ਨਵਜੋਤ ਕੌਰ ਸਿੱਧੂ ਨੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਸਿਆਸੀ ਚਰਚਾ
ਅੰਮ੍ਰਿਤਸਰ- ਸੀਨੀਅਰ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਸਿਆਸਤ ਤੋਂ ਦੂਰ ਹਨ। ਇਸ ਦਾ ਇਕ ਕਾਰਨ ਉਨ੍ਹਾਂ ਦੀ ਪਤਨੀ ਦਾ ਕੈਂਸਰ ਵੀ ਰਿਹਾ, ਜਿਨ੍ਹਾਂ ਦਾ ਹੁਣ ਇਲਾਜ ਹੋ ਚੁੱਕਾ ਹੈ ਤੇ ਪੂਰੀ ਤਰ੍ਹਾਂ ਠੀਕ ਹਨ।
ਠੀਕ ਹੋਣ ਮਗਰੋਂ ਅੱਜ ਨਵਜੋਤ ਕੌਰ ਸਿੱਧੂ ਨੇ ਆਪਣੀ ਧੀ ਰਾਬੀਆ ਸਿੱਧੂ ਸਣੇ ਅੰਮ੍ਰਿਤਸਰ ਵਿਖੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੀ ਜਾਣਕਾਰੀ ਤਰਨਜੀਤ ਸਿੰਘ ਸੰਧੂ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਪੋਸਟ ਕਰ ਕੇ ਦਿੱਤੀ।
ਉਨ੍ਹਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਲਿਖਿਆ ਕਿ ਉਨ੍ਹਾਂ ਨੂੰ ਆਪਣੇ ਗ੍ਰਹਿ ਵਿਖੇ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕਰ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦੋਵਾਂ ਵਿਚਕਾਰ ਅੰਮ੍ਰਿਤਸਰ ਦੇ ਵਿਕਾਸ ਕਾਰਜਾਂ ਤੇ ਸਮੱਸਿਆਵਾਂ ‘ਤੇ ਵਿਚਾਰ-ਚਰਚਾ ਹੋਈ। `
ਹਾਲਾਂਕਿ ਇਸ ਮੁਲਾਕਾਤ ਮਗਰੋਂ ਨਵਜੋਤ ਕੌਰ ਸਿੱਧੂ ਜਾਂ ਤਰਨਜੀਤ ਸੰਧੂ ਨੇ ਕੋਈ ਬਿਆਨ ਤਾਂ ਨਹੀਂ ਦਿੱਤਾ, ਪਰ ਇਸ ਮੁਲਾਕਾਤ ਮਗਰੋਂ ਸਿਆਸੀ ਗਲਿਆਰਿਆਂ ‘ਚ ਇਕ ਨਵੀਂ ਤਰ੍ਹਾਂ ਦੀ ਚਰਚਾ ਛਿੜ ਗਈ ਹੈ।
ਕੁਝ ਸਿਆਸੀ ਮਾਹਿਰ ਇਸ ਮੁਲਾਕਾਤ ਨੂੰ ਸਿੱਧੂ ਪਰਿਵਾਰ ਦੀ ਸਿਆਸਤ ‘ਚ ਵਾਪਸੀ ਵਜੋਂ ਦੇਖ ਰਹੇ ਹਨ।
ਸਿੱਧੂ ਪਰਿਵਾਰ, ਜੋ ਕਿ ਕਾਂਗਰਸ ਪਾਰਟੀ ਤੋਂ ਲਗਾਤਾਰ ਦੂਰੀ ‘ਤੇ ਬਣਿਆ ਹੋਇਆ ਹੈ, ਦੀ ਸੰਧੂ ਨਾਲ ਮੁਲਾਕਾਤ ਮਗਰੋਂ ਭਾਜਪਾ ‘ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਨੂੰ ਖ਼ੂਬ ਹਵਾ ਮਿਲੀ ਹੈ।
ਜ਼ਿਕਰਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਭਾਜਪਾ ਦੇ ਸੀਨੀਅਰ ਆਗੂ ਹਨ ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਅੰਮ੍ਰਿਤਸਰ ਤੋਂ ਮੈਦਾਨ ‘ਚ ਉਤਰੇ ਸਨ, ਜਿੱਥੇ ਉਨ੍ਹਾਂ ਨੂੰ ਕਾਂਗਰਸ ਦੇ ਗੁਰਜੀਤ ਔਜਲਾ ਤੇ ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਤੋਂ ਬਾਅਦ ਤੀਜਾ ਸਥਾਨ ਹਾਸਲ ਹੋਇਆ ਸੀ।
ਉੱਥੇ ਹੀ ਦੂਜੇ ਪਾਸੇ ਕਾਂਗਰਸ ‘ਚ ਪਾਰਟੀ ਆਗੂਆਂ ਨਾਲ ਛਿੜੇ ਕਾਟੋ-ਕਲੇਸ਼ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ।
ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਵੱਲੋਂ ਕੋਈ ਜ਼ਿੰਮੇਵਾਰੀ ਨਹੀਂ ਸੌਂਪੀ ਗਈ,
ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਪਾਰਟੀ ਤੋਂ ਫਾਸਲਾ ਬਣਾ ਲਿਆ ਸੀ। ਹੁਣ ਉਨ੍ਹਾਂ ਦੇ ਪਰਿਵਾਰ ਦੀ ਇਸ ਤਰ੍ਹਾਂ ਭਾਜਪਾ ਆਗੂ ਨਾਲ ਮੁਲਾਕਾਤ ਮਗਰੋਂ ਨਵੀਆਂ ਚਰਚਾਂ ਛਿੜ ਗਈਆਂ ਹਨ।
ਹੁਣ ਇਨ੍ਹਾਂ ਚਰਚਾਵਾਂ ਦਾ ਅਸਲ ਸੱਚ ਤਾਂ ਆਉਣ ਵਾਲੇ ਦਿਨਾਂ ‘ਚ ਹੀ ਸਾਹਮਣੇ ਆਵੇਗਾ।