Breaking News

ਕੀ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਵਾਲਾ ਤਰੀਕਾ ਗਿਆਨੀ ਰਘਬੀਰ ਸਿੰਘ ਨੂੰ ਮਾਫਕ ਬੈਠੇਗਾ?

ਕੀ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਵਾਲਾ ਤਰੀਕਾ ਗਿਆਨੀ ਰਘਬੀਰ ਸਿੰਘ ਨੂੰ ਮਾਫਕ ਬੈਠੇਗਾ?

ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਡੀ ਵਾਈ ਚੰਦਰਚੂੜ ਕੁਝ ਦਿਨ ਪਹਿਲਾਂ ਰਿਟਾਇਰ ਹੋਏ ਤੇ ਹਾਲੇ ਤੱਕ ਉਨਾਂ ਦੇ ਕਾਰਜਕਾਲ ਬਾਰੇ ਤਿੱਖੀ ਬਹਿਸ ਜਾਰੀ ਹੈ।

ਪਿਛਲੇ ਕੁਝ ਹਫਤਿਆਂ ਵਿੱਚ ਉਨ੍ਹਾਂ ਦੀ ਵਿਰਾਸਤ ਦੀ ਚੰਗੀ ਚੀਰਫਾੜ ਹੋਈ ਹੈ। ਉਹਨਾਂ ਦੀ ਕਾਰਜ ਸ਼ੈਲੀ ਬਾਰੇ ਆਮ ਰਾਇ ਇਹੀ ਬਣੀ ਹੈ ਕਿ ਉਹ ਭਾਸ਼ਣ ਬਹੁਤ ਵਧੀਆ ਦਿੰਦੇ ਸਨ, ਕੋਰਟ ਦੇ ਵਿੱਚ ਬੈਠ ਕੇ ਦਬਕੇ ਵੀ ਬਹੁਤ ਮਾਰਦੇ ਸਨ ਪਰ ਬਹੁਤ ਵੱਡੇ ਮੁੱਦਿਆਂ ‘ਤੇ ਉਨਾਂ ਦੀ ਜਜਮੈਂਟ ਸਰਕਾਰ ਵੱਲ ਭੁਗਤਦੀ ਸੀ।

ਸੰਭਲ ‘ਚ ਹੋਏ ਤਾਜ਼ਾ ਦੰਗੇ ਅਤੇ ਅਜਮੇਰ ਸ਼ਰੀਫ ਬਾਰੇ ਤਾਜ਼ਾ ਮੁਕੱਦਮਾ ਜਸਟਿਸ ਚੰਦਰਚੂੜ ਦੀ ਹੀ ਦੇਣ ਮੰਨੇ ਜਾ ਰਹੇ ਨੇ।

ਚੰਡੀਗੜ੍ਹ ਦੇ ਮੇਅਰ ਦੀ ਚੋਣ ਵੇਲੇ ਸ਼ਰੇਆਮ ਧਾਂਦਲੀ ਹੋਈ ਤੇ ਚੰਦਰਚੂੜ ਸਾਹਿਬ ਨੇ ਕੋਰਟ ਵਿੱਚ ਬਹਿ ਕੇ ਰਿਟਰਨਿੰਗ ਅਫਸਰ ਦਾ ਚੰਗਾ ਜਲੂਸ ਕੱਢਿਆ ਪਰ ਅਖੀਰ ਵਿੱਚ ਉਸ ਨੂੰ ਬਿਲਕੁਲ ਸੁੱਕਾ ਛੱਡ ਦਿੱਤਾ।

ਮਹਾਰਾਸ਼ਟਰ ਵਿੱਚ ਭਾਜਪਾ ਵੱਲੋਂ ਐਨਸੀਪੀ ਅਤੇ ਸ਼ਿਵ ਸੈਨਾ ਨੂੰ ਤੋੜੇ ਜਾਣ ਦੇ ਮਾਮਲਿਆਂ ਵਿੱਚ ਵੀ ਚੰਦਰਚੂੜ ਸਾਹਿਬ ਨੇ ਇਹੋ ਜਿਹਾ ਇਨਸਾਫ ਹੀ ਦਿੱਤਾ।

ਰਿਟਾਇਰ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਵੇਖ ਰਹੇ ਨੇ ਕਿ ਲੋਕ ਉਨਾਂ ਦੀ ਵਿਰਾਸਤ ਬਾਰੇ ਕੀ ਕਹਿੰਦੇ ਨੇ। ਉਨ੍ਹਾਂ ਨੇ ਆਪਣੀ ਚੰਗੀ ਮਾਰਕੀਟਿੰਗ ਵੀ ਕੀਤੀ।

ਪਰ ਪਿਛਲੇ ਦੋ ਤਿੰਨ ਹਫਤਿਆਂ ਵਿੱਚ ਉਹਨਾਂ ਦੀ ਵਿਰਾਸਤ ਵਿੱਚ ਵੱਡੇ-ਵੱਡੇ ਮਘੋਰੇ ਨਜ਼ਰ ਆ ਰਹੇ ਨੇ।

ਜਸਟਿਸ ਚੰਦਰਚੂੜ ਨੂੰ ਲੱਗਦਾ ਸੀ ਕਿ ਉਹ ਚਤੁਰ ਨੇ ਪਰ ਪਿਛਲੇ ਕੁਝ ਹਫਤਿਆਂ ਵਿੱਚ ਹੀ ਉਨ੍ਹਾਂ ਦੀਆਂ ਸਾਰੀਆਂ ਚਤੁਰਾਈਆਂ ਨੰਗੀਆਂ ਹੋ ਚੁੱਕੀਆਂ ਨੇ।

ਜਦੋਂ ਦਾ ਸੁਖਬੀਰ ਸਿੰਘ ਬਾਦਲ ਦਾ ਮਸਲਾ ਅਕਾਲ ਤਖਤ ‘ਤੇ ਪਹੁੰਚਿਆ ਹੈ, ਗਿਆਨੀ ਰਘਬੀਰ ਸਿੰਘ ਨੇ ਦ੍ਰਿੜਤਾ ਦਾ ਵਿਖਾਵਾ ਕੀਤਾ। ਜਿਹੋ ਜਿਹਾ ਭੱਦਾ ਹਮਲਾ ਵਿਰਸਾ ਸਿੰਘ ਵਲਟੋਹੇ ਕੋਲੋਂ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਕਰਾਇਆ ਸੀ, ਉਸ ਦਾ ਵੀ ਉਨ੍ਹਾਂ ਦ੍ਰਿੜਤਾ ਨਾਲ ਜਵਾਬ ਦਿੱਤਾ।

ਇਸ ਮਸਲੇ ‘ਤੇ ਗੱਲ ਕਰਦਿਆਂ ਸਾਰੇ ਗਿਆਨੀ ਰਘਬੀਰ ਸਿੰਘ ਅਤੇ ਹੋਰ ਜਥੇਦਾਰਾਂ ਨੂੰ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਲਾ ਡਰ ਵਿਖਾ ਰਹੇ ਨੇ ਕਿ ਜੇ ਉਨਾਂ ਨੇ ਫੈਸਲਾ ਨਿਆਂਕਾਰੀ ਨਾ ਕੀਤਾ ਤਾਂ ਉਹਨਾਂ ਨੂੰ ਵੀ ਜ਼ਲਾਲਤ ਝੱਲਣੀ ਪਏਗੀ।

ਇਸ ਲਈ ਸੁਖਬੀਰ ਦੇ ਸਲਾਹਕਾਰ ਇਹ ਹੱਲ ਸੁਝਾਅ ਰਹੇ ਨੇ ਕਿ ਗਿਆਨੀ ਰਘਬੀਰ ਸਿੰਘ ਦੋ ਦਸੰਬਰ ਨੂੰ ਸੁਖਬੀਰ ਅਤੇ ਹੋਰਾਂ ਨੂੰ ਗੱਲਾਂ ਤੱਤੀਆਂ-ਤੱਤੀਆਂ ਸੁਣਾਉਣ, ਕੋਈ ਕਰੜੀ ਲੱਗਣ ਵਾਲੀ ਧਾਰਮਿਕ ਸਜ਼ਾ ਵੀ ਦੇ ਦੇਣ, ਪਰ ਅਖੀਰਲਾ ਫੈਸਲਾ ਜਸਟਿਸ ਚੰਦਰਚੂੜ ਵਰਗਾ ਹੀ ਸੁਣਾਉਣ ਕਿ “ਸਰਕਾਰ” ਦੇ ਹੱਕ ਵਿੱਚ ਭੁਗਤੇ।

ਸਿੱਖ ਸੰਸਥਾਵਾਂ ਦੀ ਸਰਕਾਰ ਫਿਲਹਾਲ ਬਾਦਲ ਦਲ ਕੋਲ ਹੀ ਹੈ।

ਪਰ ਇਹ ਵੱਡਾ ਵਹਿਮ ਹੈ ਕਿ ਸਿਰਫ ਕੌੜੀਆਂ ਗੱਲਾਂ ਨਾਲ ਫੈਸਲੇ ਦਾ ਅਸਲੀ ਤੱਤ ਹਜ਼ਮ ਕਰਨ ਯੋਗ ਬਣ ਜਾਵੇਗਾ। ਜੇ ਜਸਟਿਸ ਚੰਦਰਚੂੜ ਦੀਆਂ ਚਤੁਰਾਈਆਂ ਢਕੀਆਂ ਨਹੀਂ ਰਹੀਆਂ ਤਾਂ ਬਾਦਲਦਲੀਆਂ ਦੇ ਮਾਮਲੇ ਵਿੱਚ ਵੀ ਚਤੁਰਾਈਆਂ ਢਕੀਆਂ ਨਹੀਂ ਰਹਿਣੀਆਂ।

ਗੱਲ ਬੜੀ ਸਿੱਧੀ ਜਿਹੀ ਹੈ ਜੇ ਲੋਕਾਂ ਨੂੰ ਫੈਸਲੇ ਵਿੱਚ ਨਿਆਂ ਅਤੇ ਦ੍ਰਿੜਤਾ ਨਜ਼ਰ ਆਉਂਦੀ ਹੋਈ ਤਾਂ ਜਥੇਦਾਰਾਂ ਦਾ ਸਤਿਕਾਰ ਹੋਵੇਗਾ ਨਹੀਂ ਤਾਂ ਚੰਦਰਚੂੜ ਵਾਲੀ ਹੋਵੇਗੀ।

#Unpopular_Opinions
#Unpopular_Ideas
#Unpopular_Facts

ਪਿਛਲੇ ਕੁਝ ਦਿਨਾਂ ਵਿੱਚ ਜਿਹੋ ਜਿਹਾ ਮਾਹੌਲ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਰਲ ਕੇ ਸਿਰਜਿਆ ਜਾ ਰਿਹਾ ਹੈ ਅਤੇ ਜਿਹੋ ਜਿਹੇ ਸੰਕੇਤ ਮਿਲ ਰਹੇ ਨੇ, ਉਸ ਤੋਂ ਸਾਫ ਲੱਗ ਰਿਹਾ ਹੈ ਕਿ 2 ਦਸੰਬਰ ਵਾਲੇ ਫੈਸਲੇ ਬਾਰੇ ਨਿਬੇੜਾ ਹੋ ਚੁੱਕਾ ਹੈ।

ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਸਿੰਘ ਸਾਹਿਬਾਨ ਸੋਚ ਸਮਝ ਕੇ ਹੀ ਬਾਦਲਦਲੀਆਂ ਦੀਆਂ ਦਲੀਲਾਂ ਅਤੇ ਰਣਨੀਤੀ ‘ਤੇ ਭਰੋਸਾ ਕਰਨ।

ਪਿਛਲੇ 8-10 ਸਾਲਾਂ ਵਿੱਚ ਇਨ੍ਹਾਂ ਦੀਆਂ ਸਾਰੀਆਂ ਚੁਸਤੀਆਂ ਚਲਾਕੀਆਂ ਫੇਲ੍ਹ ਹੋਈਆਂ ਨੇ ਤੇ‌ ਇਨ੍ਹਾਂ ਨੇ ਨਾ ਸਿਰਫ ਸਿੱਖ ਸੰਸਥਾਵਾਂ ਅਤੇ ਸਿੱਖ ਸਿਆਸਤ ਨੂੰ ਡੂੰਘੀ ਖੱਡ ਵਿੱਚ ਸੁੱਟਿਆ, ਸਗੋਂ ਆਪਣਾ ਨੁਕਸਾਨ ਵੀ ਕਰਾਇਆ। ਜਦੋਂ ਬਲਾਤਕਾਰੀ ਸਾਧ ਨੂੰ ਮਾਫੀ ਦਿੱਤੀ ਸੀ ਤਾਂ ਉਦੋਂ ਵੀ ਇਨ੍ਹਾਂ ਕੋਲ ਇਹੋ ਜਿਹੀਆਂ ਦਲੀਲਾਂ ਅਤੇ ਚਲਾਕੀਆਂ ਦੀ ਕੋਈ ਕਮੀ ਨਹੀਂ ਸੀ। ਬਾਅਦ ਵਿੱਚ ਵੀ ਹਰ ਮਸਲੇ ‘ਤੇ ਇਹੋ ਜਿਹੀ ਪਹੁੰਚ ਹੀ ਰਹੀ।

ਹੁਣ ਤੱਕ ਹੋਈਆਂ ਸਾਰੀਆਂ ਘਟਨਾਵਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਇਸ ਦੇ ਸਲਾਹਕਾਰ ਅਤੇ ਰਣਨੀਤੀਕਾਰ ਆਪਣੇ ਵੱਲੋਂ ਤਾਂ ਚੁਸਤ ਬਣਦੇ ਨੇ ਪਰ ਉਨ੍ਹਾਂ ਦੀਆਂ ਸਾਰੀਆਂ ਚਤੁਰਾਈਆਂ ਨੇ ਹੁਣ ਤੱਕ ਇਨ੍ਹਾਂ ਦਾ ਨੁਕਸਾਨ ਹੀ ਕਰਾਇਆ ਹੈ।

ਇਨ੍ਹਾਂ ਦੀ ਸਭ ਤੋਂ ਤਾਜ਼ਾ ਚਤੁਰਾਈ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਗਾਣਾ ਰਿਲੀਜ਼ ਕਰਾਉਣਾ ਸੀ। 24 ਘੰਟੇ ਦੇ ਅੰਦਰ-ਅੰਦਰ ਇਹਨਾਂ ਦੀ ਚਲਾਕੀ ਨੰਗੀ ਹੋ ਗਈ ਤੇ ਇਹ ਗੱਲ ਪਤਾ ਲੱਗ ਗਈ ਕਿ ਸੁਖਬੀਰ ਦੇ ਬੰਦਿਆਂ ਨੇ ਹੀ ਇਹ ਤਿਆਰ ਕਰਵਾਈ ਤੇ ਉਸ ਦੇ ਦੋ ਤਨਖਾਹਦਾਰ ਮੁਲਾਜ਼ਮਾਂ ਨੂੰ ਗਾਇਕ ਨੇ ਕ੍ਰੈਡਿਟ ਵੀ ਦਿੱਤਾ।

ਇਨ੍ਹਾਂ ਦੇ ਹੁਣ ਤੱਕ ਦੇ ਪ੍ਰਚਾਰ ਅਤੇ ਗਾਣੇ ਦਾ ਅਸਲ ਮਕਸਦ ਇਹ ਮਾਹੌਲ ਤਿਆਰ ਕਰਨਾ ਹੀ ਸੀ ਕਿ ਸੁਖਬੀਰ ਸਿਰਫ ਭਾਜਪਾ ਦੀ ਸਾਜਿਸ਼ ਦਾ ਸ਼ਿਕਾਰ ਹੈ। ਜਦ ਕਿ ਸਚਾਈ ਇਹ ਹੈ ਕਿ ਜਦੋਂ ਦੇ ਸਿੱਖ ਇਨ੍ਹਾਂ ਦੇ ਉਲਟ ਹੋਏ ਨੇ, ਉਦੋਂ ਇਹ ਭਾਜਪਾ ਦੇ ਸਾਂਝੀਦਾਰ ਸਨ।

ਜੇ ਸੁਖਬੀਰ ਅਤੇ ਇਸ ਦੇ ਸਾਥੀ ਸੱਚੇ ਦਿਲੋਂ ਗਲਤੀ ਮੰਨਦੇ, ਚਲਾਕੀਆਂ ਨਾ ਕਰਦੇ ਤਾਂ ਇਨ੍ਹਾਂ ਲਈ ਅਗਲਾ ਰਾਹ ਸੁਖਾਲਾ ਹੋ ਸਕਦਾ ਸੀ। ਪਰ ਇਹ ਤਾਂ ਹਾਲੇ ਵੀ ਦਾਅਵਾ ਕਰ ਰਹੇ ਨੇ ਕਿ ਇਨ੍ਹਾਂ ਨੇ ਗਲਤੀਆਂ ਜਾਂ ਗੁਨਾਹ ਕੋਈ ਨਹੀਂ ਕੀਤੇ, ਸਿਰਫ ਇਨ੍ਹਾਂ ਖਿਲਾਫ ਝੂਠਾ ਭੰਡੀ ਪ੍ਰਚਾਰ ਹੋਇਆ।
#Unpopular_Opinions
#Unpopular_Ideas
#Unpopular_Facts


ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਜਥੇਬੰਦੀਆਂ ਤੇ ਕਾਰਕੁਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਕੋਈ ਸਲਾਹ ਦੇਣ ਤੋਂ ਤਾੜਨਾ ਕੀਤੀ ਹੈ ਪਰ ਧਾਮੀ ਸਾਹਿਬ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਵੱਲੋਂ ਇਸ਼ਤਿਹਾਰਾਂ ਦੇ ਮਾਮਲੇ ‘ਤੇ ਮੰਗੇ ਜਵਾਬ ਵਿੱਚ ਝੂਠ ਬੋਲਿਆ ਹੈ।

ਜੇ ਅਕਾਲ ਤਖਤ ਤੋਂ ਨਿਰਪੱਖ ਕਾਰਵਾਈ ਹੁੰਦੀ ਹੈ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਵੈਸੇ ਉਨ੍ਹਾਂ ਨੇ ਇਹ ਇਹੋ ਜਿਹਾ ਝੂਠ ਪਹਿਲੀ ਵਾਰੀ ਨਹੀਂ ਬੋਲਿਆ। ਜਥੇਦਾਰਾਂ ਦੀ ਨਿਯੁਕਤੀ ਲਈ ਸੇਵਾ ਨਿਯਮਾਂ ਦੀ ਗੱਲ ‘ਤੇ ਵੀ ਉਨ੍ਹਾਂ ਪਹਿਲਾਂ ਗੁੰਮਰਾਹ ਕਰਨ ਵਾਲਾ ਝੂਠ ਬੋਲਿਆ। ਉਨ੍ਹਾਂ ਦਾ ਇਹ ਝੂਠ ਵੀ ਅਸੀਂ ਨੰਗਾ ਕੀਤਾ ਸੀ।

ਗੱਲ ਸਾਫ ਹੈ ਕਿ ਧਾਮੀ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਸੰਸਥਾ ਦੀ ਮਾਣ ਮਰਿਆਦਾ ਦੀ ਕੋਈ ਚਿੰਤਾ ਨਹੀਂ, ਉਨ੍ਹਾਂ ਦਾ ਮਕਸਦ ਸਿਰਫ ਆਪਣੇ ਬੌਸ ਦੇ ਹੁਕਮਾਂ ਨੂੰ ਪੂਰਾ ਕਰਾਉਣਾ ਹੈ। ਪਰ ਅਸਲ ਵਿੱਚ ਉਹ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਕਰਾ ਰਹੇ ਨੇ। ਇਸ ਗੱਲ ਦਾ ਸ਼ਾਇਦ ਸੁਖਬੀਰ ਨੂੰ ਖੁਦ ਵੀ ਅਹਿਸਾਸ ਨਹੀਂ।

ਇਸ਼ਤਿਹਾਰਾਂ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਲਿਖ ਗਏ ਝੂਠੇ ਪੱਤਰ ਬਾਰੇ ਪਿਛਲੀ ਪੋਸਟ:

ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਦਿੱਤੀ ਆਪਣੀ ਸਫਾਈ ਵਿੱਚ ਅਕਾਲ ਚਲਾਣਾ ਕਰ ਚੁੱਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਚੀਫ ਸਕੱਤਰ ਸ੍ਰ ਹਰਚਰਨ ਸਿੰਘ ‘ਤੇ ਜਿੰਮੇਵਾਰੀ ਸੁੱਟ ਕੇ ਵਿਹਾਰ ਚਤੁਰਾਈ ਵਿਖਾਈ ਹੈ। ਇਹ ਸਫਾਈ ਹੋਰ ਕੁਝ ਵੀ ਹੋਵੇ, ਸੱਚ ਤੋਂ ਕੋਹਾਂ ਦੂਰ ਹੈ।

ਸ੍ਰ ਹਰਚਰਨ ਸਿੰਘ ਨੇ 2020 ਵਿਚ ਛਪੀ ਆਪਣੀ ਕਿਤਾਬ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤਮਾਨ ਸਥਿਤੀ” ਵਿੱਚ ਇਸ਼ਤਿਹਾਰਾਂ ਸਬੰਧੀ ਖੁਲਾਸਾ ਕੀਤਾ ਸੀ। ਉਨ੍ਹਾਂ ਦੇ ਜਿਉਂਦੇ ਜੀਅ ਸ਼੍ਰੋਮਣੀ ਕਮੇਟੀ ਦੇ ਕਿਸੇ ਅਹੁਦੇਦਾਰ ਜਾਂ ਅਕਾਲੀ ਦਲ ਦੇ ਕਿਸੇ ਚੌਧਰੀ ‘ਚ ਉਨ੍ਹਾਂ ਦੀ ਗੱਲ ਦੀ ਰੱਦ ਕਰਨ ਦੀ ਹਿੰਮਤ ਨਹੀਂ ਪਈ।

ਉਨ੍ਹਾਂ ਆਪਣੀ ਕਿਤਾਬ ਵਿੱਚ ਖੁਲਾਸਾ ਕੀਤਾ ਕਿ ਮੱਕੜ ਸਾਹਿਬ ਨੂੰ ਚੰਡੀਗੜ੍ਹ ਬੁਲਾਇਆ ਗਿਆ ਤੇ ਇਤਫਾਕ ਨਾਲ ਪ੍ਰਧਾਨ ਜੀ ਨੇ ਸ੍ਰ ਹਰਚਰਨ ਸਿੰਘ ਨੂੰ ਵੀ ਨਾਲ ਲੈ ਲਿਆ।

ਸ੍ਰ ਮੱਕੜ ਨੇ ਉਨ੍ਹਾਂ ਨੂੰ ਦੱਸਿਆ ਤੇ ਅਕਾਲੀ ਦਲ ਦੇ ਪ੍ਰਧਾਨ ਭਾਵ ਸੁਖਬੀਰ ਸਿੰਘ ਬਾਦਲ ਵੱਲੋਂ ਆਦੇਸ਼ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਇਸ਼ਤਿਹਾਰ ਜਾਰੀ ਕਰੇ। ਸ੍ਰ ਹਰਚਰਨ ਸਿੰਘ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਪਰ ਮੱਕੜ ਸਾਹਿਬ ਨੇ ਪਾਰਟੀ ਦੇ ਆਦੇਸ਼ ਦਾ ਵਾਸਤਾ ਪਾ ਕੇ ਮਜਬੂਰੀ ਪ੍ਰਗਟਾਈ।

ਸ੍ਰ ਹਰਚਰਨ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 91 ਲੱਖ ਦੇ ਇਸ਼ਤਿਹਾਰਾਂ ਦੇ ਖਰਚੇ ਦੀ ਪ੍ਰਵਾਨਗੀ ਦਿੱਤੀ ਤੇ ਸਿਵਾਏ ਸ੍ਰ ਸੁਖਦੇਵ ਸਿੰਘ ਭੌਰ ਦੇ ਕਿਸੇ ਮੈਂਬਰ ਨੇ ਇਸ ‘ਤੇ ਇਤਰਾਜ਼ ਨਹੀਂ ਪ੍ਰਗਟਾਇਆ।

ਲੋੜ ਹੁਣ ਇਸ ਗੱਲ ਦੀ ਹੈ ਕਿ ਉਸ ਵੇਲੇ ਦੇ ਅੰਤ੍ਰਿੰਗ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵੀ ਸੱਦ ਕੇ ਜਾਂ ਉਨ੍ਹਾਂ ਦੇ ਨਾਂ ਜਨਤਕ ਕਰਕੇ ਉਨ੍ਹਾਂ ਦਾ ਕਿਰਦਾਰ ਲੋਕਾਂ ਨੂੰ ਵਿਖਾਇਆ ਜਾਵੇ ਕਿ ਉਨ੍ਹਾਂ ਲਈ ਕੌਮ ਅਤੇ ਗੁਰੂ ਘਰ ਨਾਲ ਵਫਾਦਾਰੀ ਬਾਅਦ ਵਿੱਚ ਤੇ ਬਾਦਲਾਂ ਦੀ ਬੇਈਮਾਨ ਰਾਜਨੀਤੀ ਨਾਲ ਵਫਾਦਾਰੀ ਪਹਿਲਾਂ ਸੀ।

ਇਹ ਗੱਲ ਸਪਸ਼ਟ ਹੈ ਕਿ ਇਹੋ ਜਿਹਾ ਫੈਸਲਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਹੋਰ ਚੁਣੇ ਹੋਏ ਅਹੁਦੇਦਾਰ ਹੀ ਲੈ ਸਕਦੇ ਸਨ। ਚੀਫ ਸਕੱਤਰ ਦੀ ਇਸ ਵਿੱਚ ਕੋਈ ਮਰਜ਼ੀ ਨਹੀਂ ਹੋ ਸਕਦੀ ਸੀ। ਪਰ ਜਦੋਂ ਲੋਕਾਂ ਨੂੰ ਚੁਸਤੀਆਂ-ਚਲਾਕੀਆਂ ਨਾਲ ਗੁਮਰਾਹ ਹੀ ਕਰਨਾ ਹੋਵੇ ਤਾਂ ਫਿਰ ਸੱਚ, ਝੂਠ ਦੀ ਪਰਵਾਹ ਕਿਸਨੂੰ ਹੈ?

ਵੈਸੇ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਹ ਇਸ਼ਤਿਹਾਰ ਬਾਦਲਾਂ ਦੇ ਹੁਕਮਾਂ ਤੇ ਦਿੱਤੇ ਪਰ ਸ੍ਰ ਹਰਚਰਨ ਸਿੰਘ ਦੀ ਲਿਖਤ ਤੋਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ, ਖਾਸ ਕਰਕੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ, ਜਿਨ੍ਹਾਂ ਦੀ ਮਰਜ਼ੀ ਨਾਲ ਇਹ ਸਫਾਈ ਵਾਲੀ ਚਿੱਠੀ ਦਿੱਤੀ ਗਈ ਹੋਵੇਗੀ, ਬਾਰੇ ਅਤੇ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਬਾਰੇ ਇਹ ਜ਼ਰੂਰ ਸਾਫ ਕਰ ਦਿੱਤਾ ਹੈ ਕਿ ਇਹ ਹਾਲੇ ਵੀ ਚੁਸਤੀਆਂ ਚਲਾਕੀਆਂ ਦਾ ਸਹਾਰਾ ਲੈ ਰਹੇ ਨੇ।

ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਅਕਾਲ ਤਖਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋਂ ਦਿੱਤੀ ਇਸ ਜਾਅਲੀ ਜਿਹੀ ਸਫਾਈ ਨੂੰ ਮੰਨਦੇ ਨੇ ਜਾਂ ਰੱਦ ਕਰਨਗੇ।

(ਮਰਹੂਮ ਸ੍ਰ ਹਰਚਰਨ ਸਿੰਘ ਬਾਰੇ ਸ਼੍ਰੋਮਣੀ ਕਮੇਟੀ ‘ਤੇ ਕਾਬਜ ਮਾੜੇ ਕਿਰਦਾਰ ਦੇ ਲੋਕਾਂ ਨੇ ਦੂਜੀ ਵਾਰ ਝੂਠਾ ਦੋਸ਼ ਲਾਇਆ ਹੈ। ਚਾਰ ਕੁ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਮਾਮਲੇ ਵਿੱਚ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਖਿਲਾਫ ਬਿਲਕੁਲ ਝੂਠੀ ਬਿਆਨਬਾਜ਼ੀ ਕੀਤੀ ਅਤੇ ਧਮਕਾਇਆ।

ਉਸੇ ਮਾਨਸਿਕ ਦਬਾਅ ਦੇ ਚਲਦਿਆਂ ਸ੍ਰ ਹਰਚਰਨ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸੇ। ਲੌਂਗੋਵਾਲ ਅਤੇ ਬਾਕੀ ਦੀ ਜੁੰਡਲੀ ਦੀ ਉਸ ਸਿਰੇ ਦੀ ਘਟੀਆ ਅਤੇ ਜਾਨ ਲੇਵਾ ਕਰਤੂਤ ਨੂੰ ਅਸੀਂ ਉਸ ਵੇਲੇ ਵੀ ਨੰਗਾ ਕੀਤਾ ਸੀ)
#Unpopular_Opinions
#Unpopular_Ideas
#Unpopular_Facts