Police News – 3 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਫਰਾਰ ਹੋਈ ਲੇਡੀ ਕਾਂਸਟੇਬਲ
ਹਾਪੁੜ- ‘ਸੱਸ-ਜਵਾਈ’ ਅਤੇ ‘ਕੁੜਮ-ਕੁੜਮਣੀ’ ਤੋਂ ਬਾਅਦ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਹਿਲਾ ਹੈੱਡ ਕਾਂਸਟੇਬਲ ਤਿੰਨ ਬੱਚਿਆਂ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਮਹਿਲਾ ਪੁਲਸ ਮੁਲਾਜ਼ਮ ਜਿਸ ਪ੍ਰੇਮੀ ਨਾਲ ਦੌੜੀ ਹੈ ਉਹ ਬਿਜਲੀ ਵਿਭਾਗ ‘ਚ ਕੰਮ ਕਰਦਾ ਹੈ ਅਤੇ 15 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਹ ਆਪਣੀ ਨਵੀਂ ਵਿਆਹੀ ਲਾੜੀ ਨੂੰ ਛੱਡ ਕੇ ਲੇਡੀ ਕਾਂਸਟੇਬਲ ਨਾਲ ਫਰਾਰ ਹੋ ਗਿਆ।
ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਬਾਬੂਗੜ੍ਹ ਥਾਣਾ ਖੇਤਰ ਦੇ ਗਜਾਲਪੁਰ ਪਿੰਡ ਦਾ ਹੈ। ਪਿੰਡ ਦੇ ਰਹਿਣ ਵਾਲੇ ਨਵੀਨ ਦਾ ਵਿਆਹ 16 ਫਰਵਰੀ ਨੂੰ ਨੇਹਾ ਨਾਂ ਦੀ ਕੁੜੀ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ 15 ਦਿਨ ਬਾਅਦ ਹੀ ਨਵੀਨ ਆਪਣੀ ਪ੍ਰੇਮਿਕਾ ਮਹਿਲਾ ਹੈੱਡ ਕਾਂਸਟੇਬਲ ਨਿਰਮਲਾ ਨਾਲ ਫਰਾਰ ਹੋ ਗਿਆ ਅਤੇ ਮੰਦਰ ‘ਚ ਵਿਆਹ ਕਰਵਾ ਲਿਆ। ਇਸ ਘਟਨਾ ਤੋਂ ਬਾਅਦ ਨੇਹਾ ਨੇ ਦੇਹਾਤ ਥਾਣੇ ‘ਚ ਮਾਮਲਾ ਦਰਜ ਕਰਵਾਇਆ।
ਨੇਹਾ ਨੇ ਐੱਸਪੀ ਨੂੰ ਦਿੱਤੀ ਗਈ ਸ਼ਿਕਾਇਤ ‘ਚ ਦੱਸਿਆ ਕਿ ਨਵੀਨ ਅਤੇ ਨਿਰਮਲਾ ਵਿਚਾਲੇ ਵਿਆਹ ਤੋਂ ਪਹਿਲਾਂ ਹੀ ਪ੍ਰੇਮ ਸੰਬੰਧ ਸਨ। ਵਿਆਹ ਤੋਂ ਬਾਅਦ ਜਦੋਂ ਨੇਹਾ ਨੂੰ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਸ ਨੇ ਵਿਰੋਧ ਕੀਤਾ।
ਜਿਸ ਤੋਂ ਬਾਅਦ ਨਵੀਨ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਆਖ਼ਰਕਾਰ ਨਿਰਮਲਾ ਨਾਲ ਵਿਆਹ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਲੇਡੀ ਕਾਂਸਟੇਬਲ ਤਿੰਨ ਬੱਚਿਆਂ ਨੂੰ ਛੱਡ ਕੇ ਫਰਾਰ ਹੋ ਗਈ।
ਪ੍ਰੇਮੀ ਦੀ ਪਤਨੀ ਨੇ ਸ਼ਿਕਾਇਤ ਕੀਤੀ ਅਤੇ ਸ਼ਿਕਾਇਤ ‘ਚ ਨੇਹਾ ਨੇ ਦੱਸਿਆ ਕਿ ਨਵੀਨ ਨੇ ਕਿਹਾ ਕਿ ਉਹ ਦੋਵੇਂ ਪਤਨੀਆਂ ਨੂੰ ਇਕੱਠੇ ਰੱਖੇਗਾ। ਜਦੋਂ ਨੇਹਾ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ।
ਇੰਨਾ ਹੀ ਨਹੀਂ ਨਵੀਨ ਨੇ ਧਮਕੀ ਦਿੱਤੀ ਕਿ ਜੇਕਰ ਨੇਹਾ ਨੇ ਜ਼ਿਆਦਾ ਵਿਰੋਧ ਕੀਤਾ ਤਾਂ ਉਹ ਅਤੇ ਨਿਰਮਲਾ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲੈਣਗੇ ਅਤੇ ਉਸ ਨੂੰ ਫਸਾ ਦੇਣਗੇ।