ਪੰਨੂ ਮਾਮਲੇ ਦੇ ਮੁਲਜ਼ਮ ਵਿਕਾਸ ਯਾਦਵ ਨੇ ਜਾਨ ਨੂੰ ਦੱਸਿਆ ਖ਼ਤਰਾ
ਨਵੀਂ ਦਿੱਲੀ, 17 ਨਵੰਬਰ
ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ’ਚ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਕਥਿਤ ਮੁਲਜ਼ਮ ਵਿਕਾਸ ਯਾਦਵ ਨੂੰ ਇਥੋਂ ਦੀ ਇਕ ਅਦਾਲਤ ਨੇ ਅਗ਼ਵਾ ਅਤੇ ਫਿਰੌਤੀ ਵਸੂਲਣ ਦੇ ਮਾਮਲੇ ’ਚ 16 ਨਵੰਬਰ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ। ਵਿਕਾਸ ਯਾਦਵ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਹ ਅਦਾਲਤ ’ਚ ਪੇਸ਼ ਨਹੀਂ ਹੋ ਸਕਦਾ
ਵਿਸ਼ੇਸ਼ ਜੱਜ ਸੁਮਿਤ ਦਾਸ ਨੇ ਵਿਕਾਸ ਯਾਦਵ ਦੇ ਵਕੀਲ ਵੱਲੋਂ ਦਾਖ਼ਲ ਅਰਜ਼ੀ ’ਤੇ ਉਸ ਨੂੰ ਰਾਹਤ ਦਿੱਤੀ। ਅਰਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਕਾਸ ਦੇ ਨਿੱਜੀ ਵੇਰਵੇ ਜਨਤਕ ਹੋ ਗਏ ਹਨ ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ। ਜੱਜ ਨੇ ਉਸ ਨੂੰ ਅਗਲੇ ਸਾਲ 3 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ’ਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਰਾਅ ਦਾ ਸਾਬਕਾ ਅਧਿਕਾਰੀ ਦੱਸੇ ਜਾਂਦੇ ਯਾਦਵ ਦਾ ਨਾਮ ਅਮਰੀਕਾ ’ਚ ਪੰਨੂ ਦੀ ਹੱਤਿਆ ਦੀ ਨਾਕਾਮ ਕੋਸ਼ਿਸ਼ ’ਚ ਸਾਹਮਣੇ ਆਇਆ ਹੈ।
ਵਿਕਾਸ ਯਾਦਵ ਨੂੰ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਪਿਛਲੇ ਸਾਲ ਦਸੰਬਰ ’ਚ ਇਕ ਕਾਰੋਬਾਰੀ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਆਧਾਰਿਤ ਕਾਰੋਬਾਰੀ ਨੇ ਉਸ ’ਤੇ ਫਿਰੌਤੀ ਵਸੂਲਣ ਅਤੇ ਅਗ਼ਵਾ ਕਰਨ ਦੇ ਦੋਸ਼ ਲਾਏ ਹਨ।
ਉਸ ਖ਼ਿਲਾਫ਼ ਇਸ ਵਰ੍ਹੇ ਮਾਰਚ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ ਅਤੇ ਅਪਰੈਲ ’ਚ ਜ਼ਮਾਨਤ ਮਿਲ ਗਈ ਸੀ।
ਅਦਾਲਤ ਅੱਗੇ ਦਾਖ਼ਲ ਅਰਜ਼ੀ ’ਚ ਦਾਅਵਾ ਕੀਤਾ ਗਿਆ ਹੈ ਕਿ ਯਾਦਵ ਖ਼ਿਲਾਫ਼ ਝੂਠੇ ਅਤੇ ਮਨਘੜਤ ਦੋਸ਼ ਲਾਏ ਗਏ ਹਨ।
ਯਾਦਵ ਦੇ ਵਕੀਲ ਨੇ ਕਿਹਾ ਹੈ ਕਿ ਉਸ ਦੇ ਮੁਵੱਕਿਲ ਦੀ ਰਿਹਾਇਸ਼ ਦਾ ਪਤਾ, ਪਿਛੋਕੜ ਬਾਰੇ ਜਾਣਕਾਰੀ ਅਤੇ ਤਸਵੀਰਾਂ ਦੁਨੀਆ ਭਰ ’ਚ ਪ੍ਰਕਾਸ਼ਿਤ ਹੋ ਗਈਆਂ ਹਨ ਜਿਸ ਕਾਰਨ ਉਸ ਦੀ ਜਾਨ ਨੂੰ ਗੰਭੀਰ ਖ਼ਤਰਾ ਹੋ ਗਿਆ ਹੈ।
ਅਰਜ਼ੀ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਵੀ ਅਸੁਰੱਖਿਅਤ ਹੈ ਕਿਉਂਕਿ ਯਾਦਵ ਦੇ ਟਿਕਾਣੇ ਦਾ ਇਲੈਕਟ੍ਰਾਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਪਤਾ ਲਾਇਆ ਜਾ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਮੁਕੱਦਮੇ ਰਾਹੀਂ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਇੱਛੁਕ ਹੈ ਪਰ ਉਸ ਨੂੰ ਪੇਸ਼ੀ ਤੋਂ ਛੋਟ ਦਿੱਤੀ ਜਾਵੇ। –