ਨਾਭਾ, 22 ਸਤੰਬਰ
ਨਾਭਾ ਦੇ ਪਿੰਡ ਪਾਲੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਦੀ 22 ਸਾਲਾ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਇੱਕ ਹਸਪਤਾਲ ਚ ਬ੍ਰੇਨ ਹੈਮਰੇਜ ਕਰ ਕੇ ਮੌਤ ਹੋ ਗਈ। ਨਵਦੀਪ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਸੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਨਵਦੀਪ ਭਾਰਤ ਵਿਚਲੇ ਰਿਸ਼ਤੇਦਾਰਾਂ ਨਾਲ ਕਾਨਫਰੰਸ ਕਾਲ ਦੌਰਾਨ ਹੀ ਅਚਾਨਕ ਡਿੱਗ ਪਈ ਤੇ ਉਸਦੀ ਰੂਮ-ਮੇਟ ਨੇ ਐਂਬੂਲੈਂਸ ਬੁਲਾਈ। ਡਾਕਟਰਾਂ ਨੇ 11 ਸਤੰਬਰ ਨੂੰ ਪਰਿਵਾਰ ਨੂੰ ਫੋਨ ‘ਤੇ ਦੱਸਿਆ ਕਿ ਉਸਦੇ ਦਿਮਾਗ ਵਿੱਚ ਕਲੌਟ ਹੈ ਤੇ ਉਸ ਦਾ ਅਪ੍ਰੇਸ਼ਨ ਕਰਨਾ ਪਵੇਗਾ।
ਫਿਰ ਡਾਕਟਰਾਂ ਦੇ ਦੱਸੇ ਮੁਤਾਬਕ ਅਪ੍ਰੇਸ਼ਨ ਠੀਕ ਰਿਹਾ ਤੇ ਖਤਰੇ ਵਾਲੇ ਅਗਲੇ 72 ਘੰਟੇ ਵੀ ਬੀਤ ਗਏ ਪਰ ਨਵਦੀਪ ਨੂੰ ਫਿਰ ਵੀ ਵੈਂਟੀਲੇਟਰ ‘ਤੇ ਹੀ ਰੱਖਣ ਦੀ ਲੋੜ ਸੀ।
ਫਿਰ 19 ਤਰੀਕ ਨੂੰ ਡਾਕਟਰਾਂ ਨੇ ਨਵਦੀਪ ਦੀ ਵਿਗੜਦੀ ਹਾਲਤ ਬਾਰੇ ਦੱਸਦਿਆਂ ਉਸਨੂੰ ਵੈਂਟੀਲੇਟਰ ਤੋਂ ਉਤਾਰਨ ਦਾ ਫੈਸਲਾ ਪਿਤਾ ਗੁਰਪ੍ਰੀਤ ਸਿੰਘ ਨੂੰ ਦੱਸਿਆ।
ਦੋ ਧੀਆਂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚੋ ਹੋਰ ਕਿਸੇ ਦਾ ਪਾਸਪੋਰਟ ਵੀ ਨਹੀਂ ਬਣਿਆ ਸੀ ਤੇ ਉਹ ਇਥੇ ਬੇਵੱਸ ਫੋਨ ‘ਤੇ ਹੀ ਹਾਲਤ ਸੁਣ ਸਕਦੇ ਸਨ।
ਉਨ੍ਹਾਂ ਦੱਸਿਆ, ‘‘ਪੜ੍ਹਨ ਵਿੱਚ ਹੁਸ਼ਿਆਰ ਮੇਰੀ ਵੱਡੀ ਧੀ ਨਵਦੀਪ ਬਾਰੇ ਅਧਿਆਪਕਾਂ ਨੇ ਇਧਰ ਦਾ ਮਾਹੌਲ ਦੇਖਦੇ ਹੋਏ ਉਸ ਨੂੰ ਬਾਹਰ ਭੇਜਣ ਦੀ ਸਲਾਹ ਦਿੱਤੀ ਤਾਂ ਮੈਂ ਘਟ ਪੜ੍ਹੇ ਲਿਖੇ ਨੇ ਆਪਣੀ ਕੁੱਲ 9 ਵਿਘੇ ਜ਼ਮੀਨ ਵੇਚ ਕੇ ਔਖੇ ਸੌਖੇ ਆਪਣੀ ਧੀ ਦੇ ਦੋ ਸਾਲ ਕੈਨੇਡਾ ਵਿੱਚ ਕਢਵਾਏ।
ਹੁਣ ਉਸਦੇ ਕਾਲਜ ਵੱਲੋਂ ਵਰਕ ਪਰਮਿਟ ਦਾ ਕੰਮ ਕਰਵਾਇਆ ਜਾ ਰਿਹਾ ਸੀ ਪਰ ਉਹ ਸਾਡਾ ਸਾਥ ਛੱਡ ਗਈ।’’
ਉਨ੍ਹਾਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਧੀ ਦਾ ਅੰਤਿਮ ਸੰਸਕਾਰ ਕਰ ਸਕਣ।