Punjab: ਕਰਵਾਚੌਥ ਦਾ ਵਰਤ ਰੱਖ ਕੇ ਨੱਚਦੀ ਰਹੀ ਔਰਤ, ਚੰਨ ਦੇਖਣ ਤੋਂ ਪਹਿਲਾਂ ਹੀ ਨਿਕਲੇ ਸਾਹ
ਤਪਾ ਮੰਡੀ ਵਿਚ ਕਰਵਾ ਚੌਥ ਦੀ ਰਾਤ ਨੂੰ ਵੱਡਾ ਦੁਖਾਂਤ ਵਾਪਰ ਗਿਆ। ਜਦੋਂ ਸ਼ਹਿਰ ਦੀਆਂ ਸੁਹਾਗਣਾਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਖੈਰ ਮੰਗ ਰਹੀਆਂ ਸਨ, ਉਸੇ ਰਾਤ ਨੂੰ ਸ਼ਹਿਰ ਵਿਚ ਚਾਰ ਮੌਤਾਂ ਹੋ ਗਈਆਂ। ਇਨ੍ਹਾਂ ਮੰਦਭਾਗੀਆਂ ਘਟਨਾਵਾਂ ਕਾਰਨ ਕਈ ਘਰਾਂ ਵਿਚ ਸੋਗ ਦੇ ਸੱਥਰ ਵਿੱਛ ਗਏ ਅਤੇ ਸਮੁੱਚੇ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ।
ਸ਼ਹਿਰ ਦੇ ਬਾਗ ਬਸਤੀ ਇਲਾਕੇ ਦੇ ਇਕ ਪਰਿਵਾਰ ਦੀ ਨੂੰਹ, ਆਸ਼ਾ ਰਾਣੀ ਪਤਨੀ ਤਰਸੇਮ ਚੰਦ ਉਰਫ ਭੋਲਾ ਢਿਲਵਾਂ, ਸੁਰੀਯਾ ਸਿਟੀ ਵਿਚ ਆਪਣੀਆਂ ਸਹੇਲੀਆਂ ਨਾਲ ਕਰਵਾ ਚੌਥ ਦਾ ਵਰਤ ਮਨਾਉਣ ਦੀ ਰਸਮ ਵਿਚ ਸ਼ਾਮਲ ਹੋਣ ਗਈ ਹੋਈ ਸੀ। ਇਸ ਦੌਰਾਨ ਆਸ਼ਾ ਰਾਣੀ ਨੇ ਆਪਣੀਆਂ ਸਹੇਲੀਆਂ ਨਾਲ ਰਲ ਕੇ ਖੂਬ ਜਸ਼ਨ ਮਨਾਇਆ ਅਤੇ ਡਾਂਸ ਵਗੈਰਾ ਵੀ ਕੀਤਾ।
ਬਾਅਦ ਵਿੱਚ, ਜਦੋਂ ਉਹ ਆਪਣੇ ਪਤੀ ਨਾਲ ਘਰ ਜਾਣ ਲੱਗੀ ਤਾਂ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਤਬੀਅਤ ਵਿਗੜਨ ‘ਤੇ ਆਸਾ ਰਾਣੀ ਨੂੰ ਤੁਰੰਤ ਬੀਐਮਸੀ ਬਰਨਾਲਾ ਵਿਖੇ ਲੈ ਕੇ ਗਏ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੌਸ਼ਿਤ ਕਰ ਦਿੱਤਾ। ਆਸਾ ਰਾਣੀ ਆਪਣੇ ਪਤੀ ਦੀ ਲੰਬੀ ਉਮਰ ਦੀ ਖੈਰ ਮੰਗਣ ਤੋਂ ਪਹਿਲਾਂ ਹੀ ਅਤੇ ਚੰਦਰਮਾ ਨੂੰ ਅਰਘ ਚੜ੍ਹਾਉਣ ਤੋਂ ਪਹਿਲਾਂ ਹੀ, ਆਪਣੀ ਉਮਰ ਗੁਆ ਬੈਠੀ।
ਸ਼ਹਿਰ ਵਿਚ ਹੋਰ ਮੌਤਾਂ
ਆਸ਼ਾ ਰਾਣੀ ਦੀ ਮੌਤ ਤੋਂ ਇਲਾਵਾ, ਉਸੇ ਰਾਤ ਨੂੰ ਤਪਾ ਮੰਡੀ ਵਿਚ ਤਿੰਨ ਹੋਰ ਮੌਤਾਂ ਵੀ ਹੋ ਗਈਆਂ। ਮ੍ਰਿਤਕਾਂ ਵਿਚ ਗਲੀ ਨੰਬਰ 9 ਦੇ ਕੁਲਵੰਤ ਰਾਏ ਢਿਲਵਾਂ, ਸੁਭਾਸ਼ ਗਲੀ ਦੇ ਜੀਵਨ ਤਨੇਜਾ ਅਤੇ ਆਨੰਦਪੁਰ ਬਸਤੀ ਤਪਾ ਦੇ ਸਰਦਾਰਾ ਰਾਮ ਵੀ ਸ਼ਾਮਲ ਹਨ। ਚਾਰ ਲੋਕਾਂ ਦੀਆਂ ਇਕੱਠੀਆਂ ਮੌਤਾਂ ਕਾਰਨ ਪੂਰੇ ਸ਼ਹਿਰ ਵਿੱਚ ਗਹਿਰਾ ਸੋਗ ਛਾਇਆ ਹੋਇਆ ਹੈ।