ਭਾਰਤ ਕੈਨੇਡਾ ਤਣਾਅ: ਕੈਨੇਡਾ ਪੁਲਿਸ ਨੇ ‘ਭਾਰਤ ਸਰਕਾਰ ਦੇ ਏਜੰਟਾਂ’ ਨਾਲ ਬਿਸ਼ਨੋਈ ਗੈਂਗ ਦੇ ਸਬੰਧਾਂ ਬਾਰੇ ਕੀ ਦਾਅਵਾ ਕੀਤਾ, ਫਾਜ਼ਿਲਕਾ ਦਾ ਸਤਵਿੰਦਰ ਕਿਵੇਂ ਬਣਿਆ ਲਾਰੈਂਸ
ਭਾਰਤ-ਕੈਨੇਡਾ ਦੇ ਕੂਟਨੀਤਕ ਸੰਬੰਧਾਂ ਵਿੱਚ ਆਏ ਇਤਿਹਾਸਕ ਨਿਘਾਰ ਦੇ ਵਿਚਕਾਰ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਇਸ ਸਭ ਦੇ ਕੇਂਦਰ ਵਿੱਚ ਆ ਗਿਆ ਹੈ।
ਸੋਮਵਾਰ ਨੂੰ ‘ਭਾਰਤ ਸਰਕਾਰ ਦੇ ਏਜੰਟਾਂ’ ਨਾਲ ਜੁੜੀ ਕੈਨੇਡਾ ਵਿੱਚ ਕਥਿਤ ਹਿੰਸਕ ਅਪਰਾਧਕ ਗਤੀਵਿਧੀ ਬਾਰੇ ਆਰਸੀਐੱਮਪੀ (ਰੌਇਲ ਕੈਨੇਡੀਅਨ ਮਾਊਂਟਡ ਪੁਲਿਸ) ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਲਾਰੈਂਸ ਬਿਸ਼ਨੋਈ ਗਰੁੱਪ ਦਾ ਨਾਮ ਲਿਆ।
ਆਰਸੀਐੱਮਪੀ ਦੇ ਬੁਲਾਰਿਆਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੀ ਕੈਨੇਡਾ ਵਿਚਲੀ ਕਥਿਤ ਅਪਰਾਧਕ ਗਤੀਵਿਧੀ ਵਿੱਚ ਪ੍ਰਮੁੱਖ ਭੂਮਿਕਾ ਹੈ।
ਆਰਸੀਐੱਮਪੀ ਨੇ ਬਿਸ਼ਨੋਈ ਗਰੁੱਪ ਦੇ ਭਾਰਤ ਸਰਕਾਰ ਦੇ ਏਜੰਟਾਂ ਨਾਲ ਕਥਿਤ ਸਬੰਧ ਹੋਣ ਦਾ ਵੀ ਇਲਜ਼ਾਮ ਲਾਇਆ।
ਆਰਸੀਐੱਮਪੀ ਬੁਲਾਰੇ ਬ੍ਰਿਗਿਟੇ ਗਾਓਵਿਨ, ਅਸਿਸਟੈਂਟ ਕਮਿਸ਼ਨਰ, ਫੈੱਡਰਲ ਪੁਲਿਸਿੰਗ, ਕੌਮੀ ਸੁਰੱਖਿਆ(ਆਰਸੀਐੱਮਪੀ) ਨੇ ਕਿਹਾ, “ਇਸ ਵੱਲੋਂ ਕੈਨੇਡਾ ਵਿਚਲੇ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਖਾਲਿਸਤਾਨ ਪੱਖੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”
“ਅਸੀਂ ਆਰਸੀਐੱਮਪੀ ਦੇ ਨਜ਼ਰੀਏ ਤੋਂ ਦੇਖਿਆ ਹੈ ਕਿ ਉਹ ਸੰਗਠਿਤ ਅਪਰਾਧ ਦੀ ਵਰਤੋਂ ਕਰਦੇ ਹਨ। ਇਸ ਨੂੰ ਜਨਤਕ ਤੌਰ ਉੱਤੇ ਇੱਕ ਅਪਰਾਧਕ ਸਮੂਹ ਨਾਲ ਜੋੜਿਆ ਜਾ ਚੁੱਕਿਆ ਹੈ ਅਤੇ ਇਸ ਅਪਰਾਧਕ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ। ਬਿਸ਼ਨੋਈ ਗਰੁੱਪ.. ਅਸੀਂ ਮੰਨਦੇ ਹਾਂ ਇਹ ਗਰੁੱਪ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ।”
ਇਸ ਮਗਰੋਂ ਅਪਰਾਧਕ ਸੰਗਠਨਾਂ ਦੀ ਭੂਮਿਕਾ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਆਰਸੀਐੱਮਪੀ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਮੁੜ ਦੁਹਰਾਇਆ।
ਆਰਸੀਐੱਮਪੀ ਬੁਲਾਰੇ ਨੇ ਕਿਹਾ, “ਲਾਰੈਂਸ ਬਿਸ਼ਨੋਈ ਗੈਂਗ ਭਾਰਤ ਤੋਂ ਪੈਦਾ ਹੋਣ ਵਾਲੇ ਫ਼ਿਰੌਤੀ ਮੰਗਣ ਅਤੇ ਨਸ਼ੇ ਨਾਲ ਜੁੜੇ ਅਪਰਾਧ ਨਾਲ ਜੁੜਿਆ ਹੈ।”
“ਉਸ ਸਮੂਹ ਨੇ ਕਈ ਗਤੀਵਿਧੀਆਂ ਦੀ ਜ਼ਿੰਮੇਵਾਰੀ ਵੀ ਲਈ ਹੈ ਜਿਨ੍ਹਾਂ ਦੀ ਜਾਣਕਾਰੀ ਜਨਤਕ ਹੈ।”
“ਪਰ ਹੋਰ ਵੀ ਅਜਿਹੇ ਸਮੂਹ ਹਨ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈਣਾ ਚਾਹਾਂਗੀ।”
ਇਸ ਤੋਂ ਇਲਾਵਾ ਆਰਸੀਐੱਮਪੀ ਨੇ ਕਿਹਾ, “ਕੈਨੇਡਾ ਵਿੱਚ ਕਤਲ ਦੇ ਕੇਸਾਂ ਵਿੱਚ ਕਰੀਬ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਕਰੀਬ 22 ਮੁਲਜ਼ਮਾਂ ਨੂੰ ਫ਼ਿਰੌਤੀ ਮੰਗਣ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।”
ਸੋਮਵਾਰ ਨੂੰ ਭਾਰਤ ਅਤੇ ਕੈਨੇਡਾ ਦੋਵਾਂ ਨੇ ਇੱਕ ਦੂਜੇ ਦੇ 6-6 ਕੂਟਨੀਤਿਕਾਂ ਨੂੰ ਮੁਲਕ ਛੱਡਣ ਲ਼ਈ ਕਹਿ ਦਿੱਤਾ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ‘ਕੈਨੇਡਾ ਦੀ ਧਰਤੀ ‘ਤੇ ਕੈਨੇਡੀਆਈ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਭਰੋਸੇਯੋਗ ਸਬੂਤ’ ਹੋਣ ਦੀ ਗੱਲ ਕਹੀ।
ਇਸ ਤੋਂ ਪਹਿਲਾਂ ਆਰਸੀਐੱਮਪੀ ਨੇ ਇਸ ਮਾਮਲੇ ਵਿੱਚ ਜਾਂਚ ਬਾਰੇ ਜਾਣਕਾਰੀ ਸਾਂਝੀ ਕੀਤੀ।
ਦਰਅਸਲ ਕੈਨੇਡਾ ਵੱਲੋਂ ਭਾਰਤ ਨੂੰ ਇੱਕ ਕੂਟਨੀਤਕ ਸੁਨੇਹੇ ਵਿੱਚ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਤੇ ਹੋਰ ਕੂਟਨੀਤਕਾਂ ਨੂੰ ‘ਪਰਸਨਜ਼ ਆਫ ਇੰਟਰਸਟ’ ਭਾਵ ਜਾਂਚ ਵਿੱਚ ਲੋੜੀਂਦੇ ਕਿਹਾ ਗਿਆ ਸੀ।
ਇਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖ਼ਤ ਸ਼ਬਦਾਂ ਵਿੱਚ ਇਸ ਦਾ ਜਵਾਬ ਦਿੱਤਾ ਤੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਿੰਸਾ ਅਤੇ ਕੱਟੜਪੰਥ ਦੇ ਮਾਹੌਲ ਵਿੱਚ ਟਰੂਡੋ ਸਰਕਾਰ ਦੀਆਂ ਕਾਰਵਾਈਆਂ ਨੇ ਭਾਰਤੀ ਹਾਈ ਕਮਿਸ਼ਨਰ ਅਤੇ ਕੂਟਨੀਤਕਾਂ ਦੀ ਸੁਰੱਖਿਆਂ ਨੂੰ ਖਤਰੇ ਵਿੱਚ ਪਾਇਆ ਹੈ।
ਸਰਕਾਰ ਨੇ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਮੋਜੂਦਾ ਕੈਨੇਡੀਆਈ ਸਰਕਾਰ ਉੱਤੇ ਭਰੋਸਾ ਨਹੀਂ ਹੈ ਕਿ ਉਹ ਕੂਟਨੀਤਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।
ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡੀਆਈ ਨੁਮਾਇੰਦੇ ਸਟੀਵਰਟ ਵ੍ਹੀਲਰ ਨੂੰ ਸੰਮਨ ਕੀਤਾ ਸੀ।
ਕੈਨੇਡੀਆਈ ਕੂਟਨੀਤਕ ਸਟੀਵਰਟ ਵ੍ਹੀਲਰ ਨੇ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਦੇ ਏਜੰਟਾਂ ਦੇ ਕੈਨੇਡੀਆਈ ਨਾਗਰਿਕ ਦੇ ਕਤਲ ਵਿੱਚ ਸ਼ਮੂਲੀਅਤ ਦੇ ਸਬੂਤ ਦਿੱਤੇ ਸਨ।
ਆਰਸੀਐੱਮਪੀ ਵੱਲੋਂ ਦਿੱਤੀ ਜਾਣਕਾਰੀ ਨੇ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਅਪਰਾਧ ਦੀ ਦੁਨੀਆਂ ਵਿੱਚ ਡੂੰਘੀਆਂ ਜੜ੍ਹਾਂ ਬਾਰੇ ਚਰਚਾ ਛੇੜ ਦਿੱਤੀ ਹੈ।
ਲਾਰੈਂਸ ਬਿਸ਼ਨੋਈ ਦਾ ਜਨਮ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੂਤਰਾਂ ਵਾਲੀ ਵਿੱਚ ਹੋਇਆ ਸੀ।
ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਅਸਲੀ ਨਾਮ ਸਤਵਿੰਦਰ ਸਿੰਘ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਉਂਕਿ ਲਾਰੈਂਸ ਬਚਪਨ ਵਿੱਚ ਬਹੁਤ ਗੋਰਾ ਚਿੱਟਾ ਸੀ, ਇਸ ਲਈ ਉਸ ਦੇ ਪਰਿਵਾਰ ਨੇ ਉਸ ਨੂੰ ਪਿਆਰ ਨਾਲ ਲਾਰੈਂਸ ਕਹਿਣਾ ਸ਼ੁਰੂ ਕਰ ਦਿੱਤਾ, ਜੋ ਬਾਅਦ ਵਿੱਚ ਉਸਦੇ ਅਸਲੀ ਨਾਮ ਨਾਲੋਂ ਵੀ ਵੱਧ ਮਸ਼ਹੂਰ ਹੋ ਗਿਆ।
ਹਾਲਾਂਕਿ ਲਾਰੈਂਸ ਵੱਖ-ਵੱਖ ਅਪਰਾਧਕ ਮਾਮਲਿਆਂ ਦੇ ਚੱਲਦਿਆਂ ਬੀਤੇ ਕਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਪਰ ਉਨ੍ਹਾਂ ਦਾ ਨਾਮ ਕਈ ‘ਹਾਈ ਪ੍ਰੋਫਾਈਲ’ ਅਪਰਾਧਕ ਕਾਰਵਾਈਆਂ ਨਾਲ ਵਾਰ-ਵਾਰ ਜੁੜਦਾ ਰਿਹਾ ਹੈ।
ਇਨ੍ਹਾਂ ਕੇਸਾਂ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਵੀ ਸ਼ਾਮਲ ਹੈ।
ਸਿੱਧੂ ਮੂਸੇਵਾਲਾ ਨੂੰ ਮਈ 2022 ਵਿੱਚ ਮਾਨਸਾ ਦੇ ਪਿੰਡ ਜਵਾਹਰ ਕੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਅਤੇ ਵਿਦੇਸ਼ ਵਿੱਚ ਰਹਿੰਦੇ ਮੰਨੇ ਜਾਂਦੇ ਉਨ੍ਹਾਂ ਦੇ ਹੀ ਸਾਥੀ ਗੋਲਡੀ ਬਰਾੜ ਵੱਲੋਂ ਲਈ ਗਈ ਸੀ।
ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦਿੱਤੇ ਜਾਣ ਦੇ ਮਾਮਲੇ ਵਿੱਚ ਵੀ ਉਨ੍ਹਾਂ ਦਾ ਨਾਮ ਸਾਹਮਣੇ ਆਉਂਦਾ ਹੈ।
ਅਪ੍ਰੈਲ 2024 ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਕੇਸ ਵਿੱਚ ਵੀ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ।
ਹਾਲ ਹੀ ਵਿੱਚ ਹੋਏ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦੇ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੀ ਭੂਮਿਕਾ ਬਾਰੇ ਜਾਂਚ ਕਰਨ ਦੀ ਗੱਲ ਕਹੀ ਗਈ ਹੈ।
ਐੱਨਆਈਏ ਨੇ ਦਾਇਰ ਕੀਤੀ ਚਾਰਜਸ਼ੀਟ
ਮਾਰਚ 2023 ਵਿੱਚ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ 12 ਹੋਰ ਜਣਿਆਂ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਜਿਹੀਆਂ ਜਥੇਬੰਦੀਆਂ ਨਾਲ ਸਬੰਧਾਂ ਬਾਰੇ ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
ਐੱਨਆਈਏ ਨੇ ਆਪਣੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਸੀ, “ਸਾਲ 2015 ਤੋਂ ਪੁਲਿਸ ਹਿਰਾਸਤ ਵਿੱਚ ਕੈਦ ਲਾਰੈਂਸ ਬਿਸ਼ਨੋਈ ਵੱਖ-ਵੱਖ ਜੇਲ੍ਹਾਂ ਵਿੱਚੋਂ ਕੈਨੇਡਾ ਵਿਚਲੇ ਗੋਲਡੀ ਬਰਾੜ ਨਾਲ ਰਲ ਕੇ ‘ਟੈਰਰ-ਕ੍ਰਾਈਮ ਸਿੰਡੀਕੇਟ’ ਚਲਾ ਰਿਹਾ ਹੈ। ਗੋਲਡੀ ਬਰਾੜ ਫਰੀਦਕੋਟ ਵਿੱਚ ਨਵੰਬਰ 2022 ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜੇ ਪ੍ਰਦੀਪ ਕੁਮਾਰ ਦੇ ਕਤਲ ਵਿੱਚ ਮੁਲਜ਼ਮ ਹੈ।”
ਇਸ ਪ੍ਰੈੱਸ ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ‘ਟੈਰਰ-ਕ੍ਰਾਈਮ-ਐਕਸਟਰੌਸ਼ਨ ਸਿੰਡੀਕੇਟ’ ਦੀ ਮੋਹਾਲੀ ਵਿਚਲੇ ਪੰਜਾਬ ਸਟੇਟ ਇੰਟੈਲਿਜੈਂਸ ਹੈੱਡਕੁਆਰਟਰ ਉੱਤੇ ਹੋਏ ਆਰਪੀਜੀ ਹਮਲੇ ਵਿੱਚ ਵੀ ਭੂਮਿਕਾ ਸੀ।
ਜਨਵਰੀ 2024 ਵਿੱਚ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਵਿੱਚ ਏਜੰਸੀ ਨੇ ਕਿਹਾ ਸੀ, “ਐੱਨਆਈਏ ਨੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੇ ਸੰਗਠਤ ਅਪਰਾਧਕ ਸਿੰਡੀਕੇਟ ਦੇ ਖਿਲਾਫ਼ ਯੂਏਪੀਏ ਦੇ ਤਹਿਤ ਅਗਸਤ 2022 ਵਿੱਚ ਕੇਸ ਦਰਜ ਕੀਤਾ ਸੀ।”
ਐੱਨਆਈਏ ਨੇ ਕਿਹਾ ਸੀ ਕਿ ਇਹ ਨੈੱਟਵਰਕ ਵਪਾਰੀਆਂ ਅਤੇ ਪੇਸ਼ੇਵਰਾਂ ਕੋਲੋਂ ਵੱਡੇ ਪੱਧਰ ਉੱਤੇ ਫ਼ਿਰੌਤੀਆਂ ਲੈਣ ਵਿੱਚ ਸ਼ਾਮਲ ਸੀ।
ਲਾਰੈਂਸ ਬਿਸ਼ਨੋਈ ਪੰਜਾਬ ਦੀ ਬਠਿੰਡਾ ਜੇਲ੍ਹ ਤੇ ਦਿੱਲੀ ਦੀ ਤਿਹਾੜ ਜੇਲ੍ਹ ਸਣੇ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਰਹੇ ਹਨ।
ਫ਼ਿਲਹਾਲ ਉਹ ਭਾਰਤ ਦੇ ਗੁਜਰਾਤ ਸੂਬੇ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ।
ਵੱਖ-ਵੱਖ ਮੌਕਿਆਂ ਉੱਤੇ ਸਿਆਸੀ ਆਗੂਆਂ ਤੇ ਕਾਰਕੁਨਾਂ ਵੱਲੋਂ ਇਹ ਸਵਾਲ ਖੜ੍ਹਾ ਕੀਤਾ ਜਾਂਦਾ ਰਿਹਾ ਹੈ ਕਿ ‘ਆਖ਼ਰ ਜੇਲ੍ਹ ਵਿੱਚ ਬੰਦ ਇੱਕ ਅਪਰਾਧੀ ਜੇਲ੍ਹ ਤੋਂ ਬਾਹਰ ਹੁੰਦੀਆਂ ਅਜਿਹੀਆਂ ਅਪਰਾਧਕ ਗਤੀਵਿਧੀਆਂ ’ਚ ਸਰਗਰਮ ਭੂਮਿਕਾ ਕਿਵੇਂ ਨਿਭਾਅ ਸਕਦਾ ਹੈ।’
ਲਾਰੈਂਸ ਦੇ ਜੇਲ੍ਹ ਵਿੱਚੋਂ ਦਿੱਤੇ ਗਏ ਇੰਟਰਵਿਊਜ਼ ਬਾਰੇ ਸਵਾਲ
ਲਾਰੈਂਸ ਬਿਸ਼ਨੋਈ ਦੀ ਚਰਚਾ ਦਾ ਕਾਰਨ ਉਨ੍ਹਾਂ ਦਾ ਅਪਰਾਧਕ ਕਾਰਵਾਈਆਂ ਵਿੱਚ ਨਾਮ ਆਉਣਾ ਹੀ ਨਹੀਂ ਹੈ ਸਗੋਂ ਉਹ ਜੇਲ੍ਹ ਵਿੱਚੋਂ ਮੀਡੀਆ ਨੂੰ ਇੰਟਰਵਿਊਜ਼ ਵੀ ਦੇ ਚੁੱਕੇ ਹਨ।
ਮਾਰਚ 2023 ਵਿੱਚ ਇੱਕ ਨਿੱਜੀ ਖ਼ਬਰ ਅਦਾਰੇ ਨੇ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊਜ਼ ਪ੍ਰਸਾਰਿਤ ਕੀਤੇ ਗਏ ਸਨ।
ਇਨ੍ਹਾਂ ਇੰਟਰਵਿਊਜ਼ ਵਿੱਚ ਲਾਰੈਂਸ ਵੱਲੋਂ ਆਪਣੀਆਂ ਅਪਰਾਧਕ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਗਿਆ ਸੀ।
ਲਾਰੈਂਸ ਬਿਸ਼ਨੋਈ ਦੀਆਂ ਇੰਟਰਵਿਊਜ਼ ਬਾਰੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।
ਇਸ ਟੀਮ ਵੱਲੋਂ ਜੁਲਾਈ 2023 ਵਿੱਚ ਆਪਣੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਸੀ।
ਰਿਪੋਰਟ ਵਿੱਚ ਇਹ ਸਾਹਮਣੇ ਆਇਆ ਸੀ ਕਿ ਕਿ ਦੋ ਇੰਟਰਵਿਊਜ਼ ਵਿੱਚੋਂ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿਚਲੀ ਸੀਆਈਏ ਦੇ ਦਫ਼ਤਰ ਵਿੱਚ ਦਿੱਤਾ ਗਿਆ ਸੀ।
ਜਦਕਿ ਦੂਜੀ ਇੰਟਰਵਿਊ ਰਾਜਸਥਾਨ ਵਿੱਚ ਸ਼ੂਟ ਕੀਤੀ ਗਈ ਸੀ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਸੀ ਕਿ ਇਹ ਵੀ ਸਾਹਮਣੇ ਆਇਆ ਸੀ ਕਿ ਇਹ ਇੰਟਰਵਿਊਜ਼ ਪ੍ਰਸਾਰਿਤ ਕੀਤੇ ਜਾਣ ਤੋਂ ਕੁਝ ਮਹੀਨੇ ਪਹਿਲਾਂ ਸ਼ੁਟ ਕੀਤੇ ਗਏ ਸਨ।
ਅਦਾਲਤ ਨੇ ਅੱਗੇ ਕਿਹਾ ਸੀ, “ਜਿਸ ਵਿਅਕਤੀ ਦੀ ਇੰਟਰਵਿਊ ਲਈ ਗਈ ਹੈ ਉਸ ਖ਼ਿਲਾਫ਼ ਪੰਜਾਬ ਵਿੱਚ 71 ਮਾਮਲੇ ਚੱਲ ਰਹੇ ਹਨ ਅਤੇ ਉਸ ਨੂੰ 4 ਕੇਸਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਜਿਨ੍ਹਾਂ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967, 302 ਆਈਪੀਸੀ ਦੇ ਅਧੀਨ ਅਪਰਾਧ ਸ਼ਾਮਲ ਹਨ।”
“ਇੰਟਰਵਿਊ ਦੇਣ ਵਾਲਾ ਟਾਰਗਿਟ ਕਿਲਿੰਗ ਅਤੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਜਾਇਜ਼ ਠਹਿਰਾ ਰਿਹਾ ਹੈ। ਉਸ ਨੇ ਇੱਕ ਫਿਲਮ ਅਦਾਕਾਰ ਨੂੰ ਧਮਕੀ ਦਿੱਤੀ ਗਈ ਧਮਕੀ ਨੂੰ ਦੁਹਰਾਇਆ ਅਤੇ ਜਾਇਜ਼ ਠਹਿਰਾਇਆ ਹੈ।”
ਉਨ੍ਹਾਂ ਨੇ ਕਿਹਾ ਸੀ ਕਿ ਲਾਰੈਂਸ ਦੀ ਇੰਟਰਵਿਊ ਵਿੱਚ ਉਸ ਨੇ ਆਪਣੇ ਆਪ ਨੂੰ ‘ਖਾਲਿਸਤਾਨ ਅਤੇ ਪਾਕਿਸਤਾਨ’ ਵਿਰੋਧੀ ਦੱਸਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਵਾਦੀ ਵੀ ਕਰਾਰ ਦਿੱਤਾ ਸੀ।
ਵਿਦਿਆਰਥੀ ਆਗੂ ਤੋਂ ‘ਏ ਗਰੇਡ’ ਅਪਰਾਧੀ ਤੱਕ
ਬਿਸ਼ਨੋਈ ਬਾਰੇ ਉਪਲਬਧ ਮੀਡੀਆ ਰਿਪੋਰਟਾਂ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਜਨਮ ਸਾਲ 1992-1993 ਦਾ ਹੈ।
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੂੰ ਬਿਸ਼ਨੋਈ ਦੇ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਲਾਰੈਂਸ ਦੇ ਪਰਿਵਾਰ ਕੋਲ ਕਰੀਬ 110 ਕਿੱਲੇ ਜ਼ਮੀਨ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਬਿਸ਼ਨੋਈ ਪਰਿਵਾਰ ਧਾਰਮਿਕ ਬਿਰਤੀ ਵਾਲਾ ਪਰਿਵਾਰ ਹੈ।
ਲਾਰੈਂਸ ਬਿਸ਼ਨੋਈ ਦੇ ਪਿਤਾ ਲਵਿੰਦਰ ਸਿੰਘ ਹਰਿਆਣਾ ਪੁਲਿਸ ਵਿੱਚ ਸਿਪਾਹੀ ਸਨ।
ਲਾਰੈਂਸ ਨੇ ਸਾਲ 2011 ਵਿੱਚ ਡੀਏਵੀ ਕਾਲ ਚੰਡੀਗੜ੍ਹ ਵਿੱਚ ਦਾਖ਼ਲਾ ਲਿਆ ਸੀ ਜਿੱਥੇ ਉਸ ਨੇ ਵਿਦਿਆਥੀ ਸਿਆਸਤ ਤੋਂ ਸ਼ੁਰੂਆਤ ਕੀਤੀ।
ਲਾਰੈਂਸ ਵਿਦਿਆਰਥੀ ਜਥੇਬੰਦੀ ‘ਸੋਪੂ’ ਦਾ ਸਰਗਰਮ ਆਗੁ ਰਿਹਾ।
ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ‘ਏ’ ਸ਼੍ਰੇਣੀ ਦਾ ਗੈਂਗਸਟਰ ਹੈ।
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਗਈ ਹੈ। ‘ਏ’ ਸ਼੍ਰੇਣੀ ਵਿੱਚ ਉਹ ਗੈਂਗਸਟਰ ਹੁੰਦੇ ਹਨ ਜੋ ਵੱਧ ਸੰਗੀਨ ਅਪਰਾਧਾਂ ਵਿੱਚ ਕਥਿਤ ‘ਤੌਰ’ ਉੱਤੇ ਸ਼ਾਮਲ ਹਨ।
ਲਾਰੈਂਸ ਬਿਸ਼ਨੋਈ ਪਹਿਲੀ ਵਾਰ ਸਾਲ 2014 ਵਿੱਚ ਜੇਲ੍ਹ ਗਏ ਸਨ।
ਮਈ 2022 ਵਿੱਚ ਹੋਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਦੇ ਕਤਲ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ।
ਲਾਰੈਂਸ ਬਿਸ਼ਨੋਈ ਅਪ੍ਰੈਲ 2023 ਤੋਂ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਇੱਕ ਹਾਈ ਪ੍ਰੋਫਾਈਲ ਕੈਦੀ ਦੇ ਤੌਰ ਉੱਤੇ ਬੰਦ ਹਨ।
ਬੀਬੀਸੀ ਪੱਤਰਕਾਰ ਰੌਕਸੀ ਗਾਗਡੇਕਰ ਦੀ ਰਿਪੋਰਟ ਦੇ ਮੁਤਾਬਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਉੱਤੇ ਸੀਆਰਪੀਸੀ ਦੀ ਧਾਰਾ 268 ਦੇ ਤਹਿਤ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੀ ਟ੍ਰਾਂਸਫਰ ਉੱਤੇ ਰੋਕ ਲਾ ਦਿੱਤੀ ਸੀ।
ਇਸ ਰੋਕ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) 2023 ਦੀ ਧਾਰਾ 303 ਦੇ ਤਹਿਤ ਇੱਕ ਸਾਲ ਦੇ ਲਈ ਵਧਾ ਦਿੱਤਾ ਗਿਆ ਸੀ।