Canada -ਖੰਨਾ ਦੇ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ‘ਚ ਮੌਤ
ਪਾਰਕ ‘ਚੋਂ ਮਿਲੀ ਨੌਜਵਾਨ ਦੀ ਲਾਸ਼
ਖੰਨਾ ਦੇ ਨੇੜਲੇ ਪਿੰਡ ਭੁਮੱਦੀ ਦਾ ਰਹਿਣ ਵਾਲਾ ਨੌਜਵਾਨ ਉਦੈਵੀਰ ਸਿੰਘ ਕੈਨੇਡਾ ਵਿੱਚ ਭੇਦਭਰੇ ਹਾਲਾਤਾਂ ’ਚ ਜ਼ਿੰਦਗੀ ਗੁਆ ਬੈਠਾ। ਮਿਲੀ ਜਾਣਕਾਰੀ ਅਨੁਸਾਰ ਉਦੈਵੀਰ ਦੀ ਲਾਸ਼ ਇੱਕ ਪਾਰਕ ਵਿੱਚ ਝੂਲੇ ਦੇ ਪੋਲ ਨਾਲ ਲਟਕਦੀ ਮਿਲੀ।
ਮੁੱਢਲੀ ਰਿਪੋਰਟਾਂ ਮੁਤਾਬਕ ਇਹ ਮਾਮਲਾ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ, ਪਰ ਹਾਲੇ ਇਸਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ। ਉਦੈਵੀਰ ਕਰੀਬ ਤਿੰਨ ਸਾਲ ਪਹਿਲਾਂ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ।
ਪਰਿਵਾਰਕ ਸੂਤਰਾਂ ਦੇ ਅਨੁਸਾਰ ਉਥੇ ਉਹ ਕਿਸੇ ਏਜੰਟ ਦੇ ਝਾਂਸੇ ਵਿੱਚ ਫਸ ਗਿਆ। ਏਜੰਟ ਨੇ ਉਸਦੇ ਨਾਮ ਤੇ ਮਹਿੰਗੀ ਕਾਰ ਲੋਨ ’ਤੇ ਲੈ ਦਿੱਤੀ।
ਕਾਰ ਦੀਆਂ ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਉਦੈਵੀਰ ਆਰਥਿਕ ਮੁਸ਼ਕਲਾਂ ਵਿੱਚ ਫਸਦਾ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਏਜੰਟ ਵੱਲੋਂ ਲਗਾਤਾਰ ਦਬਾਅ ਪਾਉਣ ਕਾਰਨ ਉਹ ਮਾਨਸਿਕ ਤੌਰ ’ਤੇ ਤੰਗ ਆ ਗਿਆ ਤੇ ਅਖ਼ੀਰ ਖੁਦਕੁਸ਼ੀ ਕਰ ਬੈਠਾ। ਹਾਲਾਂਕਿ ਅਸਲ ਹਾਲਾਤਾਂ ਬਾਰੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਇਸ ਖ਼ਬਰ ਨੇ ਪੂਰੇ ਪਿੰਡ ਭੁਮੱਦੀ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਰਿਸ਼ਤੇਦਾਰ ਤੇ ਪਿੰਡ ਵਾਸੀ ਉਦੈਵੀਰ ਦੀ ਮੌਤ ਨਾਲ ਗਹਿਰੇ ਦੁੱਖ ਵਿੱਚ ਹਨ। ਪਰਿਵਾਰਕ ਮੈਂਬਰ ਵੀ ਇਸ ਸਮੇਂ ਗਮ ਵਿੱਚ ਡੁੱਬੇ ਹੋਏ ਹਨ ਅਤੇ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹਨ। ਫਿਲਹਾਲ ਉਦੈਵੀਰ ਦੇ ਸਾਥੀ ਅਤੇ ਪਰਿਵਾਰਕ ਲੋਕ ਉਸਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤੀ ਹਾਈਕਮਿਸ਼ਨ ਤੋਂ ਮਦਦ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਉਦੈਵੀਰ ਦਾ ਅੰਤਿਮ ਸੰਸਕਾਰ ਆਪਣੇ ਮੂਲ ਪਿੰਡ ਵਿੱਚ ਕੀਤਾ ਜਾ ਸਕੇ।