵਿੱਚ ਛੱਜ ‘ਚ ਪਾ ਕੇ ਛੱਟਿਆ।
ਰਘੂਜੀਤ ਵਿਰਕ ਦੀ ਅਗਵਾਈ ਵਾਲੀ ਅਖੌਤੀ ਪੜਤਾਲੀਆ ਕਮੇਟੀ ਦੇ ਨਤੀਜੇ ਵਿੱਚ ਵੀ ਉਹੋ ਜਿਹਾ ਕੁਝ ਨਹੀਂ ਨਿਕਲਿਆ, ਜਿਸ ਦੇ ਦਾਅਵੇ ਬਾਦਲਾਂ ਦਾ ਆਈਟੀ ਸੈਲ ਕਰਦਾ ਰਿਹਾ ਤੇ ਹਾਲੇ ਵੀ ਕਰ ਕਰ ਰਿਹਾ ਹੈ।
ਗਿਆਨੀ ਰਘਬੀਰ ਸਿੰਘ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਰਗਾ ਹਸ਼ਰ ਵੀ ਨਹੀਂ ਚਾਹੁੰਦੇ ਸਨ ਪਰ ਉਨ੍ਹਾਂ ਨੇ ਲੋੜੀਂਦੀ ਜੁਅਰਤ ਵੀ ਨਹੀਂ ਦਿਖਾਈ।
ਜੇ ਸੁਖਬੀਰ ਦੇ ਟੋਲੇ ਨੇ ਉਨ੍ਹਾਂ ਦੀ ਬਲੀ ਲਈ ਹੈ ਤਾਂ ਇਹ ਖੁਦ ਉਨ੍ਹਾਂ ਦੀ ਆਪਣੀ ਕਮਜ਼ੋਰੀ ਕਰਕੇ ਸੰਭਵ ਹੋਇਆ।
ਹੁਣ ਉਹ ਆਪਣੀ ਜੁਅਰਤ ਉਦੋਂ ਦਿਖਾ ਰਹੇ ਨੇ, ਜਦੋਂ ਬਿਕਰਮ ਸਿੰਘ ਮਜੀਠੀਆ ਨੇ ਬਗਾਵਤ ਕੀਤੀ ਹੈ।
ਹੁਣ ਭਾਜਪਾ ਦੇ ਨੰਗੀ ਚਿੱਟੀ ਭਾਈਵਾਲ ਦਮਦਮੀ ਟਕਸਾਲ ਵੀ ਇਕਦਮ ਸਰਗਰਮ ਹੋ ਚੁੱਕੀ ਹੈ। ਮਜੀਠੀਆ ਅਤੇ ਬਾਬਾ ਧੁੰਮਾ ਜੀ ਦੇ ਗਠਜੋੜ ਦੀ ਬਗਾਵਤ ਨੂੰ ਸਿਰਫ ਧਰਮ ਦੀ ਧਿਰ ਨਾਲ ਖੜਨ ਵਜੋਂ ਨਹੀਂ ਵੇਖਿਆ ਜਾ ਸਕਦਾ।
ਅਕਾਲੀ ਦਲ ਨੂੰ ਮੁੜ ਤਕੜਿਆਂ ਕਰਨ ਅਤੇ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਬਹਾਲ ਕਰਨ ਦਾ ਇਤਿਹਾਸਿਕ ਮੌਕਾ ਗਵਾ ਕੇ ਹੁਣ ਟਿੱਪਣੀਆਂ ਕਰਨੀਆਂ ਸਿਰਫ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਠੀਕ ਸਿੱਧ ਕਰਨ ਦੀ ਕੋਸ਼ਿਸ਼ ਜਾਪਦੀ ਹੈ।
#Unpopular_Opinions
#Unpopular_Ideas
#Unpopular_Facts