Breaking News

ਹਰਚਰਨ ਬੈਂਸ ਦੀਆਂ ਢੁੱਚਰਾਂ ਦਾ ਖੋਖਲਾਪਨ

ਹਰਚਰਨ ਬੈਂਸ ਦੀਆਂ ਢੁੱਚਰਾਂ ਦਾ ਖੋਖਲਾਪਨ

ਜੇ ਬਾਦਲਦਲੀਆਂ ਦਾ ਬੌਧਿਕ ਖੋਖਲਾਪਣ ਅਤੇ ਬੇਈਮਾਨੀ ਵੇਖਣੀ ਹੋਵੇ ਤਾਂ ਦਲਜੀਤ ਸਿੰਘ ਚੀਮੇ ਤੋਂ ਬਾਅਦ ਹਰਚਰਨ ਬੈਂਸ ਦੀਆਂ ਤਾਜ਼ਾ ਇੰਟਰਵਿਊਜ਼ ਤੋਂ ਵੇਖੀ ਜਾ ਸਕਦੀ ਹੈ।
ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਉਦਾਹਰਨ ਦਿੱਤੀ।

ਮਹਾਰਾਜੇ ‘ਤੇ ਦੋਸ਼ ਨਿੱਜੀ ਕਿਸਮ ਦਾ ਸੀ, ਨਾ ਕਿ ਸਿੱਖਾਂ ਦਾ ਕੌਮੀ ਤੌਰ ‘ਤੇ ਅਤੇ ਸੰਸਥਾਵਾਂ ਦਾ ਮਿੱਥ ਕੇ ਅਥਾਹ ਨੁਕਸਾਨ ਕਰਨ ਦਾ। ਜਦਕਿ ਬਾਦਲਾਂ ‘ਤੇ ਦੋਸ਼ ਸਿੱਖਾਂ ਕੋਲੋਂ ਸਿਆਸੀ ਤਾਕਤ ਹਾਸਲ ਕਰਕੇ ਉਨ੍ਹਾਂ ਦੇ ਖਿਲਾਫ ਹੀ ਵਰਤਣ ਦਾ ਸੀ। ਇਸ ਦੇ ਨਾਲ ਹੀ ਸੰਸਥਾਵਾਂ ਦੀ ਤਬਾਹੀ ਦਾ।

ਮਹਾਰਾਜੇ ਨੇ ਗੁਰੂ ਸਾਹਿਬ ਦਾ ਸਵਾਂਗ ਰਚਨ ਵਾਲੇ ਕਿਹੜੇ ਦੋਸ਼ੀਆਂ ਨੂੰ ਬਰੀ ਕਰਾਇਆ ਸੀ ਜਾਂ ਬੇਅਦਬੀ ਲਈ ਇਨਸਾਫ ਮੰਗਣ ਵਾਲਿਆਂ ‘ਤੇ ਕਦੋਂ ਗੋਲੀ ਚਲਵਾਈ ਸੀ?
ਬੈਂਸ ਨੇ ਦਾਅਵਾ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਾਅਦ ਵਿੱਚ ਕਈ ਸਾਲ ਰਾਜ ਕੀਤਾ। ਮਹਾਰਾਜੇ ਦੇ ਕੇਸ ਨਾਲ ਸੁਖਬੀਰ ਸਿੰਘ ਬਾਦਲ ਦੀ ਤੁਲਨਾ ਕਰਨੀ ਸੇਬਾਂ ਦੀ ਤੁਲਨਾ ਸੰਤਰਿਆਂ ਨਾਲ ਕਰਨ ਵਾਂਗ ਹੈ। ਇਹ ਕੰਮ ਕੋਈ ਹਰਚਰਨ ਬੈਂਸ ਵਰਗਾ ਮਹਾਂ-ਵਿਦਵਾਨ ਹੀ ਕਰ ਸਕਦਾ ਹੈ।

ਅਕਾਲ ਤਖਤ ਤੋਂ ਕਿਹਾ ਗਿਆ ਕਿ ਇਹ ਲੀਡਰਸ਼ਿਪ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਹੱਕ ਗਵਾ ਚੁੱਕੀ ਹੈ, ਪਰ ਉਸਨੇ ਇਹ ਦਾਅਵਾ ਕੀਤਾ ਹੈ ਕਿ ਧਾਰਮਿਕ ਤਨਖਾਹ ਭੁਗਤਣ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਨੈਤਿਕਤਾ ਦੁਬਾਰਾ ਹਾਸਿਲ ਕਰ ਲਈ।

ਉਸ ਨੇ ਆਪਣੀ ਇੰਟਰਵਿਊਆਂ ਵਿੱਚ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੋਰ ਕੋਈ ਵੀ ਬੰਦਾ ਅਕਾਲ ਤਖਤ ਦਾ ਸਪੋਕਸਮੈਨ ਨਹੀਂ ਬਣ ਸਕਦਾ। ਪਰ ਖੁਦ ਅਕਾਲ ਤਖਤ ਦੇ ਹੁਕਮਨਾਮੇ ਦੀ ਇਸ ਤਰ੍ਹਾਂ ਦੀ ਆਪਹੁਦਰੀ ਅਤੇ ਘਟੀਆ ਵਿਆਖਿਆ ਕਰ ਮਾਰੀ।

ਬੈਂਸ ਨੇ ਇਹ ਦਾਅਵਾ ਵੀ ਕੀਤਾ ਕਿ ਸੁਖਬੀਰ ਨੇ ਆਪਣੀ ਸਫਾਈ ਵਿੱਚ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਲਈ ਮਜਬੂਰ ਕੀਤਾ ਗਿਆ।
ਸਚਾਈ ਇਹ ਹੈ ਕਿ ਸੁਖਬੀਰ ਨੇ ਕਿਤੇ ਵੀ ਸਫਾਈ ਦੇਣ ਦੀ ਜਾਂ ਘਟਨਾਵਾਂ ਦਾ ਵਿਸਥਾਰ ਦੱਸਣ ਦੀ ਨਾ ਅਕਾਲ ਤਖਤ ‘ਤੇ ਹਾਜ਼ਰੀ ਵੇਲੇ ਅਤੇ ਨਾ ਬਾਅਦ ਵਿੱਚ ਅੱਜ ਤੱਕ ਕੋਈ ਕੋਸ਼ਿਸ਼ ਕੀਤੀ ਹੈ। ਉਸਨੇ ਅਕਾਲ ਤਖਤ ‘ਤੇ ਵੀ ਸਿਰਫ ਇੰਨਾ ਹੀ ਕਿਹਾ ਸੀ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਪਵਾਉਣਾ। ਉਸ ਦੇ ਇਹ ਗੋਲ-ਮੋਲ ਜਵਾਬ ਤੋਂ ਬਾਅਦ ਜਥੇਦਾਰਾਂ ਨੇ ਕਿਹਾ ਕਿ ਉਹ ਪੁੱਛੇ ਜਾਣ ਵਾਲੇ ਸਵਾਲਾਂ ਦਾ ਜਵਾਬ ਹਾਂ ਜਾਂ ਨਾਂਹ ਵਿੱਚ ਦੇਵੇ।

ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਵਾਪਸ ਲਏ ਜਾਣ ਦੇ ਕਦਮ ‘ਤੇ ਸਵਾਲ ਚੁੱਕਦਿਆਂ ਉਸਨੇ ਦਾਅਵਾ ਕੀਤਾ ਕਿ ਜਦੋਂ ਸਾਰੇ ਦੋਸ਼ ਸੁਖਬੀਰ ਸਿੰਘ ਬਾਦਲ ‘ਤੇ ਹੀ ਤੈਅ ਹੋ ਗਏ ਤਾਂ ਵੱਡਾ ਬਾਦਲ ਕਿਵੇਂ ਜਿੰਮੇਵਾਰ ਕਿਵੇਂ ਹੋਇਆ।

ਕਿੰਨੀ ਥੋਥੀ ਦਲੀਲ ਹੈ।
ਸੁਖਬੀਰ ਬਾਦਲ ਦੇ ਇਹ ਗੁਨਾਹ ਮੰਨਣ ਨਾਲ ਸਗੋਂ ਸਾਬਤ ਹੋ ਗਿਆ ਕਿ ਇਹ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਨਾਲ ਅਤੇ ਅਗਵਾਈ ਵਿੱਚ ਹੋਇਆ। ਆਮ ਬੰਦੇ ਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਪਰ ਬੈਂਸ ਸਾਹਿਬ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਜੋ ਕੁਝ ਵੀ ਮੂੰਹੋਂ ਬੋਲ ਦਿੱਤਾ, ਉਹ ਲੋਕਾਂ ਨੇ “ਸੱਤ ਵਚਨ” ਕਹਿ ਕੇ ਮੰਨ ਲੈਣਾ ਹੈ, ਇਸ ਲਈ ਉਹ ਜਿੰਨੀ ਮਰਜ਼ੀ ਝੂਠੀ ਜਾ ਥੋਥੀ ਦਲੀਲ ਦੇ ਲੈਣ।
ਆਪਣੀ ਇੱਕ ਇੰਟਰਵਿਊ ਵਿੱਚ ਇਨ੍ਹਾਂ ਸਾਰੇ ਗੁਨਾਹਾਂ ਲਈ ਕੈਬਨਿਟ ਦੀ ਸਮੂਹਿਕ ਜਿੰਮੇਵਾਰੀ ਦਾ ਦਾਅਵਾ ਵੀ ਕੀਤਾ। ਹਾਲਾਂਕਿ ਅਕਾਲ ਤਖਤ ਤੋਂ ਪੜ੍ਹੇ ਗਏ ਦੋਸ਼, ਜਿਹੜੇ ਕਿ ਬਾਦਲਾਂ ਦੇ ਫੈਸਲਿਆਂ ਬਾਰੇ ਸਨ, ਉਨ੍ਹਾਂ ਵਿੱਚ ਕਿਤੇ ਵੀ ਕੈਬਿਨੇਟ ਦਾ ਰੋਲ ਨਹੀਂ ਸੀ।

ਕੀ ਬੈਂਸ ਦੱਸ ਸਕਦਾ ਹੈ ਕਿ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ ਦਾ ਫੈਸਲਾ ਜਾਂ ਬਲਾਤਕਾਰੀ ਸਾਧ ਨੂੰ ਬੇਅਦਬੀ ਵਾਲੇ ਕੇਸ ਵਿੱਚੋਂ ਬਰੀ ਕਰਾਉਣ ਵਾਲਾ ਫੈਸਲਾ ਕਿਸ ਕੈਬਨਿਟ ਨੇ ਪਾਸ ਕੀਤਾ ਸੀ?
ਪਰ ਬੈਂਸ ਦੇ ਮੁਤਾਬਿਕ ਬਾਕੀ ਮੰਤਰੀ ਤਾਂ ਜਿੰਮੇਵਾਰ ਹੋ ਗਏ ਪਰ ਮੁੱਖ ਮੰਤਰੀ ਗੁਨਾਹਾਂ ਤੋਂ ਮੁਕਤ ਹੋ ਗਿਆ।

ਬੈਂਸ ਦੀਆਂ ਦਲੀਲਾਂ ਸਿਰਫ ਥੋਥੀਆਂ ਨਹੀਂ, ਝੂਠੀਆਂ ਤੇ ਬੇਬੁਨਿਆਦ ਵੀ ਹਨ।
ਬੈਂਸ ਨੇ ਵਾਰ-ਵਾਰ ਦਾਅਵਾ ਕੀਤਾ ਕਿ ਅਕਾਲ ਤਖਤ ਦੇ ਜਥੇਦਾਰ ਨੇ ਅਕਾਲੀ ਦਲ ਵੱਲੋਂ ਹਦਾਇਤਾਂ ਮੰਨੇ ਜਾਂ ਨਾ ਮੰਨੇ ਜਾਣ ਬਾਰੇ ਕੁਝ ਨਹੀਂ ਕਿਹਾ ਤੇ ਇਸ ਬਾਰੇ ਸਿਰਫ ਸੁਧਾਰ ਲਹਿਰ ਵਾਲੇ ਜਾਂ ਪੱਤਰਕਾਰ ਹੀ ਰੌਲਾ ਪਾ ਰਹੇ ਨੇ।

ਕੀ ਬੈਂਸ ਇਹ ਦੱਸ ਸਕਦੇ ਨੇ ਕਿ ਗਿਆਨੀ ਰਘਵੀਰ ਸਿੰਘ ਦੇ ਇਸ ਬਿਆਨ ਅਕਾਲੀ ਦਲ ਕੋਈ ਆਨਾ ਕਾਨੀ ਨਾ ਕਰੇ, ਦਾ ਕੀ ਮਤਲਬ ਹੈ?

ਉਸਨੇ ਇਹ ਵੀ ਕਿਹਾ ਕਿ ਜਥੇਦਾਰ ਖੁਦ ਕੁਝ ਉੱਘੇ ਸਿੱਖ ਵਕੀਲਾਂ ਦੀ ਸਲਾਹ ਲੈ ਸਕਦੇ ਨੇ। ਪਰ ਬਾਦਲ ਦਲ ਨੇ ਖੁਦ ਤਾਂ ਆਪਣੇ ਹੀ ਕਾਰਜ ਕਾਲ ਵਿੱਚ ਐਡਵੋਕੇਟ ਜਨਰਲ ਰਹੇ ਅਸ਼ੋਕ ਅਗਰਵਾਲ ਦੀ ਸਲਾਹ ਲਈ ਹੈ ਤੇ ਉਹ ਹੀ ਜਥੇਦਾਰ ਨੂੰ ਦਿੱਤੀ ਹੈ। ਸੀਨੀਅਰ ਸਿੱਖ ਵਕੀਲ ਬਾਦਲਦਲੀਆਂ ਨੂੰ ਕਿਉਂ ਨਹੀਂ ਦਿਸੇ? ਸਾਫ ਗੱਲ ਹੈ ਉਨ੍ਹਾਂ ਦੀ ਸਲਾਹ ਇਨ੍ਹਾਂ ਦੇ ਸੂਤ ਨਹੀਂ ਬੈਠਦੀ।

ਉਸਨੇ ਗਿਆਨੀ ਹਰਪ੍ਰੀਤ ਸਿੰਘ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ‘ਤੇ ਵੀ ਸਵਾਲ ਚੁੱਕਿਆ। ਪਰ ਉਹੀ ਡੇਰਾ ਮੁਖੀ ਸੁਖਬੀਰ ਸਿੰਘ ਬਾਦਲ ਦੇ ਘਰ ਵੀ ਗਏ। ਉਨ੍ਹਾਂ ਨਾਲ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਦੀ ਖਾਸ ਨੇੜਤਾ ਰਹੀ ਅਤੇ ਆਪਣੀ ਸਰਕਾਰ ਦੌਰਾਨ ਉਨ੍ਹਾਂ ਨੇ ਡੇਰੇ ਤੇ ਬਹੁਤ ਵੱਡੇ ਫਾਇਦੇ ਵੀ ਕਰਾਏ।

ਨਰਾਇਣ ਸਿੰਘ ਚੌੜਾ ਵਾਲੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਾਰੀ ਗਈ ਯੂ ਟਰਨ ਨੂੰ ਜਸਟੀਫਾਈ ਕਰਨ ਲਈ ਬੈਂਸ ਨੇ ਇਹ ਦਾਅਵਾ ਵੀ ਕੀਤਾ ਕਿ ਪੰਜਾਂ ਪਿਆਰਿਆਂ ਦੇ ਕਹਿਣ ‘ਤੇ ਗੁਰੂ ਸਾਹਿਬ ਨੇ ਆਪਣੇ ਫੈਸਲੇ ਬਦਲੇ।

ਬੈਂਸ ਅਤੇ ਬਾਕੀ ਦੇ ਬਾਦਲਦਲੀਏ ਦੱਸਣ ਕਿ ਪੰਜਾਂ ਪਿਆਰਿਆਂ ਦੇ ਕਹਿਣ ‘ਤੇ ਗੁਰੂ ਸਾਹਿਬ ਨੇ ਆਪਣਾ ਕਿਹੜਾ ਫੈਸਲਾ ਬਦਲਿਆ ਸੀ? ਚਮਕੌਰ ਦੀ ਗੜ੍ਹੀ ਵਾਲੀ ਇੱਕ ਘਟਨਾ ਹੈ। ਉਸ ਦੀ ਤੁਲਨਾ ਸ਼੍ਰੋਮਣੀ ਕਮੇਟੀ ਦੀ ਚੌੜਾ ਦੇ ਮਾਮਲੇ ‘ਤੇ ਘਟੀਆ ਕਾਰਗੁਜ਼ਾਰੀ ਨਾਲ ਕਿਵੇਂ ਹੋ ਸਕਦੀ ਹੈ?

ਫਿਰ ਉਸਨੇ ਇਹ ਕਹਿਣ ਦੀ ਵੀ ਹਿਮਾਕਤ ਕੀਤੀ ਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਬੇਦਾਵਾ ਵੀ ਨਾ ਫਟਦਾ। ਬੇਦਾਵਾ ਦੇਣ ਵਾਲਿਆਂ ਨੇ ਸ਼ਹੀਦੀਆਂ ਦੇ ਕੇ ਬੇਦਾਵਾ ਪੜਵਾਇਆ। ਬੇਦਾਵਾ ਪਾੜਨ ਵਾਲੀ ਘਟਨਾ ਦੀ ਤੁਲਨਾ ਕਿਸੇ ਵੀ ਤਰ੍ਹਾਂ ਬਾਦਲਦਲੀਆਂ ਦੀ ਮੌਜੂਦਾ ਕਬਜ਼ਾਧਾਰੀ ਮਾਨਸਿਕਤਾ ਤੇ ਸਿਆਸਤ ਨਾਲ ਕੀਤੀ ਜਾ ਸਕਦੀ ਹੈ?

ਹਰਚਰਨ ਬੈਂਸ ਦੀਆਂ ਦੋਵੇਂ ਇੰਟਰਵਿਊਜ਼ ਵੇਖ ਕੇ ਸਮਝਿਆ ਜਾ ਸਕਦਾ ਹੈ ਕਿ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਹੋਣ ਤੋਂ ਬਾਅਦ ਇਸ ਪਾਰਟੀ ਨੂੰ ਬੌਧਿਕ ਤੌਰ ‘ਤੇ ਕਿਵੇਂ ਖਾਲੀ ਅਤੇ ਬੇਈਮਾਨ ਕੀਤਾ ਗਿਆ।

ਅਕਾਲੀ ਲੀਡਰਸ਼ਿਪ ਨੂੰ ਸਿੱਖਾਂ ਤੋਂ ਦੂਰ ਕਰਨ ਵਾਲੇ “ਸਲਾਹਕਾਰ” ਹਾਲੇ ਵੀ ਡਟੇ ਹੋਏ ਹਨ। ਲੀਡਰਸ਼ਿਪ ਇਹ ਦੇਖ ਹੀ ਨਹੀਂ ਰਹੀ।

*ਬੈਂਸ ਦੀਆਂ ਇੰਟਰਵਿਊਜ਼ ਦੇ ਲਿੰਕ

#Unpopular_Opinions
#Unpopular_Ideas
#Unpopular_Facts