Trump -ਖੁਦ ਡਿਪੋਰਟ ਹੋਣ ਵਾਲੇ ਗ਼ੈਰਕਾਨੂੰਨੀ ਪਰਵਾਸੀਆਂ ਲਈ ਟਿਕਟ ਦਾ ਪ੍ਰਬੰਧ ਕਰਾਂਗੇ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਗ਼ੈਰਕਾਨੂੰਨੀ ਪਰਵਾਸੀਆਂ ਲਈ ਨਵੀਂ ਯੋਜਨਾ ਐਲਾਨੀ
ਵਾਸ਼ਿੰਗਟਨ, 16 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਮੁਲਕ ’ਚ ਗ਼ੈਰਕਾਨੂੰਨੀ ਤੌਰ ’ਤੇ ਰਹਿ ਰਹੇ ਉਨ੍ਹਾਂ ਪਰਵਾਸੀਆਂ ਨੂੰ ਪੈਸੇ ਅਤੇ ਜਹਾਜ਼ ਦੀ ਟਿਕਟ ਦੇਣਗੇ ਜੋ ਆਪਣੀ ਮਰਜ਼ੀ ਨਾਲ ਡਿਪੋਰਟ ਹੋਣਗੇ। ਟਰੰਪ ਨੇ ਮੰਗਲਵਾਰ ਨੂੰ ਪ੍ਰਸਾਰਿਤ ‘ਫੌਕਸ ਨੋਟੀਸਿਆਸ’ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਹਾਲੇ ‘ਕਾਤਲਾਂ’ ਨੂੰ ਦੇਸ਼ ’ਚੋਂ ਕੱਢਣ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਹੋਰ ਲੋਕਾਂ ਲਈ ਟਰੰਪ ਨੇ ਕਿਹਾ ਕਿ ਉਹ ‘ਸਵੈ ਡਿਪੋਰਟੇਸ਼ਨ’ ਪ੍ਰੋਗਰਾਮ ਨੂੰ ਲਾਗੂ ਕਰਨਗੇ।
ਉਨ੍ਹਾਂ ਯੋਜਨਾ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕਾ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਜਹਾਜ਼ ਦਾ ਕਿਰਾਇਆ ਅਤੇ ਕੁਝ ਪੈਸੇ ਦੇਵੇਗਾ। ਟਰੰਪ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਕੁਝ ਪੈਸੇ ਦੇਵਾਂਗੇ। ਅਸੀਂ ਉਨ੍ਹਾਂ ਨੂੰ ਜਹਾਜ਼ ਦੀ ਟਿਕਟ ਦੇਵਾਂਗੇ ਅਤੇ ਜੇ ਉਹ ਚੰਗੇ ਹਨ ਅਤੇ ਵਾਪਸ ਆਉਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨਾਲ ਕੰਮ ਕਰਾਂਗੇ।
ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਂਦਾ ਜਾ ਸਕੇ।’’ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਟਲਾਂ ਅਤੇ ਖੇਤਾਂ ’ਚ ਕਾਮੇ ਮਿਲ ਸਕਣ। ਉਨ੍ਹਾਂ ਕਿਹਾ ਕਿ ਨਵੀਂ ਯੋਜਨਾ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਚਾਹੁਦੇ ਹਨ ਕਿ ਲੋਕ ਕਾਨੂੰਨੀ ਢੰਗ ਨਾਲ ਮੁਲਕ ’ਚ ਆ ਕੇ ਕੰਮ ਕਰਨ।