On Adani indictment, MEA says US govt did not inform India in advance, calls it ‘legal matter involving private firms, individuals, US DoJ’
ਅਡਾਨੀ ਮਾਮਲਾ ਨਿੱਜੀ ਕੰਪਨੀਆਂ ਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਮਸਲਾ: ਭਾਰਤ
ਵਿਦੇਸ਼ ਮੰਤਰਾਲੇ ਨੇ ਅਮਰੀਕਾ ਵੱਲੋਂ ਮਾਮਲੇ ਬਾਰੇ ਪਹਿਲਾਂ ਤੋਂ ਸੂਚਿਤ ਨਾ ਕਰਨ ਦਾ ਕੀਤਾ ਦਾਅਵਾ
ਨਵੀਂ ਦਿੱਲੀ, 29 ਨਵੰਬਰ
ਅਮਰੀਕੀ ਵਕੀਲਾਂ ਵੱਲੋਂ ਕਾਰੋਬਾਰੀ ਗੌਤਮ ਅਡਾਨੀ ਅਤੇ ਕੁਝ ਹੋਰਾਂ ’ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼ ਲਾਏ ਜਾਣ ਤੋਂ ਕੁਝ ਦਿਨਾਂ ਬਾਅਦ ਭਾਰਤ ਨੇ ਅੱਜ ਕਿਹਾ ਕਿ ਇਹ ਨਿੱਜੀ ਕੰਪਨੀਆਂ ਤੇ ਕੁਝ ਵਿਅਕਤੀਆਂ ਅਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੜਿਆ ਕਾਨੂੰਨੀ ਮਾਮਲਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ ਬਾਰੇ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਗਿਆ ਸੀ।
ਉਨ੍ਹਾਂ ਕਿਹਾ, ‘ਇਹ ਨਿੱਜੀ ਕੰਪਨੀਆਂ ਤੇ ਵਿਅਕਤੀਆਂ ਅਤੇ ਅਮਰੀਕੀ ਨਿਆਂ ਵਿਭਾਗ ਨਾਲ ਜੁੁੜਿਆ ਇੱਕ ਕਾਨੂੰਨੀ ਮਾਮਲਾ ਹੈ। ਅਜਿਹੇ ਮਾਮਲਿਆਂ ’ਚ ਸਥਾਪਤ ਪ੍ਰਕਿਰਿਆਵਾਂ ਤੇ ਕਾਨੂੰਨੀ ਢੰਗ ਹਨ।
ਸਾਡਾ ਮੰਨਣਾ ਹੈ ਕਿ ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ।’ ਜੈਸਵਾਲ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਅਡਾਨੀ ਤੇ ਹੋਰਾਂ ਖ਼ਿਲਾਫ਼ ਲਾਏ ਗਏ ਦੋਸ਼ਾਂ ’ਤੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ।
ਇਸ ਸਵਾਲ ’ਤੇ ਕਿ ਕੀ ਅਮਰੀਕਾ ਨੇ ਅਡਾਨੀ ਮਾਮਲੇ ’ਤੇ ਕੋਈ ਸੰਮਨ ਜਾਂ ਵਾਰੰਟ ਭੇਜਿਆ ਹੈ, ਉਨ੍ਹਾਂ ਕਿਹਾ ਕਿ ਭਾਰਤ ਨੂੰ ਅਜਿਹਾ ਕੋਈ ਮੰਗ ਪ੍ਰਾਪਤ ਨਹੀਂ ਹੋਈ ਹੈ।
ਜੈਸਵਾਲ ਨੇ ਕਿਹਾ, ‘ਕਿਸੇ ਵਿਦੇਸ਼ੀ ਸਰਕਾਰ ਵੱਲੋਂ ਸੰਮਨ ਜਾਂ ਗ੍ਰਿਫ਼ਤਾਰੀ ਵਾਰੰਟ ਦੀ ਤਾਮੀਲ ਲਈ ਕੀਤੀ ਗਈ ਕੋਈ ਵੀ ਮੰਗ ਆਪਸੀ ਕਾਨੂੰਨੀ ਸਹਾਇਤਾ ਦਾ ਹਿੱਸਾ ਹੈ।
ਅਜਿਹੀਆਂ ਮੰਗਾਂ ਦੀ ਜਾਂਚ ਗੁਣ-ਦੋਸ਼ ਦੇ ਆਧਾਰ ’ਤੇ ਕੀਤੀ ਜਾਂਦੀ ਹੈ।’ ਉਨ੍ਹਾਂ ਕਿਹਾ, ‘ਇਸ ਮਾਮਲੇ ’ਚ ਅਮਰੀਕਾ ਵੱਲੋਂ ਸਾਡੇ ਕੋਲੋਂ ਕੋਈ ਜਾਣਕਾਰੀ ਨਹੀਂ ਮੰਗੀ ਗਈ।’
ਨਿਊਯਾਰਕ ਦੀ ਇੱਕ ਜ਼ਿਲ੍ਹਾ ਅਦਾਲਤ ’ਚ ਅਪਰਾਧਕ ਦੋਸ਼ ਦੇ ਖੁਲਾਸੇ ਮਗਰੋਂ ਮੀਡੀਆ ’ਚ ਸੰਮਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਅਡਾਨੀ ਸਮੂਹ ਦੇ ਮੁਖੀ ਗੌਤਮ ਅਡਾਨੀ ਸਮੇਤ ਪ੍ਰਮੁੱਖ ਅਧਿਕਾਰੀਆਂ ’ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਦੋਸ਼ ਲਾਏ ਗਏ ਸਨ।
27 ਨਵੰਬਰ ਨੂੰ ਅਡਾਨੀ ਸਮੂਹ ਨੇ ਅਮਰੀਕੀ ਵਿਭਾਗ ਵੱਲੋਂ ਗਰੁੱਪ ਦੇ ਬਾਨੀ ਤੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਅਡਾਨੀ ਗਰੀਨ ਐਨਰਜੀ ਦੇ ਐੱਮਡੀ ਸੀਈਓ ਵਿਨੀਤ ਜੈਨ ਖ਼ਿਲਾਫ਼ ਲਾਏ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। –