Muscat ‘ਚੋਂ ਆਈ ਪੰਜਾਬਣ ਨੇ ਸੁਣਾਈ ਆਪਣੀ ਹੱਢਬੀਤੀ , ਸੁਣ ਕੇ ਕੰਬ ਜਾਵੇਗੀ ਰੂਹ
Sultanpur Lodhi News : ਘਰ ਨੂੰ ਗੁਰਬਤ ਵਿੱਚੋਂ ਕੱਢਣ ਦੇ ਇਰਾਦੇ ਨਾਲ ਸਹੇਲੀ ਦੇ ਕਹਿਣ ‘ਤੇ ਓਮਾਨ ਗਈ ਪੰਜਾਬ ਦੀ ਲੜਕੀ ਨੇ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੈ। ਮਸਕਟ ਓਮਾਨ ਤੋਂ ਪਰਤੀ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਹੱਡੀ ਬੀਤੀ ਸੁਣਾਉਂਦਿਆ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਤੇ ਫਿਰ ਉਥੋਂ ਮਸਕਟ ਗਈ ਸੀ ਪਰ ਉੱਥੇ ਉਸ ਨਾਲ ਰੋਜ਼ਾਨਾ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਨੂੰ ਖਾਣਾ ਵੀ ਢੰਗ ਨਾਲ ਨਹੀਂ ਦਿੱਤਾ ਜਾਂਦਾ ਸੀ।
ਇਸ ਲੜਕੀ ਨੇ ਦੱਸਿਆ ਕਿ ਉਸ ਨੂੰ ਮਸਕਟ ਜਾਂਦਿਆ ਹੀ ਅਹਿਸਾਸ ਹੋ ਗਿਆ ਸੀ ਕਿ ਉਹ ਵਿੱਕ ਗਈ ਹੈ ਤੇ ਬੁਰੀ ਤਰ੍ਹਾਂ ਨਾਲ ਉਥੇ ਫਸ ਚੁੱਕੀ ਹੈ। ਏਜੰਟਾਂ ਦੇ ਡਰ ਕਾਰਨ ਉਹ ਔਖੀ ਸੌਖੀ ਦਿਨ ਕੱਟ ਰਹੀ ਸੀ। ਪੀੜਤਾ ਮੁਤਾਬਿਕ ਜਿਸ ਦਫਤਰ ਵਿੱਚ ਉਸਨੂੰ ਰੱਖਿਆ ਗਿਆ ਸੀ ,ਉਥੇ 10 ਤੋਂ ਵੱਧ ਹੋਰ ਕੁੜੀਆਂ ਵੀ ਸੀ, ਜੋ ਉਸੇ ਤਰ੍ਹਾਂ ਆਪਣਿਆਂ ਦੇ ਸ਼ਿਕਾਰ ਹੋ ਕੇ ਉੱਥੇ ਫਸ ਚੁੱਕੀਆਂ ਸੀ। ਇਸ ਲ਼ੜਕੀ ਨੇ ਦਾਅਵਾ ਕੀਤਾ ਕਿ ਉੱਥੇ ਲੜਕੀਆਂ ‘ਤੇ ਬੇਤਹਾਸ਼ਾ ਤੱਸ਼ਦਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਸਨੇ ਦੱਸਿਆ ਕਿ ਜਿਹੜੀ ਕੁੜੀ ਗਲਤ ਕੰਮ ਲਈ ਸਹਿਮਤ ਨਹੀਂ ਹੁੰਦੀ ,ਉਸ ਦੀ ਹੱਦੋਂ ਵੱਧ ਕੁੱਟਮਾਰ ਕੀਤੀ ਜਾਂਦੀ ਸੀ।
5 ਮਹੀਨਿਆਂ ਦੀ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਓਮਾਨ ਵਿੱਚ ਚੱਲ ਰਹੇ ਮਨੁੱਖੀ ਤਸਕਰੀ ਦੀਆਂ ਪਰਤਾਂ ਨੂੰ ਖੋਲਦਿਆ ਦਾਅਵਾ ਕੀਤਾ ਕਿ ਉੱਥੇ ਪਹਿਲਾਂ ਤਾਂ ਲੜਕੀਆਂ ਨੂੰ ਵੱਡੇ -ਵੱਡੇ ਸੁਫਨੇ ਦਿਖਾਏ ਜਾਂਦੇ ਹਨ ਤੇ ਉੱਥੇ ਬੁਲਾਇਆ ਜਾਂਦਾ ਹੈ ਪਰ ਅਸਲ ਹਕੀਕਤ ਉਸ ਵੇਲੇ ਪਤਾ ਲਗਦੀ ਹੈ ਜਦੋਂ ਲੜਕੀ ਦਾ ਵੀਜ਼ਾ ਖਤਮ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਏਜੰਟ ਇਸ ਰੈਕਟ ਵਿੱਚ ਪਹਿਲਾਂ ਤਾਂ ਲੜਕੀਆਂ ਨੂੰ ਉੱਥੇ ਬੁਲਾ ਰਹੇ ਹਨ ਤੇ ਫਿਰ ਜਾਂ ਤਾਂ ਲੜਕੀ ਨੂੰ ਗਲਤ ਕੰਮ ਲਈ ਮਜ਼ਬੂਰ ਕਰਦੇ ਹਨ ਜਾਂ ਫਿਰ ਪੈਸੇ ਜਾਂ ਖੁਦ ਦੀ ਥਾਂ ਤੇ ਹੋਰ ਲੜਕੀਆਂ ਨੂੰ ਮੰਗਵਾਉਣ ਦੀ ਮੰਗ ਰੱਖਦੇ ਹਨ। ਇਸੇ ਤਰ੍ਹਾਂ ਹੀ ਉਹ ਲੜਕੀ ਵੀ ਇਸਦੀ ਸ਼ਿਕਾਰ ਹੋਈ ਸੀ।
ਪੀੜਤਾ ਨੇ ਦੱਸਿਆ ਕਿ ਏਜੰਟਾਂ ਜਾਂ ਦਫਤਰ ਵਾਲਿਆਂ ਦੀ ਗੱਲ ਨਾ ਮੰਨਣ ‘ਤੇ ਕਈ ਵਾਰ ਤਾਂ ਏਨੀ ਕੁੱਟਮਾਰ ਕੀਤੀ ਜਾਂਦੀ ਹੈ ਕਿ ਲੜਕੀਆਂ ਨੂੰ ਉੱਥੇ ਅੱਧ ਮਰਿਆ ਕਰਕੇ ਸੁੱਟ ਦਿੰਦੇ ਸਨ। ਉਹ ਕਿਸੇ ਵੀ ਕੁੜੀ ‘ਤੇ ਤਰਸ ਨਹੀਂ ਸੀ ਕਰਦੇ। ਉਸਨੇ ਦੱਸਿਆ ਕਿ ਏਜੰਟ ਗਰੀਬ ਕੁੜੀਆਂ ਦੀਆਂ ਮਜ਼ਬੂਰੀਆਂ ਦਾ ਨਜ਼ਾਇਜ ਫਾਇਦਾ ਚੁੱਕਦੇ ਸੀ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕਰਦੇ ਸੀ।
ਪੀੜਤਾ ਦੀ ਮਾਤਾ ਵੱਲੋਂ ਅਗਸਤ ਮਹੀਨੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਸਦਕਾ ਉਸ ਦਾ ਭਾਰਤ ਆਉਣਾ ਸੰਭਵ ਹੋ ਸਕਿਆ ਕਿਉਂਕਿ ਉਸ ਕੋਲੋ ਤਾਂ ਪਾਸਪੋਰਟ ਅਤੇ ਮੋਬਾਇਲ ਜਾਂਦਿਆ ਹੀ ਖੋਹ ਲਿਆ ਗਿਆ ਸੀ।
ਬਲਬੀਰ ਸਿੰਘ ਸੀਚੇਵਾਲ ਨੇ ਸੁਲਤਾਨ ਪੁਰ ਲੋਧੀ (ਕਪੂਰਥਲਾ ) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਪੀਲ ਵੀ ਕੀਤੀ ਕਿ ਉਹ ਅਰਬ ਦੇਸ਼ਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਵੀਜ਼ੇ ਦੀ ਕਿਸਮ ਜ਼ਰੂਰ ਦੇਖਣ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ। ਟ੍ਰੈਵਲ ਏਜੰਟ ਆਮ ਤੌਰ ‘ਤੇ ਟੂਰਿਸਟ ਵੀਜੇ ‘ਤੇ ਲੈ ਜਾਂਦੇ ਹਨ ਤੇ ਉਥੇ ਜਾ ਕੇ ਲ਼ੜਕੀਆਂ ਦਾ ਸ਼ੋਸ਼ਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਅਤੇ ਓਮਾਨ ਵਿਚਲੇ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ।
ਕੰਬੋਡੀਆ ਵਿੱਚ ਭਾਰਤੀ ਨੌਜਵਾਨਾਂ ਤੋਂ ਕਰਵਾਇਆ ਜਾ ਰਿਹਾ ਹੈ ਗੈਰ -ਕਾਨੂੰਨੀ ਕੰਮ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਕੁੱਝ ਦਿਨ ਪਹਿਲਾਂ ਕੰਬੋਡੀਆ ਤੋਂ ਵਾਪਸ ਪਰਤੇ ਜਲੰਧਰ ਦੇ ਰਹਿਣ ਨੌਜਵਾਨ ਨੇ ਵੀ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਕੰਬੋਡੀਆ ਵਿੱਚ ਭਾਰਤੀਆਂ ਤੋਂ ਗੈਰਕਾਨੂੰਨੀ ਕੰਮ ਕਰਵਾਇਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਏਜੰਟਾਂ ਵੱਲੋਂ ਭਾਰਤੀ ਨੌਜਵਾਨਾਂ ਨੂੰ ਨਿਸ਼ਾਨਾ ਬਣ ਕਿ ਥਾਈਲੈਂਡ ਵਿੱਚ ਚੰਗੇ ਕੰਮ ‘ਤੇ ਤਨਖਾਹ ਦੇ ਝਾਂਸੇ ਹੇਠ ਕੰਬੋਡੀਆ ਦੀ ਕੰਪਨੀਆਂ ਵਿੱਚ ਵੇਚਿਆ ਜਾ ਰਿਹਾ ਹੈ। ਜਿੱਥੇ ਉਹਨਾਂ ਕੋਲੋਂ ਸਾਇਬਰ ਦੇ ਗੈਰਕਾਨੂੰਨੀ ਕੰਮ ਕਰਵਾਏ ਜਾ ਰਹੇ ਹਨ ਤੇ ਨਾ ਕਰਨ ‘ਤੇ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਸੰਤ ਸੀਚੇਵਾਲ ਵੱਲੋਂ ਮਿਆਂਮਾਰ ਤੋਂ ਚਾਰ ਨੌਜਵਾਨਾਂ ਦੀ ਵਾਪਸੀ ਕਰਵਾਈ ਸੀ ,ਜੋ ਇਸੇ ਤਰ੍ਹਾਂ ਦੇ ਗਿਰੋਹ ਵਿੱਚ ਫਸੇ ਹੋਏ ਸੀ।