Punjab -ਦਫ਼ਤਰ ‘ਚ ਘਰਵਾਲੀ ਨਾਲ਼ ਡਾਂਸ ਕਰਨਾ BPEO ‘ਤੇ ਪਿਆ ਭਾਰੀ
ਵੀਡੀਓ ਵਾਇਰਲ ਤੋਂ ਬਾਅਦ ਕਰ ਦਿੱਤਾ ਗਿਆ ਸਸਪੈਂਡ,ਵੱਡਾ ਐਕਸ਼ਨ ਲਿਆ ਸਿੱਖਿਆ ਮੰਤਰੀ ਨੇ
ਮੋਗਾ ‘ਚ BPEO ਨੂੰ ਆਪਣੀ ਪਤਨੀ ਦੇ ਨਾਲ ਦਫਤਰ ਦੇ ਵਿੱਚ ਰੋਮਾਂਟਿਕ ਡਾਂਸ ਕਰਨਾ ਭਾਰੀ ਪੈ ਗਿਆ। ਜਿਸ ਕਰਕੇ ਸਿੱਖਿਆ ਮੰਤਰੀ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਇਸ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਵਿੱਚ ਬਲਾਕ ਐਜੂਕੇਸ਼ਨ ਪ੍ਰਾਈਮਰੀ ਅਫ਼ਸਰ ਦੇਵੀ ਪ੍ਰਸਾਦ ਆਪਣੇ ਦਫ਼ਤਰ ਵਿੱਚ ਪਤਨੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਦੋਂ ਇਹ ਮਾਮਲਾ ਸਿੱਖਿਆ ਵਿਭਾਗ ਤੱਕ ਪਹੁੰਚਿਆ, ਜਿਸ ਤੋਂ ਬਾਅਦ ਦੇਵੀ ਪ੍ਰਸਾਦ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮ ‘ਤੇ ਸਿੱਖਿਆ ਵਿਭਾਗ ਦੀ ਸਚਿਵ ਅਨਿੰਦਿਤਾ ਮਿੱਤਰਾ ਵੱਲੋਂ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਹਨ।
ਡਿਊਟੀ ਵਿੱਚ ਕੋਤਾਹੀ ਬਰਦਾਸ਼ਤ ਨਹੀਂ
ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਲਾਪਰਵਾਹੀ, ਅਨੁਸ਼ਾਸਨਹੀਨਤਾ ਜਾਂ ਅਨੈਤਿਕ ਕੰਮ ਲਈ ਕੋਈ ਥਾਂ ਨਹੀਂ ਹੈ। ਨਿਯਮ ਤੋੜਣ ਜਾਂ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਦਿਆਰਥੀਆਂ ਅਤੇ ਸਟਾਫ ਦੇ ਹਿੱਤ ਵਿੱਚ ਸਕੂਲ ਪ੍ਰਸ਼ਾਸਨ ਵਿੱਚ ਅਨੁਸ਼ਾਸਨ ਅਤੇ ਉੱਚੇ ਨੈਤਿਕ ਮੂਲਿਆਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇੱਕ ਮਿੰਟ ਤਿੰਨ ਸਕਿੰਟ ਦਾ ਹੈ ਵੀਡੀਓ
ਜਾਣਕਾਰੀ ਮੁਤਾਬਕ, ਇੱਕ ਮਿੰਟ ਤਿੰਨ ਸਕਿੰਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਸੰਬੰਧਿਤ ਅਧਿਕਾਰੀ ਦੇ ਦਫ਼ਤਰ ਦਾ ਹੀ ਹੈ। ਇਸ ਵਿੱਚ ਜੋ ਮਹਿਲਾ ਹੈ, ਉਹ ਉਨ੍ਹਾਂ ਦੀ ਪਤਨੀ ਹੈ। ਵੀਡੀਓ ਵਿੱਚ ਗੀਤ ਚੱਲ ਰਿਹਾ ਹੈ— “ਤੁਮ ਰੁੱਠੀ ਰਹੋ, ਮੈਂ ਮਨਾਤਾ ਰਹੂੰਗਾ”। ਲੋਕਾਂ ਦਾ ਆਰੋਪ ਹੈ ਕਿ ਜੇ ਸਿੱਖਿਆ ਵਿਭਾਗ ਦੇ ਸੰਸਥਾਨਾਂ ਦੇ ਅਧਿਕਾਰੀ ਇਸ ਤਰ੍ਹਾਂ ਦੇ ਡਾਂਸ ਕਰਨਗੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਕੁਝ ਵੀ ਬੋਲਣ ਤੋਂ ਬਚਦੇ ਰਹੇ, ਪਰ ਦੇਰ ਸ਼ਾਮ ਸਿੱਖਿਆ ਮੰਤਰੀ ਦੇ ਹੁਕਮ ‘ਤੇ ਸੰਬੰਧਿਤ ਅਧਿਕਾਰੀ ‘ਤੇ ਕਾਰਵਾਈ ਕੀਤੀ ਗਈ।