ਜਗਤਾਰ ਸਿੰਘ ਜੱਗੀ ਜੌਹਲ ਦੀਆਂ ਦਿੱਲੀ ਹਾਈ ਕੋਰਟ ਵਲੋਂ 7 ਕੇਸਾਂ ਚ ਜਮਾਨਤਾਂ ਖਾਰਜ।
ਜਦੋਂ ਕਾਤਲ ਹੀ ਮੁਨਸਿਫ਼ ਹੋਣ ਤਾਂ ਇਨਸਾਫ਼ ਕਿੱਥੇ ?
ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀਆਂ ਅੱਜ 18 ਸਤੰਬਰ 2024 ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਪ੍ਰਤਿਭਾ ਐਮ. ਸਿੰਘ ਤੇ ਜਸਟਿਸ ਅਮਿਤ ਸ਼ਰਮਾ (ਜੋ ਪਹਿਲਾਂ NIA ਦਾ ਵਕੀਲ ਹੁੰਦਾ ਸੀ) ਦੇ ਦੋਹਰੇ ਬੈਂਚ ਨੇ NIA ਦੇ 7 ਕੇਸਾਂ ਵਿਚ ਜਮਾਨਤਾਂ ਖਾਰਜ ਕਰ ਦਿੱਤੀਆਂ ਹਨ।
ਇਹਨਾਂ 7 ਜਮਾਨਤਾਂ ਲਈ 28 ਅਗਸਤ 2024 ਨੂੰ ਆਖ਼ਰੀ ਬਹਿਸ ਸੁਣਨ ਤੋਂ ਬਾਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਜਗਤਾਰ ਸਿੰਘ ਨੂੰ ਪੰਜਾਬ ਪੁਲਸ ਨੇ 2 , ਦਿੱਲੀ ਸਪੈਸ਼ਲ ਸੈੱਲ ਨੇ 1 ਤੇ NIA ਨੇ 8 ਕੇਸਾਂ ਭਾਵ ਉਸਨੂੰ ਕੁੱਲ 11 ਕੇਸਾਂ ਵਿਚ ਨਾਮਜ਼ਦ ਕੀਤਾ ਗਿਆ ਸੀ ਤੇ ਪੰਜਾਬ ਪੁਲਸ ਦੇ ਠਾਣਾ ਬਾਜਾਖਾਨਾ ਤੇ ਦਿੱਲੀ ਸਪੈਸ਼ਲ ਸੈੱਲ ਦੇ ਕੇਸ ਡਿਸਚਾਰਜ ਹੋ ਚੁੱਕੇ ਹਨ ਤੇ ਪੰਜਾਬ ਪੁਲਸ ਨੇ 4 ਨਵੰਬਰ 2017 ਨੂੰ ਰਾਮਾਂ ਮੰਡੀ ਜਲੰਧਰ ਤੋਂ ਗ੍ਰਿਫ਼ਤਾਰ ਕਰਕੇ 2016 ਦੇ ਠਾਣਾ ਬਾਘਾਪੁਰਾਣਾ ਦੇ ਅਸਲਾ ਤੇ UAPA ਦੇ ਜਿਸ ਕੇਸ ਵਿਚ ਨਾਮਜ਼ਦ ਕੀਤਾ ਸੀ ਉਸ ਕੇਸ ਵਿਚੋ ਜੱਗੀ ਜੌਹਲ ਨੂੰ ਪੰਜਾਬ ਤੇ ਹਰਿਆਣਾ ਹਾਈ ਦੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਵਲੋਂ 6 ਨਵੰਬਰ 2020 ਨੂੰ ਜਮਾਨਤ ਦਿੱਤੀ ਜਾ ਚੁੱਕੀ ਹੈ।
ਐਡਵੋਕੇਟ ਮੰਝਪੁਰ ਨੇ ਅੱਗੇ ਦੱਸਿਆ ਕਿ NIA ਦੇ ਇਕ ਕੇਸ ਵਿਚੋਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਤਜਿੰਦਰ ਸਿੰਘ ਢੀਂਡਸਾ ਤੇ ਜਸਟਿਸ ਲਲਿਤ ਬੱਤਰਾ ਦੇ ਦੋਹਰੇ ਬੈਂਚ ਨੇ 15 ਮਾਰਚ 2022 ਨੂੰ ਜਮਾਨਤ ਦੇ ਦਿੱਤੀ ਸੀ ਜਿਸ ਖਿਲਾਫ NIA ਦੀ ਅਪੀਲ ਭਾਰਤੀ ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ ਤੇ ਜਸਟਿਸ ਅਹਿਸਾਨ-ਉਦ-ਦੀਨ ਅਮਾਨ ਉੱਲਾ ਦੇ ਦੋਹਰੇ ਬੈਂਚ ਨੇ 8 ਅਗਸਤ 2023 ਨੂੰ ਖਾਰਜ ਕਰ ਦਿੱਤੀ ਸੀ ਪਰ ਇਸ ਦੇ ਬਾਵਜੂਦ ਵੀ ਅੱਜ ਦਿੱਲੀ ਹਾਈ ਕੋਰਟ ਨੇ NIA ਦੇ ਬਾਕੀ ਰਹਿੰਦੇ 7 ਕੇਸਾਂ ਵਿਚ ਜਮਾਨਤ ਖਾਰਜ ਕਰ ਦਿੱਤੀ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਦਿੱਲੀ ਹਾਈ ਕੋਰਟ ਵਿਚ ਜੱਗੀ ਜੌਹਲ ਦੀਆਂ 7 ਜਮਾਨਤਾਂ ਦੀ ਪੈਰਵਾਈ ਸੀਨੀਅਰ ਐਡਵੋਕੇਟ ਸ. ਪਰਮਜੀਤ ਸਿੰਘ ਨੇ ਕੀਤੀ।
ਉਹਨਾਂ ਕਿਹਾ ਕਿ ਵਿਸਥਾਰਿਤ ਆਰਡਰ ਪੜ੍ਹਨ ਤੋਂ ਬਾਦ ਕਾਨੂੰਨੀ ਤੇ ਪਰਿਵਾਰ ਦੀ ਸਲਾਹ ਮੁਤਾਬਿਕ ਜਮਾਨਤਾਂ ਲਈ ਸੁਪਰੀਮ ਕੋਰਟ ਵਿਚ ਅਪੀਲਾਂ ਦਾਖਲ ਕੀਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਜੋ ਕਿ ਬ੍ਰਿਟਿਸ਼ ਨਾਗਰਿਕ ਹੈ ਤੇ ਉਸਦੀ ਗ੍ਰਿਫ਼ਤਾਰੀ ਤੋਂ ਬਾਦ ਦੁਨੀਆਂ ਭਰ ਵਿਚ ਉਸਦੀ ਰਿਹਾਈ ਲਈ ਰੋਸ ਮੁਜਾਹਰੇ ਹੋਏ ਅਤੇ ਇਥੋਂ ਤਕ ਕਿ ਬ੍ਰਿਟਿਸ਼ ਪਾਰਲੀਮੈਂਟ ਵਿਚ ਵੀ ਕਈ ਵਾਰ ਉਸਦੀ ਰਿਹਾਈ ਲਈ ਆਵਾਜ਼ ਚੱਕੀ ਗਈ ਤੇ ਸੈਂਕੜੇ ਬ੍ਰਿਟਿਸ਼ ਮੈਂਬਰ ਪਾਰਲੀਮੈਂਟਜ਼ ਨੇ ਉਸਦੀ ਰਿਹਾਈ ਲਈ ਬ੍ਰਿਟਿਸ਼ ਤੇ ਭਾਰਤ ਸਰਕਾਰ ਨੂੰ ਪੱਤਰ ਲਿਖੇ। ਜੱਗੀ ਜੌਹਲ ਦੀ ਰਿਹਾਈ ਲਈ #FreeJaggiNow ਮੁਹਿੰਮ ਵੀ ਦੁਨੀਆਂ ਭਰ ਵਿਚ ਚਲਾਈ ਗਈ।
ਜ਼ਿਕਰਯੋਗ ਹੈ ਕਿ ਜੱਗੀ ਜੌਹਲ ਇਕ ਸਿਆਸੀ ਕਾਰਕੁੰਨ ਦੇ ਤੌਰ ਦੁਨੀਆਂ ਤੇ ਖ਼ਾਸ ਕਰ ਭਾਰਤ ਵਿਚ ਸਿੱਖਾਂ ਵਿਰੁੱਧ ਕੀਤੇ ਗਏ ਸਰਕਾਰੀ ਜਬਰ ਦਾ ਵਿਰੋਧ ਕਰਦਾ ਸੀ ਤੇ ਖਾਸ ਕਰ 1984 ਸਿੱਖ ਨਸਲਕੁਸ਼ੀ ਦੇ ਵਰਤਾਰੇ ਸਬੰਧੀ ਦੁਨੀਆ ਭਰ ਵਿਚ neverforget84 ਨਾਮੀ ਮੁਹਿੰਮ ਵੀ ਚਲਾ ਰਿਹਾ ਸੀ ਤੇ ਆਉਂਦੀ 4 ਨਵੰਬਰ 2024 ਨੂੰ ਉਸਦੀ ਹਿਰਾਸਤ ਦੇ 7 ਸਾਲ ਪੂਰੇ ਹੋ ਜਾਣਗੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ