India-Pakistan Asia Cup 2025 Match: Handshake Refusal Amid Political Tensions
ਏਸ਼ੀਆ ਕੱਪ ਦੇ ਛੇਵੇਂ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤ ਲਈ 20 ਓਵਰਾਂ ਵਿੱਚ 128 ਦੌੜਾਂ ਦਾ ਟੀਚਾ ਰੱਖਿਆ।
ਭਾਰਤ ਨੇ 15.5 ਓਵਰਾਂ ਵਿੱਚ ਸਿਰਫ਼ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਇਹ ਟੀਚਾ ਪ੍ਰਾਪਤ ਕਰ ਲਿਆ। ਕਪਤਾਨ ਸੂਰਿਆਕੁਮਾਰ ਯਾਦਵ ਨੇ ਭਾਰਤ ਲਈ 37 ਗੇਂਦਾਂ ਵਿੱਚ 47 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾਂ, ਕੁਲਦੀਪ ਯਾਦਵ ਨੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦੀ ਪਾਰੀ ਨੂੰ 127 ਦੌੜਾਂ ‘ਤੇ ਸਮੇਟਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਮੈਚ ਤੋਂ ਬਾਅਦ, ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਉਹ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਨਾਲ ਖੜ੍ਹੇ ਹਨ।
ਸੂਰਿਆਕੁਮਾਰ ਯਾਦਵ ਨੇ ਕਿਹਾ, “ਮੈਂ ਕੁਝ ਸਮਾਂ ਲੈਣਾ ਚਾਹੁੰਦਾ ਹਾਂ। ਕੁਝ ਚੀਜ਼ਾਂ ਖੇਡ ਭਾਵਨਾ ਤੋਂ ਵੀ ਵਧ ਕੇ ਹੁੰਦੀਆਂ ਹਨ। ਅਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਨਾਲ ਖੜ੍ਹੇ ਹਾਂ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਇਸ ਜਿੱਤ ਨੂੰ ‘ਆਪ੍ਰੇਸ਼ਨ ਸਿੰਦੂਰ’ ਵਿੱਚ ਹਿੱਸਾ ਲੈਣ ਵਾਲੇ ਆਪਣੇ ਫੌਜੀਆਂ ਨੂੰ ਸਮਰਪਿਤ ਕਰਦੇ ਹਾਂ। ਉਹ ਸਾਨੂੰ ਪ੍ਰੇਰਿਤ ਕਰਦੇ ਰਹਿਣਗੇ।”
128 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਭਿਸ਼ੇਕ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਜੋੜੀ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਓਵਰ ਦੀ ਆਖਰੀ ਗੇਂਦ ‘ਤੇ ਸਈਮ ਆਯੂਬ ਨੇ ਸ਼ੁਭਮਨ ਗਿੱਲ ਨੂੰ ਸਟੰਪ ਆਉਟ ਕਰਾ ਕੇ ਪੈਵੇਲੀਅਨ ਭੇਜ ਦਿੱਤਾ।
ਜਦੋਂ ਗਿੱਲ ਆਊਟ ਹੋਏ ਤਾਂ ਭਾਰਤ ਦਾ ਸਕੋਰ 22 ਦੌੜਾਂ ਸੀ। ਹਾਲਾਂਕਿ, ਇਸ ਤੋਂ ਬਾਅਦ ਵੀ ਅਭਿਸ਼ੇਕ ਸ਼ਰਮਾ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ। ਪਰ ਉਹ ਆਪਣੀ ਪਾਰੀ ਨੂੰ 31 ਦੌੜਾਂ ਤੋਂ ਅੱਗੇ ਨਹੀਂ ਲੈ ਜਾ ਸਕੇ। ਉਨ੍ਹਾਂ ਨੇ 13 ਗੇਂਦਾਂ ਵਿੱਚ ਦੋ ਛੱਕੇ ਅਤੇ ਚਾਰ ਚੌਕਿਆਂ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ। ਉਨ੍ਹਾਂ ਦੀ ਵਿਕਟ ਵੀ ਸਈਮ ਆਯੂਬ ਨੇ ਲਈ।
ਇਸ ਤੋਂ ਬਾਅਦ, ਕਪਤਾਨ ਸੂਰਿਆਕੁਮਾਰ ਯਾਦਵ ਨੇ ਤਿਲਕ ਵਰਮਾ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਪਾਵਰਪਲੇ ਦੇ ਅੰਤ ਤੱਕ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ‘ਤੇ 61 ਦੌੜਾਂ ਬਣਾ ਲਈਆਂ ਸਨ।
10 ਓਵਰਾਂ ਤੋਂ ਬਾਅਦ, ਸੂਰਿਆਕੁਮਾਰ ਅਤੇ ਤਿਲਕ ਵਰਮਾ ਦੀ ਜੋੜੀ ਨੇ 10 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ ਭਾਰਤ ਦਾ ਸਕੋਰ 88 ਦੌੜਾਂ ਤੱਕ ਪਹੁੰਚਾ ਦਿੱਤਾ।
ਹਾਲਾਂਕਿ, 13ਵੇਂ ਓਵਰ ਦੀ ਦੂਜੀ ਗੇਂਦ ‘ਤੇ ਸਈਮ ਆਯੂਬ ਨੇ ਤਿਲਕ ਵਰਮਾ ਨੂੰ ਬੋਲਡ ਕਰ ਦਿੱਤਾ। ਤਿਲਕ ਵਰਮਾ ਨੇ 31 ਗੇਂਦਾਂ ‘ਤੇ 31 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ਿਵਮ ਦੂਬੇ ਨਾਲ ਮਿਲ ਕੇ ਭਾਰਤ ਦੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਵਿਚਕਾਰ ਚੌਥੀ ਵਿਕਟ ਲਈ 34 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ।
ਸੂਰਿਆਕੁਮਾਰ ਯਾਦਵ 47 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਹੇ, ਜਦਕਿ ਸ਼ਿਵਮ ਦੂਬੇ ਨੇ 10 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਪਾਕਿਸਤਾਨ ਲਈ ਤਿੰਨੋਂ ਵਿਕਟਾਂ ਸਈਮ ਆਯੂਬ ਨੇ ਲਈਆਂ।