Breaking News

ਪ੍ਰਿੰਕਲ ‘ਤੇ ਹੋਈ ਫਾਇ.ਰਿੰਗ ਮਾਮਲੇ ‘ਚੇ ਨਵਾਂ ਮੋੜ, ਸਾਹਮਣੇ ਆਇਆ ‘Love’ ਕੁਨੈਕਸ਼ਨ

ਪ੍ਰਿੰਕਲ ‘ਤੇ ਹੋਈ ਫਾਇਰਿੰਗ ਮਾਮਲੇ ‘ਚੇ ਨਵਾਂ ਮੋੜ, ਸਾਹਮਣੇ ਆਇਆ ‘Love’ ਕੁਨੈਕਸ਼ਨ

ਲੁਧਿਆਣਾ ਦੇ ਸੀ.ਐੱਮ.ਸੀ. ਚੌਂਕ ਦੇ ਨਜ਼ਦੀਕ ਸ਼ੂ ਸਟੋਰ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਕਾਰੋਬਾਰ ਵਿਚ ਪਾਰਟਨਰ ਔਰਤ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਪ੍ਰਿੰਕਲ ਅਤੇ ਮਹਿਲਾ ਪਾਰਟਨਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਉਨ੍ਹਾਂ ਨੂੰ ਇਲਾਜ ਲਈ ਸੀ.ਐੱਮ.ਸੀ. ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੌਕੇ ‘ਤੇ ਜਾਂਚ ਕਰਨ ਪਹੁੰਚੇ ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਪ੍ਰਿੰਕਲ ਦੀ ਉਸ ਦੇ ਸਹੁਰੇ ਪਰਿਵਾਰ ਨਾਲ ਕੁਝ ਦਿਨਾਂ ਤੋਂ ਰੰਜਿਸ਼ ਚੱਲ ਰਹੀ ਸੀ, ਜਿਸ ਨੂੰ ਲੈ ਕੇ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ।

ਪ੍ਰਿੰਕਲ ਨੇ ਪੁਲਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸ ਦੇ ਸਹੁਰੇ ਅਤੇ ਰਿਸ਼ਵ ਬੈਨੀਪਾਲ ਨਾਂ ਦੇ ਵਿਅਕਤੀ ਵੱਲੋਂ ਉਸ ‘ਤੇ ਹਮਲਾ ਕਰਵਾਇਆ ਗਿਆ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਉਨ੍ਹਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਿੰਕਲ ਨੇ ਲਵ ਮੈਰਿਜ ਕਰਵਾਈ ਹੈ, ਜਿਸ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਤੋਂ ਨਾਰਾਜ਼ ਹੈ ਤੇ ਉਨ੍ਹਾਂ ਦਾ ਆਪਸ ‘ਚ ਵਿਵਾਦ ਚੱਲ ਰਿਹਾ ਹੈ। ਇਸ ਵਿਵਾਦ ਮਗਰੋਂ ਉਸ ਦੀ ਪਤਨੀ ਵੀ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ।

ਪ੍ਰਿੰਕਲ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਹੀ ਉਸ ‘ਤੇ ਇਹ ਹਮਲਾ ਕਰਵਾਇਆ ਗਿਆ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਪੀੜਤ ਨੇ ਜਿਨ੍ਹਾਂ ਦੇ ਨਾਂ ਦਰਜ ਕਰਵਾਏ ਗਏ ਹਨ, ਉਨ੍ਹਾਂ ਵਿੱਚ ਪ੍ਰਿੰਕਲ ਦਾ ਸਹੁਰਾ, ਰਿਸ਼ਵ ਬੈਨੀਪਾਲ ਉਰਫ਼ ਨਨੂੰ ਅਤੇ ਹੋਰ ਕਈ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਸ ਨੇ ਕਿਹਾ ਕਿ ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਡੀ.ਸੀ.ਪੀ. ਨੇ ਦੱਸਿਆ ਕਿ ਜਦ ਬਦਮਾਸ਼ਾਂ ਨੇ ਪ੍ਰਿੰਕਲ ‘ਤੇ ਗੋਲੀਆਂ ਚਲਾਈਆਂ ਤਾਂ ਪ੍ਰਿੰਕਲ ਨੇ ਵੀ ਆਪਣੇ ਲਸਾਇੰਸੀ ਪਿਸਤੌਲ ਨਾਲ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ‘ਚੋਂ ਵੀ ਕਿਸੇ ਦੇ ਜ਼ਖਮੀ ਹੋ ਜਾਣ ਦਾ ਸ਼ੱਕ ਹੈ। ਪ੍ਰਿੰਕਲ ਦੇ ਪਿਤਾ ਨੇ ਕਿਹਾ ਕਿ ਉਹ ਪੁਲਸ ਦਾ ਸਹਿਯੋਗ ਕਰ ਰਹੇ ਹਨ ਤੇ ਉਮੀਦ ਹੈ ਕਿ ਪੁਲਸ ਉਨ੍ਹਾਂ ਨੂੰ ਇਨਸਾਫ਼ ਦਿਵਾਏਗਾ ਤੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।