ਮੁੰਬਈ : ਸਲਮਾਨ ਖ਼ਾਨ ਅਤੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲੇ ਗੁਰਫਾਨ ਖ਼ਾਨ (20) ਨੂੰ ਮੁੰਬਈ ਪੁਲਸ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਲਜ਼ਮ ਨੂੰ ਮੁੰਬਈ ਲੈ ਆਈ ਹੈ। ਸੂਤਰਾਂ ਮੁਤਾਬਕ, ਗੁਰਫਾਨ ਨੂੰ ਨੋਇਡਾ ਦੇ ਸੈਕਟਰ-39 ਤੋਂ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।
ਐੱਨ. ਸੀ. ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਸਲਮਾਨ ਨੂੰ ਵੀ ਧਮਕੀ ਦਿੱਤੀ ਗਈ ਹੈ ਪਰ ਪੁਲਸ ਨੇ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਧਮਕੀ ਭਰੀ ਕਾਲ ਬਾਂਦਰਾ ਈਸਟ ਸਥਿਤ ਜ਼ੀਸ਼ਾਨ ਦੇ ਜਨਸੰਪਰਕ ਦਫਤਰ ਤੋਂ ਮਿਲੀ ਸੀ। ਧਮਕੀ ਭਰੀ ਕਾਲ ਸ਼ੁੱਕਰਵਾਰ ਸ਼ਾਮ ਨੂੰ ਆਈ। ਜ਼ੀਸ਼ਾਨ ਤੇ ਸਲਮਾਨ ਦੋਵਾਂ ਨੂੰ ਧਮਕਾਇਆ ਗਿਆ ਅਤੇ ਪੈਸੇ ਦੀ ਮੰਗ ਕੀਤੀ ਗਈ। ਇਸ ਧਮਕੀ ਤੋਂ ਬਾਅਦ ਜ਼ੀਸ਼ਾਨ ਸਿੱਦੀਕੀ ਦੇ ਦਫ਼ਤਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਸਬੰਧੀ ਥਾਣਾ ਨਿਰਮਲ ਨਗਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਧਮਕੀ ਭਰੇ ਕਾਲ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਗੈਂਗ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ।
ਇਸ ਮਾਮਲੇ ‘ਚ ਪੁਲਸ ਨੇ ਮੁਹੰਮਦ ਤਇਅਬ ਉਰਫ਼ ਗੁਰਫਾਨ ਨਾਮ ਦੇ ਇੱਕ ਨੌਜਵਾਨ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਗੁਰਫਾਨ ਦਿੱਲੀ ਦਾ ਰਹਿਣ ਵਾਲਾ ਹੈ। ਉਸ ਨੂੰ ਸੈਕਟਰ 39 ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੁੰਬਈ ਪੁਲਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲਿਆ ਹੈ।
ਬਾਬਾ ਸਿੱਦੀਕੀ ਦੀ 12 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜ਼ੀਸ਼ਾਨ ਦੇ ਪਿਤਾ ਬਾਬਾ ਸਿੱਦੀਕੀ ਦਾ ਕਤਲ ਲਾਰੈਂਸ ਗੈਂਗ ਦੇ ਗੁੰਡਿਆਂ ਨੇ ਕੀਤਾ ਸੀ। 12 ਅਕਤੂਬਰ ਨੂੰ ਵਿਜੇਦਸ਼ਮੀ ਦੇ ਮੌਕੇ ‘ਤੇ ਬਾਂਦਰਾ ‘ਚ ਬਾਬਾ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਲੋਕ ਪਟਾਕੇ ਚਲਾ ਰਹੇ ਸਨ।
ਫਿਰ ਰਾਤ 9:15 ਤੋਂ 9:20 ਦੇ ਵਿਚਕਾਰ ਬਾਬਾ ਸਿੱਦੀਕੀ ਆਪਣੇ ਬੇਟੇ ਦੇ ਦਫ਼ਤਰ ਤੋਂ ਬਾਹਰ ਆਏ। ਬਾਬਾ ਸਿੱਦੀਕੀ ‘ਤੇ ਪਟਾਕਿਆਂ ਦੀ ਸ਼ੋਰ ਦੌਰਾਨ ਹਮਲਾ ਹੋਇਆ।
ਮੂੰਹ ‘ਤੇ ਰੁਮਾਲ ਬੰਨ੍ਹ ਕੇ ਅਚਾਨਕ ਕਾਰ ਤੋਂ ਤਿੰਨ ਵਿਅਕਤੀ ਹੇਠਾਂ ਉਤਰ ਗਏ ਅਤੇ ਤੇਜ਼ ਰਫ਼ਤਾਰ ਨਾਲ 6 ਰਾਊਂਡ ਫਾਇਰ ਕੀਤੇ।
ਇਨ੍ਹਾਂ ‘ਚੋਂ ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਲੱਗੀਆਂ। ਗੋਲੀ ਲੱਗਦੇ ਹੀ ਬਾਬਾ ਸਿੱਦੀਕੀ ਜ਼ਮੀਨ ‘ਤੇ ਡਿੱਗ ਪਏ।
ਉਸ ਨੂੰ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ‘ਚ ਬੀਤੇ ਸ਼ੁੱਕਰਵਾਰ ਨੂੰ ਪੁਲਸ ਨੇ 15ਵੇਂ ਮੁਲਜ਼ਮ ਨੂੰ ਲੁਧਿਆਣਾ, ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਸ ਦਾ ਸਬੰਧ ਕਤਲ ਦੀ ਸਾਜ਼ਿਸ਼ ਨਾਲ ਹੈ। 15ਵੇਂ ਮੁਲਜ਼ਮ ਸੁਜੀਤ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਉਹ ਪਿਛਲੇ 15 ਦਿਨਾਂ ਤੋਂ ਇੱਥੇ ਆਪਣੇ ਸਹੁਰੇ ਘਰ ਛੁਪਿਆ ਹੋਇਆ ਸੀ।
ਪੁਲਸ ਨੇ ਦੱਸਿਆ ਕਿ ਘਾਟਕੋਪਰ ਦਾ ਰਹਿਣ ਵਾਲਾ ਸੁਜੀਤ ਸਿੰਘ ਇਕ ਮਹੀਨਾ ਪਹਿਲਾਂ ਮੁੰਬਈ ਤੋਂ ਭੱਜ ਕੇ ਲੁਧਿਆਣਾ ਆਇਆ ਸੀ।
ਇਹ ਉਹੀ ਵਿਅਕਤੀ ਹੈ, ਜਿਸ ਨੇ ਲੋੜੀਂਦੇ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮ ਨਿਤਿਨ ਸਪਰੇ ਅਤੇ ਰਣ ਕਨੌਜੀਆ ਨਾਲ ਮਿਲਾਇਆ ਸੀ, ਜੋ ਪਹਿਲਾਂ ਬਾਬਾ ਸਿੱਦੀਕੀ ‘ਤੇ ਗੋਲੀਬਾਰੀ ਦੇ ਮਾਮਲੇ ‘ਚ ਫਸ ਗਏ ਸਨ।