UK -ਸੰਤੋਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਸ਼ੱਕੀ ਹਾਲਾਤ ’ਚ ਮੌਤ
ਦੋ ਮਹੀਨੇ ਪਹਿਲਾਂ ਹੀ ਯੂਕੇ ਗਿਆ ਸੀ ਨੌਜਵਾਨ
ਭਵਾਨੀਗੜ੍ਹ, 21 ਅਪਰੈਲ
ਇੱਥੋਂ ਨੇੜਲੇ ਪਿੰਡ ਸੰਤੋਖਪੁਰਾ ਦੇ ਨੌਜਵਾਨ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ।
ਭੁਪਿੰਦਰ ਸਿੰਘ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਮਨਪ੍ਰੀਤ ਸਿੰਘ ਦੋ ਕੁ ਮਹੀਨੇ ਪਹਿਲਾਂ ਯੂਕੇ ਗਿਆ ਸੀ ਅਤੇ ਉਸ ਦੀ ਪਤਨੀ ਵੀ ਯੂਕੇ ਵਿਚ ਹੀ ਹੈ। ਇਸੇ ਦੌਰਾਨ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਹਰਮਨਪ੍ਰੀਤ ਸਿੰਘ ਦੀ ਯੂਕੇ ਵਿੱਚ ਆਪਣੀ ਰਿਹਾਇਸ਼ ਵਿੱਚ ਹੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਬਾਲੀਆਂ ਵਿੱਚ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਯੂਕੇ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕਿ ਉਸ ਦੇ ਪੁੱਤਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇ ਅਤੇ ਹਰਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਦਾ ਯਤਨ ਕੀਤਾ ਜਾਵੇ।
ਇਸੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਇਸ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।