Breaking News

India – ਮੱਧ ਪ੍ਰਦੇਸ਼ ਵਿਚ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ, ਮੁਲਜ਼ਮ ਗ੍ਰਿਫ਼ਤਾਰ

India – ਮੱਧ ਪ੍ਰਦੇਸ਼ ਵਿਚ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਨਾਲ ਛੇੜਛਾੜ.
ਮੁਲਜ਼ਮ ਗ੍ਰਿਫ਼ਤਾਰ

ਆਈ ਸੀ ਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ ਆਸਟਰੇਲੀਆ ਦੀਆਂ ਦੋ ਮਹਿਲਾ ਕ੍ਰਿਕਟਰਾਂ ਦਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਕਥਿਤ ਤੌਰ ’ਤੇ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ’ਚੋਂ ਇਕ ਨਾਲ ਮੋਟਰਸਾਈਕਲ ਸਵਾਰ ਨੇ ਛੇੜਛਾੜ ਕੀਤੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਖਜਰਾਨਾ ਰੋਡ ਇਲਾਕੇ ਵਿੱਚ ਵੀਰਵਾਰ ਨੂੰ ਸਵੇਰੇ ਹੋਈ ਇਸ ਘਟਨਾ ਦੇ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ।

 

 

 

 

 

 

 

ਸਬ-ਇੰਸਪੈਕਟਰ ਨਿਧੀ ਰਘੂਵੰਸ਼ੀ ਨੇ ਦੱਸਿਆ ਕਿ ਦੋਵੇਂ ਕ੍ਰਿਕਟਰ ਆਪਣੇ ਹੋਟਲ ਤੋਂ ਬਾਹਰ ਨਿਕਲੀਆਂ ਅਤੇ ਕੈਫੇ ਵੱਲ ਜਾ ਰਹੀਆਂ ਸਨ ਤਾਂ ਮੋਟਰਸਾਈਕਲ ਸਵਾਰ ਸ਼ਖ਼ਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰਘੂਵੰਸ਼ੀ ਮੁਤਾਬਕ, ਉਸ ਸ਼ਖ਼ਸ ਨੇ ਉਨ੍ਹਾਂ ’ਚੋਂ ਇਕ ਕ੍ਰਿਕਟਰ ਨੂੰ ਕਥਿਤ ਤੌਰ ’ਤੇ ਗ਼ਲਤ ਢੰਗ ਨਾਲ ਛੂਹਿਆ ਅਤੇ ਭੱਜ ਗਿਆ। ਦੋਵੇਂ ਕ੍ਰਿਕਟਰਾਂ ਨੇ ਆਪਣੀ ਟੀਮ ਦੇ ਸੁਰੱਖਿਆ ਅਧਿਕਾਰੀ ਡੈਨ ਸਿਮਨਜ਼ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਥਾਨਕ ਸੁਰੱਖਿਆ ਸੰਪਰਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਮਦਦ ਲਈ ਵਾਹਨ ਭੇਜਿਆ।

 

 

 

 

 

ਸਹਾਇਕ ਪੁਲੀਸ ਕਮਿਸ਼ਨਰ ਹਿਮਾਨੀ ਮਿਸ਼ਰਾ ਨੇ ਦੋਵੇਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਐੱਮ ਆਈ ਜੀ ਥਾਣੇ ’ਚ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 74 (ਮਹਿਲਾ ਦਾ ਮਾਣ-ਸਨਮਾਨ ਭੰਗ ਕਰਨ ਲਈ ਅਪਰਾਧਿਕ ਬਲ ਦਾ ਇਸਤੇਮਾਲ) ਅਤੇ ਧਾਰਾ 78 (ਪਿੱਛਾ ਕਰਨਾ) ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਰਾਹਗੀਰ ਨੇ ਸ਼ੱਕੀ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ, ਜਿਸ ਆਧਾਰ ’ਤੇ ਮੁਲਜ਼ਮ ਨੂੰ ਫੜ ਲਿਆ ਗਿਆ। ਉਸ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ। ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਮ ਪੀ ਸੀ ਏ) ਨੇ ਆਸਟਰੇਲਿਆਈ ਮਹਿਲਾ ਕ੍ਰਿਕਟਰਾਂ ਦਾ ਕਥਿਤ ਤੌਰ ’ਤੇ ਪਿੱਛਾ ਕਰਨ ਅਤੇ ਉਨ੍ਹਾਂ ਨਾਲ ਵਾਪਰੀ ਛੇੜਛਾੜ ਦੀ ਘਟਨਾ ’ਤੇ ਡੂੰਘਾ ਦੁੱਖ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

 

 

 

 

 

 

 

 

ਇਸੇ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਕੁਨਾਲ ਘੋਸ਼ ਨੇ ਕਿਹਾ, ‘‘ਦੋ ਆਸਟਰੇਲਿਆਈ ਖਿਡਾਰਨਾਂ ਨਾਲ ਹੋਈ ਛੇੜਛਾੜ ਦੀ ਘਟਨਾ ਨੇ ਸਾਡਾ ਸਿਰ ਸਮੁੱਚੀ ਦੁਨੀਆ ਅੱਗੇ ਨੀਵਾਂ ਕਰ ਦਿੱਤਾ ਹੈ।’’

 

 

 

 

 

 

 

 

 

 

ਸੁਰੱਖਿਆ ਹੋਰ ਸਖ਼ਤ ਕਰਾਂਗੇ: ਸੈਕੀਆ
ਇੰਦੌਰ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਸਟਰੇਲਿਆਈ ਦੀਆਂ ਦੋ ਕ੍ਰਿਕਟਰਾਂ ਨਾਲ ਹੋਈ ਛੇੜਛਾੜ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਵਿਸ਼ਵ ਕੱਪ ਦੇ ਨੌਕਆਊਟ ਗੇੜ ਤੋਂ ਪਹਿਲਾਂ ਸੁਰੱਖਿਆ ਪ੍ਰੋਟੋਕਾਲ ’ਤੇ ਮੁੜ ਤੋਂ ਵਿਚਾਰ ਕਰਨ ਅਤੇ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਦਾ ਵਾਅਦਾ ਕੀਤਾ। ਬੀ ਸੀ ਸੀ ਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ, ‘‘ਇਹ ਬਹੁਤ ਨਿੰਦਣਯੋਗ ਘਟਨਾ ਹੈ। ਭਾਰਤ ਆਪਣੀ ਮਹਿਮਾਨ ਨਵਾਜ਼ੀ ਲਈ ਮਸ਼ਹੂਰ ਹੈ। ਅਸੀਂ ਅਜਿਹੀਆਂ ਘਟਨਾਵਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜੇਕਰ ਲੋੜ ਪਈ ਤਾਂ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਲਈ ਅਸੀਂ ਆਪਣੇ ਸੁਰੱਖਿਆ ਪ੍ਰੋਟੋਕਾਲ ’ਤੇ ਮੁੜ ਤੋਂ ਵਿਚਾਰ ਕਰਾਂਗੇ।’’

Check Also

Defamation Case – ਮਾਣਹਾਨੀ ਕੇਸ: ਬਠਿੰਡਾ ਅਦਾਲਤ ਵੱਲੋਂ ਕੰਗਨਾ ਰਣੌਤ ਨੂੰ ਜ਼ਮਾਨਤ , ਕੰਗਨਾ ਨੇ ਮੰਗੀ ਮਾਫੀ

Kangana Ranaut Apologizes in Bathinda Amid Defamation Row       BJP MP Kangana Ranaut …