Breaking News

ਆਜ਼ਾਦੀ ਘੁਲਾਟੀਏ ਦਾ ਟੱਬਰ ਮਾਰਨ ਵਾਲਾ ਬੁੱਚੜ ਇੰਸਪੈਕਟਰ ਦੋਸ਼ੀ ਕਰਾਰ

ਆਪਣੇ ਅਜ਼ਾਦੀ ਘੁਲਾਟੀਏ ਪਿਤਾ, ਲੈਕਚਰਾਰ ਪਤੀ ਅਤੇ ਪੁੱਤਰ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਗੁਆਉਣ ਵਾਲੀ 82 ਸਾਲਾ ਬਜ਼ੁਰਗ ਦਾ ਕਹਿਣਾ ਹੈ ਕਿ ਉਹ ਇਨਸਾਫ਼ ਲੈਣ ਲਈ ਜ਼ਿੰਦਾ ਰਹੀ।

ਇੰਸਪੈਕਟਰ ਦੋਸ਼ੀ ਕਰਾਰ, ਜਿਸਨੂੰ ਬਚਾਉਣ ਲਈ ਅੱਗੇ ਸਟੇਟ ਪੂਰਾ ਜ਼ੋਰ ਲਾਵੇਗੀ। ਦੂਜੇ ਪਾਸੇ ਇਨ੍ਹਾਂ ਸਾਰਿਆਂ ਨੂੰ ਮਾਰਨ ਦੀ ਖੁੱਲ੍ਹ ਦੇਣ ਅਤੇ ਬਚਾਉਣ ਵਾਲੀ ਸਟੇਟ ਸਾਫ ਬਰੀ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਅਜ਼ਾਦੀ ਦੇ ਘੁਲਾਟੀਏ ਤੇ ਉਨ੍ਹਾਂ ਦੇ ਜਵਾਈ ਦੇ ਲਾਪਤਾ ਕੇਸ ‘ਚ ਸਾਬਕਾ ਥਾਣਾ ਮੁਖੀ ਦੋਸ਼ੀ ਕਰਾਰ, ਲਾਪਤਾ ਹੋਣ ਵਾਲੇ ਦਿਨ ਕੀ-ਕੀ ਵਾਪਰਿਆ ਸੀ

ਮੁਹਾਲੀ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅਜ਼ਾਦੀ ਦੇ ਘੁਲਾਟੀਏ ਸੋਹਨ ਸਿੰਘ ਭਕਨਾ ਦੇ ਸਾਥੀ ਰਹੇ ਸੁਲੱਖਣ ਸਿੰਘ ਭਕਨਾ ਅਤੇ ਉਸਦੇ ਜਵਾਈ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਕਤਲ ਦੇ ਉਦੇਸ਼ ਨਾਲ ਅਗਵਾ ਕਰਨ ਦੀ ਅਪਰਾਧਿਕ ਸਾਜ਼ਿਸ਼ ਲਈ ਸਰਹਾਲੀ ਥਾਣੇ ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਦੂਜੇ ਦੋਸ਼ੀ ਏਐੱਸਆਈ ਅਵਤਾਰ ਸਿੰਘ ਦੀ ਮਾਮਲੇ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਸੀਬੀਆਈ ਵੱਲੋਂ ਜੈ ਹਿੰਦ ਪਟੇਲ ਸਰਕਾਰੀ ਵਕੀਲ ਵਜੋਂ ਪੇਸ਼ ਹੋਏ ਸਨ।

ਪੀੜਤ ਧਿਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ 32 ਸਾਲ ਮਗਰੋਂ ਇਨਸਾਫ ਮਿਲਿਆ ਹੈ।

ਅਗਲੀ ਸੁਣਵਾਈ 23 ਦਸੰਬਰ ਨੂੰ ਹੋਣੀ ਹੈ, ਜਿਸ ਵਿੱਚ ਸਜ਼ਾ ਸੁਣਾਈ ਜਾਵੇਗੀ।

ਪੀੜਤਾਂ ਨੂੰ ਸਾਲ 1992 ਵਿੱਚ ਪੁਲਿਸ ਘਰੋਂ ਚੁੱਕ ਕੇ ਲੈ ਗਈ ਸੀ ਅਤੇ ਮਗਰੋਂ ਦੋਵੇਂ ਕਦੇ ਘਰ ਵਾਪਸ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਦੀ ਕੋਈ ਸੂਚਨਾ ਅਤੇ ਲਾਸ਼ਾਂ ਮਿਲੀਆਂ।

ਤਤਕਾਲੀ ਥਾਣਾ ਮੁਖੀ ’ਤੇ ਕੀ-ਕੀ ਇਲਜ਼ਾਮ ਲੱਗੇ
ਵਕੀਲ ਸਰਬਜੀਤ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਇਸਤਗਾਸਾ ਪੱਖ ਦੇ 14 ਅਤੇ ਬਚਾਅ ਪੱਖ ਦੇ 9 ਗਵਾਹਾਂ ਨੇ ਸੀਬੀਆਈ ਕੋਰਟ, ਮੁਹਾਲੀ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ।

“ਅੱਜ ਵਿਸ਼ੇਸ਼ ਸੀਬੀਆਈ ਜੱਜ, ਪੰਜਾਬ ਮਨਜੋਤ ਕੌਰ ਨੇ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਸੁਰਿੰਦਰਪਾਲ ਸਿੰਘ, ਜੋ ਉਸ ਸਮੇਂ ਸਰਹਾਲੀ ਥਾਣੇ ਦੇ ਐੱਸਐੱਚਓ ਸਨ, ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।”

ਵਕੀਲ ਸਰਬਜੀਤ ਸਿੰਘ ਵੇਰਕਾ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਨੂੰ ਅੱਜ ਭਾਰਤੀ ਦੰਡਵਾਲੀ ਦੀ ਧਾਰਾ 342, 364, 365 ਅਤੇ 120ਬੀ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਇਸ ਸਮੇਂ ਸਾਬਕਾ ਸਬ-ਇੰਸਪੈਕਟਰ ਸੁਰਿੰਦਰਪਾਲ ਸਿੰਘ ਬਰਨਾਲਾ ਦੀ ਇੱਕ ਜੇਲ੍ਹ ਵਿੱਚ ਬੰਦ ਹਨ। ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ਦੇ ਸਬੰਧ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਸ਼ਿਕਾਇਤਕਰਤਾ ਪੱਖ ਦੇ ਵਕੀਲ ਅਤੇ ਪਰਿਵਾਰਿਕ ਮੈਂਬਰਾਂ ਮੁਤਾਬਕ ਚਾਰ ਹੋਰ ਪੁਲਿਸ ਮੁਲਾਜ਼ਮ ਮਾਮਲੇ ਵਿੱਚ ਸ਼ਾਮਿਲ ਸਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਜਦੋਂ ਪੀੜਤਾਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਨਾਲ ਚਾਰ ਹੋਰ ਪੁਲਿਸ ਮੁਲਾਜ਼ਮ ਸਨ ਪਰ ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਈ।

ਪੀੜਤ ਕਦੋਂ ਅਤੇ ਕਿਵੇਂ ਲਾਪਤਾ ਹੋਏ ਸਨ
ਸੀਬੀਆਈ ਦੀ ਚਾਰਜਸ਼ੀਟ ਮੁਤਾਬਕ 31 ਅਕਤੂਬਰ 1992 ਦੀ ਸ਼ਾਮ ਨੂੰ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ 80 ਸਾਲਾ ਸਹੁਰਾ ਸੁਲੱਖਣ ਸਿੰਘ ਭਕਨਾ ਵਾਸੀ ਭਕਨਾ, ਤਰਨ ਤਾਰਨ ਨੂੰ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਸੁਖਦੇਵ ਸਿੰਘ ਦੇ ਘਰੋਂ ਘਣੂਪੁਰ ਕਾਲੇ ਏਰੀਏ ਵਿੱਚ ਕਾਬੂ ਕੀਤਾ ਸੀ।

ਪਰਿਵਾਰ ਨੂੰ ਸੂਚਨਾ ਦਿੱਤੀ ਗਈ ਸੀ ਕਿ ਦੋਵਾਂ ਨੂੰ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਪੁੱਛਗਿੱਛ ਲਈ ਬੁਲਾਇਆ ਸੀ। ਸੁਲੱਖਣ ਸਿੰਘ ਆਪਣੀ ਧੀ ਨੂੰ ਮਿਲਣ ਇੱਥੇ ਆਇਆ ਹੋਇਆ ਸੀ।

ਫਿਰ ਦੋਵਾਂ ਨੂੰ ਤਿੰਨ ਦਿਨ ਤੱਕ ਪੁਲਿਸ ਥਾਣਾ ਸਰਹਾਲੀ ਤਰਨ ਤਾਰਨ ਵਿੱਚ ਨਾਜਾਇਜ਼ ਤੌਰ ‘ਤੇ ਰੱਖਿਆ ਗਿਆ, ਜਿੱਥੇ ਪਰਿਵਾਰ ਅਤੇ ਅਧਿਆਪਕ ਯੂਨੀਅਨ ਦੇ ਮੈਂਬਰ ਉਨ੍ਹਾਂ ਨੂੰ ਮਿਲੇ। ਇਸ ਦੌਰਾਨ ਪੀੜਤਾਂ ਨੂੰ ਅਧਿਆਪਕ ਯੂਨੀਅਨ ਅਤੇ ਪਰਿਵਾਰ ਵੱਲੋਂ ਖਾਣਾ, ਕੱਪੜਾ ਆਦਿ ਮੁਹੱਈਆ ਕਰਵਾਇਆ ਗਿਆ ਸੀ। ਪਰ ਇਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ।

ਸੁਖਵੰਤ ਕੌਰ, ਜਿਸ ਦੇ ਪਤੀ ਅਤੇ ਪਿਤਾ ਨੂੰ ਚੁੱਕਿਆ ਗਿਆ ਸੀ, ਨੇ ਤਾਰ ਭੇਜ ਕੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਦਿਆਂ ਸ਼ੱਕ ਜਤਾਇਆ ਸੀ ਕਿ ਉਸ ਦੇ ਪਤੀ ਅਤੇ ਪਿਉ ਨੂੰ ਅਪਰਾਧਿਕ ਮਾਮਲਿਆਂ ਵਿੱਚ ਫਸਾਇਆ ਜਾ ਸਕਦਾ ਹੈ ਪਰ ਉਸਦੀ ਸ਼ਿਕਾਇਤ ਦਾ ਕੋਈ ਫਾਇਦਾ ਨਹੀਂ ਹੋਇਆ।

ਪੀੜਤ ਕੌਣ ਸਨ
ਸੁਖਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ, ਅੰਮ੍ਰਿਤਸਰ ਵਿੱਚ ਲੈਕਚਰਾਰ ਅਤੇ ਵਾਈਸ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਉਨ੍ਹਾਂ ਦੇ ਸਹੁਰਾ ਸੁਲੱਖਣ ਸਿੰਘ ਭਕਨਾ ਆਜ਼ਾਦੀ ਘੁਲਾਟੀਏ ਸਨ ਅਤੇ ਆਜ਼ਾਦੀ ਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ। ਉਹ ਆਜ਼ਾਦੀ ਦੇ ਸੰਘਰਸ਼ ਦੌਰਾਨ ਸੋਹਨ ਸਿੰਘ ਭਕਨਾ ਨਾਲ ਜੇਲ੍ਹ ਰਹੇ ਸਨ।

ਪੀੜਤਾਂ ਦੀ ਮੌਤ ਕਿਵੇਂ ਹੋਈ ਸੀ?

ਸੁਲੱਖਣ ਸਿੰਘ ਦੇ ਪੋਤਰੇ ਚਰਨਜੀਤ ਸਿੰਘ ਨੇ ਦੱਸਿਆ, “3 ਨਵੰਬਰ 1992 ਤੱਕ ਮੇਰੇ ਦਾਦਾ ਸੁਲੱਖਣ ਸਿੰਘ ਭਕਨਾ ਅਤੇ ਫੁੱਫੜ ਸਰਹਾਲੀ ਥਾਣੇ ਵਿੱਚ ਗੈਰ-ਕਾਨੂੰਨੀ ਹਿਰਾਸਤ ਵਿੱਚ ਬੰਦ ਸਨ। ਇਸ ਤੋਂ ਬਾਅਦ ਉਹ ਲਾਪਤਾ ਹੋ ਗਏ। ਨਾ ਉਨ੍ਹਾਂ ਦੀ ਕੋਈ ਸੂਚਨਾ ਮਿਲੀ ਅਤੇ ਨਾ ਹੀ ਲਾਸ਼ ਲੱਭੀ।

“ਇਸ ਤੋਂ ਮਗਰੋਂ ਥਾਣੇ ਵਾਲੇ ਵੀ ਮੁੱਕਰ ਗਏ ਕਿ ਮੇਰੇ ਦਾਦਾ ਅਤੇ ਫੁੱਫੜ ਨੂੰ ਕਦੇ ਥਾਣੇ ਵਿੱਚ ਨਹੀਂ ਲਿਆਂਦਾ ਹੀ ਨਹੀਂ ਗਿਆ ਸੀ।”

ਉਨ੍ਹਾਂ ਨੇ ਦਾਅਵਾ ਕਰਦਿਆਂ ਦੱਸਿਆ, “ਮੇਰੇ ਪਰਿਵਾਰ ਨੂੰ ਘਟਨਾ ਦੇ ਕੁਝ ਸਾਲ ਬਾਅਦ ਕੁਝ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਸੀ ਕਿ ਮੇਰੇ ਫੁੱਫੜ ਸੁਖਦੇਵ ਸਿੰਘ ਦੀ ਪੁਲਿਸ ਤਸ਼ੱਦਦ ਦੌਰਾਨ ਮੌਤ ਹੋ ਗਈ ਸੀ, ਜਦਕਿ ਮੇਰੇ ਦਾਦਾ ਸੁਲੱਖਣ ਸਿੰਘ ਨੂੰ ਜਿਉਂਦੇ ਨੂੰ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਸੁਲੱਖਣ ਸਿੰਘ ਨੂੰ ਸੁਖਦੇਵ ਸਿੰਘ ਦੀ ਲਾਸ਼ ਨਾਲ ਨਹਿਰ ਵਿੱਚ ਸੁੱਟਿਆ ਗਿਆ ਸੀ।”

ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਸਾਲ 1993 ਵਿਚ ਕੁਝ ਪੁਲਿਸ ਮੁਲਾਜ਼ਮਾਂ ਨੇ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨਾਲ ਸੰਪਰਕ ਕਰ ਕੇ ਉਸ ਦੇ ਕਥਿਤ ਤੌਰ ਉਤੇ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ ਸਨ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ ਸੌਂਪਿਆ, ਜਿਸ ਵਿਚ 8 ਜੁਲਾਈ 1993 ਨੂੰ ਉਸ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਸੀ।

ਜਸਵੰਤ ਖਾਲੜਾ ਨਾਲ ਕੇਸ ਦਾ ਕੀ ਸਬੰਧ
ਸੁਖਵੰਤ ਕੌਰ ਨੇ ਆਪਣੇ ਪਤੀ ਅਤੇ ਪਿਤਾ ਦੇ ਅਗਵਾ ਹੋਣ, ਗੈਰ-ਕਾਨੂੰਨੀ ਤੌਰ ‘ਤੇ ਕੈਦ ਕਰਨ ਅਤੇ ਫਿਰ ਲਾਪਤਾ ਹੋਣ ਦੇ ਸਬੰਧ ਵਿੱਚ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ।

ਇਸ ਦੌਰਾਨ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਦੇ ਵੱਡੇ ਪੱਧਰ ਦੇ ਮਾਮਲੇ ਨੂੰ ਉਜਾਗਰ ਕੀਤਾ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਨਵੰਬਰ 1995 ਵਿੱਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਜਸਵੰਤ ਖਾਲੜਾ ਵੱਲੋਂ ਉਜਾਗਰ ਕੀਤੇ ਗਏ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।

ਇਸ ਕੇਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਸੀਬੀਆਈ ਨੇ 20 ਨਵੰਬਰ 1996 ਨੂੰ ਸੁਖਵੰਤ ਕੌਰ ਦੇ ਬਿਆਨ ਵੀ ਦਰਜ ਕੀਤੇ ਸਨ।

ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ 6 ਮਾਰਚ 1997 ਨੂੰ ਸਹਾਇਕ ਸਬ-ਇੰਸਪੈਕਟਰ ਅਵਤਾਰ ਸਿੰਘ ਅਤੇ ਸਬ-ਇੰਸਪੈਕਟਰ ਸੁਰਿੰਦਰਪਾਲ ਸਿੰਘ, ਤਤਕਾਲੀ ਐੱਸਐੱਚਓ ਸਰਹਾਲੀ ਅਤੇ ਹੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 364 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮਗਰੋਂ ਜਾਂਚ ਦੌਰਾਨ ਕਈ ਹੋਰ ਧਾਰਾਵਾਂ ਤਹਿਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਕੇਸ ਦਰਜ ਕਰਨ ਤੋਂ ਬਾਅਦ ਕੀ-ਕੀ ਹੋਇਆ
ਸ਼ਿਕਾਇਤਕਰਤਾ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਸਾਲ 2000 ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ, ਜਿਸ ਨੂੰ ਸੀਬੀਆਈ ਕੋਰਟ ਪਟਿਆਲਾ ਨੇ ਸਾਲ 2002 ਵਿੱਚ ਰੱਦ ਕਰ ਦਿੱਤਾ ਸੀ ਅਤੇ ਅਗਲੇਰੀ ਜਾਂਚ ਦੇ ਹੁਕਮ ਵੀ ਦਿੱਤੇ ਸਨ।

ਆਖ਼ਰਕਾਰ ਸਾਲ 2009 ਵਿੱਚ ਸੀਬੀਆਈ ਨੇ ਸੁਰਿੰਦਰਪਾਲ ਅਤੇ ਅਵਤਾਰ ਸਿੰਘ ਖ਼ਿਲਾਫ਼ ਇਸ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਅਤੇ ਮੁਲਜ਼ਮ ਸੁਰਿੰਦਰਪਾਲ ਖ਼ਿਲਾਫ਼ ਸਾਲ 2016 ਵਿੱਚ ਸੀਬੀਆਈ ਅਦਾਲਤ, ਪਟਿਆਲਾ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਸੁਰਿੰਦਰਪਾਲ ਅਤੇ ਸਰਹਾਲੀ ਥਾਣੇ ਦੇ ਤਤਕਾਲੀ ਐੱਸਐੱਚਓ ਖਿਲਾਫ਼ ਇਲਜ਼ਾਮ ਆਇਦ ਕੀਤੇ ਗਏ ਸਨ।

ਇਸ ਮਗਰੋਂ ਮੁਲਜ਼ਮਾਂ ਦੀਆਂ ਪਟੀਸ਼ਨਾਂ ਉੱਤੇ ਉੱਚ ਅਦਾਲਤ ਨੇ ਇਸ ਕੇਸ ਉੱਤੇ ਰੋਕ ਲਗਾ ਦਿੱਤੀ ਸੀ, ਜੋ ਬਾਅਦ ਵਿੱਚ ਹਟਾ ਦਿੱਤੀ ਗਈ। ਇਸ ਦੌਰਾਨ ਏਐੱਸਆਈ ਅਵਤਾਰ ਸਿੰਘ ਦੀ ਮੌਤ ਹੋ ਗਈ।

ਚਰਨਜੀਤ ਨੇ ਕਿਹਾ, “ਅੱਜ ਸਾਨੂੰ ਕੁਝ ਰਾਹਤ ਅਤੇ ਸਕੂਨ ਮਿਲਿਆ ਹੈ। ਪਰ ਸਾਨੂੰ ਅਫਸੋਸ ਹੈ ਕਿ ਮੇਰੇ ਦਾਦੇ ਨੇ ਇਸ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ। ਪਰ ਆਜ਼ਾਦੀ ਮਿਲਣ ਮਗਰੋਂ ਇਸ ਦੇਸ਼ ਵਿੱਚ ਹੀ ਉਨ੍ਹਾਂ ਨਾਲ ਅਜਿਹੀ ਘਟਨਾ ਵਾਪਰੀ।”