Trump Declares 25% Tariffs Plus Penalty On India
ਟਰੰਪ ਨੇ ਭਾਰਤ ਨੂੰ ‘ਦੋਸਤ’ ਦੱਸਿਆ; 25 ਫ਼ੀਸਦੀ ਟੈਰਿਫ ਦਾ ਐਲਾਨ
ਪਹਿਲੀ ਤੋਂ ਲੱਗੇਗਾ ਜੁਰਮਾਨਾ; ਭਾਰਤ ਨੂੰ ਰੂਸ ਤੋਂ ਤੇਲ, ਗੋਲਾ ਬਾਰੂਦ ਖਰੀਦਣ ’ਤੇ ਜੁਰਮਾਨਾ ਭਰਨ ਲਈ ਕਿਹਾ
ਸਵਾਲ: ਭਾਰਤ ‘ਤੇ ਟੈਰਿਫ ਅਤੇ ਜ਼ੁਰਮਾਨਾ ਕਿਓਂ ਲਾਇਆ?
ਟਰੰਪ: ਸਾਡੀ ਆਪਸੀ ਗੱਲਬਾਤ ਚੱਲ ਰਹੀ ਹੈ ਪਰ ਭਾਰਤ ‘ਬਰਿਕਸ’ ਦਾ ਸਾਥੀ ਹੈ, ਇਹ ਸਾਡੇ ਡਾਲਰ ‘ਤੇ ਹਮਲਾ ਹੈ ਤੇ ਅਸੀਂ ਕਿਸੇ ਨੂੰ ਅਮਰੀਕਨ ਡਾਲਰ ‘ਤੇ ਹਮਲਾ ਨਹੀਂ ਕਰਨ ਦਿਆਂਗੇ।
ਸਰਪੰਚ ਤਾਂ ਅੜੀਆਂ ਤੇ ਆ ਗਿਆ ਲੱਗਦਾ ❗️
ਟਰੰਪ ਨੇ ਭਾਰਤ ਨੂੰ ਦਿੱਤੇ ਟੈਰਿਫ ਅਤੇ ਜ਼ੁਰਮਾਨੇ ਦੇ ਜ਼ਖਮਾਂ ‘ਤੇ ਹੋਰ ਲੂਣ ਭੁੱਕਦਿਆਂ ਇਹ ਬਿਆਨ ਜਾਰੀ ਕੀਤਾ ਹੈ:
“ਅਸੀਂ ਹਾਲ ਹੀ ਵਿੱਚ ਪਾਕਿਸਤਾਨ ਨਾਲ ਇੱਕ ਸੌਦਾ ਤੈਅ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਅਤੇ ਸੰਯੁਕਤ ਰਾਜ ਅਮਰੀਕਾ ਆਪਣੇ ਵੱਡੇ ਤੇਲ ਭੰਡਾਰਾਂ ਨੂੰ ਵਿਕਸਤ ਕਰਨ ਲਈ ਮਿਲਕੇ ਕੰਮ ਕਰਨਗੇ। ਅਸੀਂ ਇਸ ਸਾਂਝੇਦਾਰੀ ਦੀ ਅਗਵਾਈ ਕਰਨ ਵਾਲੀ ਤੇਲ ਕੰਪਨੀ ਦੀ ਚੋਣ ਕਰਨ ਦੀ ਪ੍ਰਕਿਰਿਆ ਵਿੱਚ ਹਾਂ। ਕੌਣ ਜਾਣੇ, ਸ਼ਾਇਦ ਉਹ ਕਿਸੇ ਦਿਨ ਭਾਰਤ ਨੂੰ ਵੀ ਤੇਲ ਵੇਚਣ ਲੱਗ ਪੈਣ!”
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ 1 ਅਗਸਤ ਤੋਂ ਭਾਰਤ ਤੋਂ ਆਯਾਤ ’ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ ਅਤੇ ਨਾਲ ਹੀ ਰੂਸ ਤੋਂ ਤੇਲ ਅਤੇ ਫ਼ੌਜੀ ਉਪਕਰਨ ਖਰੀਦਣ ’ਤੇ ਜੁਰਮਾਨਾ ਲਗਾਇਆ ਜਾਵੇਗਾ।
ਟਰੰਪ ਨੇ Truth Social ’ਤੇ ਕਿਹਾ, ‘‘ਸਾਡਾ ਭਾਰਤ ਨਾਲ ਭਾਰੀ ਵਪਾਰ ਘਾਟਾ ਹੈ। … ਸਭ ਕੁਝ ਠੀਕ ਨਹੀਂ ਹੈ! ਇਸ ਲਈ ਭਾਰਤ 25 ਫ਼ੀਸਦੀ ਟੈਰਿਫ ਦਾ ਭੁਗਤਾਨ ਕਰੇਗਾ, ਇਸ ਤੋਂ ਇਲਾਵਾ ਇਸ ਸਭ ਲਈ ਜੁਰਮਾਨਾ ਪਹਿਲੀ ਅਗਸਤ ਤੋਂ ਸ਼ੁਰੂ ਹੋਵੇਗਾ।’’
ਅਮਰੀਕੀ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਭਾਰਤ ਸਾਡਾ ਦੋਸਤ ਹੈ’ ਪਰ ਅਮਰੀਕਾ ਨੇ ਉੱਚ ਟੈਰਿਫਾਂ ਕਾਰਨ ਨਵੀਂ ਦਿੱਲੀ ਨਾਲ ਮੁਕਾਬਲਤਨ ਘੱਟ ਕਾਰੋਬਾਰ ਕੀਤਾ ਹੈ।
ਟਰੰਪ ਨੇ ਕਿਹਾ, ‘‘…ਉਨ੍ਹਾਂ (ਭਾਰਤ) ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਵੱਧ, ਅਤੇ ਉਨ੍ਹਾਂ ਕੋਲ ਕਿਸੇ ਵੀ ਦੇਸ਼ ਦੀਆਂ ਸਭ ਤੋਂ ਕਠਿਨ ਅਤੇ ਇਤਰਾਜਯੋਗ ਗੈਰ-ਮੁਦਰਾ ਵਪਾਰਕ ਰੁਕਾਵਟਾਂ ਹਨ।’’
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ ਵਿੱਚ ਕਤਲੇਆਮ ਬੰਦ ਕਰੇ, ਉਦੋਂ ਭਾਰਤ ਨੇ ‘ਹਮੇਸ਼ਾ ਰੂਸ ਤੋਂ ਫ਼ੌਜੀ ਉਪਕਰਨਾਂ ਦਾ ਵੱਡਾ ਹਿੱਸਾ ਖਰੀਦਿਆ ਹੈ ਅਤੇ ਚੀਨ ਦੇ ਨਾਲ-ਨਾਲ ਰੂਸ ਦਾ ਊਰਜਾ ਦਾ ਸਭ ਤੋਂ ਵੱਡਾ ਖਰੀਦਦਾਰ ਹੈ।’’
ਇਸ ਤੋਂ ਪਹਿਲਾਂ ਦਿਨ ਵਿੱਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰਾਜ ਸਭਾ ਵਿੱਚ ਕਿਹਾ ਕਿ ਭਾਰਤ ਅਮਰੀਕਾ ਨਾਲ ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਿਹਾ ਹੈ ਜੋ ਨਵੀਂ ਦਿੱਲੀ ਦੇ ਹਿੱਤਾਂ ਦੀ ਪੂਰਤੀ ਕਰੇਗਾ। ਉਨ੍ਹਾਂ ਕਿਹਾ, ‘‘ਅਸੀਂ (ਅਮਰੀਕਾ ਨਾਲ) ਇੱਕ ਵਪਾਰ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਾਂ…ਸਾਡੇ ਦਿਲ ਵਿੱਚ ਰਾਸ਼ਟਰੀ ਹਿੱਤ ਹੈ। ਅਸੀਂ ਇੱਕ ਅਜਿਹੇ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਾਂ ਜੋ ਸਾਡੇ ਰਾਸ਼ਟਰੀ ਹਿੱਤ ਦੀ ਪੂਰਤੀ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਸਰਕਾਰ ਰਾਸ਼ਟਰੀ ਹਿੱਤ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।’’
ਮੰਗਲਵਾਰ ਨੂੰ ਟਰੰਪ ਨੇ ਕਿਹਾ ਸੀ ਕਿ ਭਾਰਤ ਤੋਂ ਆਯਾਤ ’ਤੇ 20 ਤੋਂ 25 ਫ਼ੀਸਦੀ ਦੀ ਟੈਰਿਫ ਦਰ ਦਾ ਅਸਰ ਪੈ ਸਕਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਨੂੰ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ। ਟਰੰਪ ਨੇ ਇਹ ਟਿੱਪਣੀਆਂ ਭਾਰਤ ਸਣੇ ਵੱਖ-ਵੱਖ ਵਪਾਰਕ ਭਾਈਵਾਲਾਂ ’ਤੇ ਦੋਤਰਫ਼ਾ ਟੈਰਿਫ ਲਾਗੂ ਕਰਨ ਲਈ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਕੀਤੀਆਂ ਹਨ।