AAP – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੇ ਲੱਗੀ ਗੋਲ਼ੀ, ਹੋਈ ਮੌਤ
ਮੋਗਾ ਜ਼ਿਲ੍ਹੇ ਦੇ ਪਿੰਡ ਭੋਡੀਵਾਲ ਦੀ ਭਾਟੇਵਾਲਾ ਬਸਤੀ ‘ਚ ਰਹਿੰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੌਜੂਦਾ ਸਰਪੰਚ ਦੀ ਸ਼ੱਕੀ ਹਾਲਾਤ ਵਿਚ ਗੋਲੀ ਲੱਗਣ ਕਾਰਣ ਮੌਤ ਹੋ ਗਈ। ਸੂਤਰਾਂ ਮੁਤਾਬਕ ਸਰਪੰਚ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ।
ਧਰਮਕੋਟ ਦੇ ਏ. ਐੱਸ. ਆਈ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਪਛਾਣ 28 ਸਾਲਾ ਜਸਵੰਤ ਸਿੰਘ ਵਾਸੀ ਭੋਡੀਵਾਲ ਵਜੋਂ ਹੋਈ ਹੈ। ਉਹ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ।
ਪੁਲਸ ਅਨੁਸਾਰ ਪਿਛਲੀ ਰਾਤ ਜਸਵੰਤ ਸਿੰਘ ਆਪਣੇ ਕਮਰੇ ਵਿਚ ਸੌਣ ਲਈ ਗਿਆ ਸੀ। ਸਵੇਰੇ ਪਰਿਵਾਰ ਵੱਲੋਂ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਜਦੋਂ ਉਸ ਨੇ ਜਵਾਬ ਨਾ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਤੋੜਿਆ। ਦਰਵਾਜ਼ਾ ਖੁੱਲ੍ਹਣ ‘ਤੇ ਉਨ੍ਹਾਂ ਨੇ ਦੇਖਿਆ ਕਿ ਸਰਪੰਚ ਕਮਰੇ ਵਿਚ ਮ੍ਰਿਤ ਪਿਆ ਸੀ ਅਤੇ ਉਸ ਦੇ ਨੇੜੇ .32 ਬੋਰ ਦਾ ਰਿਵਾਲਵਰ ਵੀ ਪਿਆ ਹੋਇਆ ਸੀ।
ਏ.ਐੱਸ.ਆਈ. ਜਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ ਹੈ, ਜਿੱਥੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੌਤ ਦੇ ਅਸਲ ਕਾਰਣਾਂ ਦੀ ਜਾਂਚ ਜਾਰੀ ਹੈ। ਸਰਪੰਚ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਛਾ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਜਸਵੰਤ ਸਿੰਘ ਮਿਲਣਸਾਰ ਅਤੇ ਲੋਕਾਂ ਦੇ ਕੰਮਾਂ ਵਿਚ ਹਮੇਸ਼ਾ ਅੱਗੇ ਰਹਿਣ ਵਾਲਾ ਵਿਅਕਤੀ ਸੀ।