Diljit Dosanjh News: ਦਿਲਜੀਤ ਦੁਸਾਂਝ ਦੇ ਸ਼ੋਅ ’ਚ ਉੱਚੀ ਆਵਾਜ਼ ’ਚ ਵਜਿਆ ਮਿਊਜ਼ਿਕ, ਹੋਵੇਗੀ ਕਾਰਵਾਈ
Diljit Dosanjh News:93 ਡੈਸਬੀਲ ’ਤੇ ਵੱਜਿਆ ਮਿਉਜ਼ਿਕ, 75 ਡੈਸੀਬਲ ਦੀ ਸੀ ਇਜਾਜ਼ਤ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਵਿਖੇ ਹੋਏ ਕਾਨਸਰਟ ਦੌਰਾਨ ਉੱਚੀ ਆਵਾਜ਼ ਵਿਚ ਸੰਗੀਤ ਵਜਿਆ, ਜਿਸ ਕਾਰਨ ਯੂਟੀ ਪ੍ਰਸ਼ਾਸਨ ਨੇ ਸੈਕਟਰੀ ਇਨਵਾਇਰਮੇਂਟ ਨੂੰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਸਿਫ਼ਾਰਸ਼ ਕਰ ਦਿਤੀ ਹੈ। ਸ਼ੋਅ ਵਿਚ ਮਿਊਜ਼ਿਕ 75 ਡੈਸੀਬਲ ਆਵਾਜ਼ ਪੱਧਰ ਤਕ ਹੀ ਵਜਾਇਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਮੁਤਾਬਕ ਸੰਗੀਤ ਦਾ ਪੱਧਰ ਤੈਅ ਸੀਮਾ ਤੋਂ ਵੱਧ ਰਿਹਾ ਅਤੇ ਇਹ ਪੱਧਰ 93 ਡੈਸੀਬਲ ਤਕ ਜਾ ਪਹੁੰਚਿਆ। ਇਹ ਜਾਣਕਾਰੀ ਪ੍ਰਸ਼ਾਸਨ ਨੇ ਹਾਈ ਕੋਰਟ ਵਿਚ ਦਾਖ਼ਲ ਕੀਤੀ।
ਯੂਟੀ ਚੰਡੀਗੜ੍ਹ ਨੇ ਹਾਈ ਨੂੰ ਦਸਿਆ ਕਿ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਵਿਚ ਸ਼ੋਰ ਸੀਮਾ ਦੀ ਉਲੰਘਣਾ ਕੀਤੀ ਗਈ ਸੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁਧ ‘ਸਖ਼ਤ ਕਾਰਵਾਈ’ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ, ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਖੇਤਰਪਾਲ ਦੇ ਬੈਂਚ ਨੇ ਮਾਮਲੇ ਦੀ ਕੋਈ ਜਲਦਬਾਜ਼ੀ ਨਾ ਹੋਣ ਦੀ ਗੱਲ ਆਖਦਿਆਂ ਸੁਣਵਾਈ ਜਨਵਰੀ ਦੇ ਪਹਿਲੇ ਹਫ਼ਤੇ ਤਕ ਮੁਲਤਵੀ ਕਰ ਦਿਤੀ ਹੈ।
ਚੰਡੀਗੜ੍ਹ ਦੇ ਰਣਜੀਤ ਸਿੰਘ ਨੇ ਲੋਕਹਿਤ ਪਟੀਸ਼ਨ ਵਿਚ ਕਿਹਾ ਸੀ ਕਿ ਚੰਡੀਗੜ੍ਹ ਵਿਚ ਸੰਗੀਤ ਸਮਾਰੋਹ ਲਈ ਟਰੈਫ਼ਿਕ ਪ੍ਰਬੰਧਨ, ਭੀੜ ਨਿਯੰਤਰਣ, ਸ਼ੋਰ ਪ੍ਰਦੂਸ਼ਣ ਆਦਿ ਬਾਰੇ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਲਈ ਯੂਟੀ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਇਸ ਬਾਰੇ ਦਿਤੇ ਹੁਕਮ ਦੀ ਪਾਲਣਾ ਦੀ ਰਿਪੋਰਟ ਯੂਟੀ ਪ੍ਰਸ਼ਾਸਨ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਅਮਿਤ ਝਾਂਜੀ ਨੇ ਦਿੰਦਿਆਂ ਕਿਹਾ ਕਿ ਸਬੰਧਤ ਨਿਯਮਾਂ ਅਤੇ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਗਏ ਸਨ ਅਤੇ ਸਮਾਰੋਹ ਦੀ ਨਿਗਰਾਨੀ ਕਰਨ ਲਈ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦਸਿਆ ਕਿ ਉਲੰਘਣਾ ਕਰਨ ਵਾਲਿਆਂ ਨੂੰ ‘ਕਾਰਨ ਦੱਸੋ ਨੋਟਿਸ’ ਭੇਜਿਆ ਗਿਆ ਹੈ। ਆਯੋਜਕਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਅਕਸ਼ੈ ਭਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ‘ਬਹੁਤ ਪ੍ਰਬੰਧ’ ਕੀਤੇ ਸੀ ਅਤੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਹੈ।