Pakistan News: ਲਹਿੰਦੇ ਪੰਜਾਬ ‘ਚ ਡਾਕੂਆਂ ਨੇ ਥਾਣੇ ‘ਤੇ ਕੀਤਾ ਹਮਲਾ, ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ
Pakistan News: ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਵੀ ਮਾਰਿਆ ਗਿਆ
Bandits attack police station in Pakistan: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਈ ਦਰਜਨ ਭਾਰੀ ਹਥਿਆਰਾਂ ਨਾਲ ਲੈਸ ਡਾਕੂਆਂ ਨੇ ਇਕ ਪੁਲਿਸ ਚੌਕੀ ’ਤੇ ਹਮਲਾ ਕੀਤਾ, ਜਿਸ ਵਿਚ ਏਲੀਟ ਫ਼ੋਰਸ ਦੇ ਪੰਜ ਪੁਲਿਸ ਮੁਲਾਜ਼ਮ ਮਾਰੇ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਇੰਸਪੈਕਟਰ ਜਨਰਲ ਆਫ਼ ਪੁਲਿਸ ਉਸਮਾਨ ਅਨਵਰ ਨੇ ਦਸਿਆ ਕਿ ਰਾਕੇਟ ਲਾਂਚਰਾਂ ਅਤੇ ਗ੍ਰਨੇਡਾਂ ਨਾਲ ਲੈਸ ਲਗਭਗ 40 ਡਾਕੂਆਂ ਨੇ ਵੀਰਵਾਰ ਰਾਤ ਨੂੰ ਰਹੀਮ ਯਾਰ ਖਾਨ ਵਿਚ ਸ਼ੇਖਾਨੀ ਪੁਲਿਸ ਚੌਕੀ ’ਤੇ ਹਮਲਾ ਕੀਤਾ। ਅਨਵਰ ਨੇ ਦਸਿਆ, ‘ਡਾਕੂਆਂ ਨੇ ਅੱਧੀ ਰਾਤ ਨੂੰ ਇਕ ਕਾਇਰਤਾਪੂਰਨ ਹਮਲਾ ਕੀਤਾ।’
ਇੰਸਪੈਕਟਰ ਜਨਰਲ ਆਫ਼ ਪੁਲਿਸ ਦਫ਼ਤਰ ਨੇ ਇਕ ਬਿਆਨ ਵਿਚ ਦਸਿਆ ਕਿ ਪੰਜਾਬ ਪੁਲਿਸ ਦੀ ਏਲੀਟ ਫ਼ੋਰਸ ਦੇ ਪੰਜ ਅਧਿਕਾਰੀ ਮਾਰੇ ਗਏ। ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਵੀ ਮਾਰਿਆ ਗਿਆ। ਪੁਲਿਸ ਨੇ ਇਲਾਕੇ ਵਿਚ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਸਥਾਨਾਂ ਨੂੰ ਸੀਲ ਕਰ ਦਿਤਾ ਹੈ ਅਤੇ ਡਾਕੂਆਂ ਨੂੰ ਲੱਭਣ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। (ਏਜੰਸੀ)