Breaking News

ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ IPS ਪਤਨੀ ਦੇ 100 ਕਰੋੜ ਵਾਲੇ ਘਪਲੇ ਦੇ ਮਾਮਲਾ

ਸਿੱਖਿਆ ਮੰਤਰੀ ਹਰਜੋਤ ਬੈਂਸ (Harjot Singh Bains) ਤੇ ਉਨ੍ਹਾਂ ਦੀ ਆਈਪੀਐੱਸ ਪਤਨੀ ਜੋਤੀ ਯਾਦਵ (Jyoti Yadav) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਾਈਬਰ ਕ੍ਰਾਈਮ ਸੈੱਲ ਇੰਸਪੈਕਟਰ ਅਮਨਜੋਤ ਵੱਲੋਂ ਜੋੜੇ ‘ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਕਰੇਗੀ।

ਡੀਜੀਪੀ ਗੌਰਵ ਯਾਦਵ ਨੇ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਏਡੀਜੀਪੀ ਵੀ ਨੀਰਜਾ ਕਰਨਗੇ। ਐੱਸਆਈਟੀ ‘ਚ ਆਈਜੀਪੀ ਧਨਪ੍ਰੀਤ ਕੌਰ ਤੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੂੰ ਸ਼ਾਮਲ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਇੰਸਪੈਕਟਰ ਅਮਨਜੋਤ ਕੌਰ ਨੇ ਡੀਜੀਪੀ ਗੌਰਵ ਯਾਦਵ ਨੂੰ ਲਿਖੇ ਪੱਤਰ ਵਿਚ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਦੋਸ਼ ਲਗਾਏ ਹਨ।

ਸੂਤਰਾਂ ਮੁਤਾਬਕ ਡੀਜੀਪੀ ਗੌਰਵ ਯਾਦਵ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹਨ। ਉਨ੍ਹਾਂ ਆਪਣੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਕੇਸ ‘ਤੇ ਕੰਮ ਕਰਨ ਤੇ ਐਸਆਈਟੀ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ ਹੈ। ਡੀਜੀਪੀ ਪੰਜਾਬ ਨੂੰ ਲਿਖੇ ਪੱਤਰ ‘ਚ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘੁਟਾਲੇ ‘ਚ ਮੁਖਬਰ ਹੋਣ ਦਾ ਦਾਅਵਾ ਕੀਤਾ ਸੀ। ਮੰਤਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਦੋਸ਼ ਲਗਾਏ ਗਏ ਸਨ।

ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਆਈਪੀਐਸ ਅਧਿਕਾਰੀ ਪਤਨੀ ਜੋਤੀ ਯਾਦਵ ਨੇ ਪਹਿਲਾਂ ਹੀ ਇਕ ਬਿਆਨ ਜਾਰੀ ਕਰਕੇ ਦੋਸ਼ਾਂ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਇੰਸਪੈਕਟਰ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਜਨਤਕ ਭਾਸ਼ਣ ਦਿੰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਸ਼ੀਸ਼ੇ ਵਾਂਗ ਸਾਫ਼ ਤੇ ਸਪੱਸ਼ਟ ਹੈ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।

ਮੁਹਾਲੀ ਪੁਲਿਸ ਦੇ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਜੋ ਪਹਿਲਾਂ ਮੁਹਾਲੀ ਸਾਈਬਰ ਸੈੱਲ ਦੇ ਇੰਚਾਰਜ ਸਨ, ਕਥਿਤ ਤੌਰ ‘ਤੇ ਬੇਗੁਨਾਹ ਲੋਕਾਂ ਖਿਲਾਫ਼ ਧੋਖਾਧੜੀ ਨਾਲ ਐੱਫਆਈਆਰ ਦਰਜ ਕਰਨ ਤੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਹੜੱਪਣ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਉਨ੍ਹਾਂ ਦੀਆਂ ਧਮਕੀਆਂ ਅੱਗੇ ਗੋਡੇ ਟੇਕ ਦਿੱਤੇ ਅਤੇ ਉਨ੍ਹਾਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ ਗਏ, ਉਨ੍ਹਾਂ ਦੀ ਐੱਫਆਈਆਰ ਬਾਅਦ ਵਿਚ ਰੱਦ ਕਰ ਦਿੱਤੀ ਗਈ। ਹਾਲਾਂਕਿ ਇੰਸਪੈਕਟਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਮੁਹਾਲੀ ਦੇ ਇਕ ਬੇਸਮੈਂਟ ਤੋਂ ਸੰਚਾਲਿਤ ਇਕ ਫਰਜ਼ੀ ਕਾਲ ਸੈਂਟਰ ਕਥਿਤ ਤੌਰ ‘ਤੇ ਵਿਦੇਸ਼ੀਆਂ ਤੋਂ ਵੱਡੀ ਰਕਮ ਉਗਰਾਹ ਰਿਹਾ ਸੀ ਜਿਸ ਵਿਚ 100 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋ ਗਏ ਸਨ।

ਮੁੱਢਲੀ ਜਾਂਚ ਦੀ ਅਗਵਾਈ ਕਰਨ ਵਾਲੀ ਅਧਿਕਾਰੀ ਨੇ ਕਾਲ ਸੈਂਟਰ ਦੇ ਮਾਲਕ ਵਿਜੈ ਰਾਇ ਕਪੂਰੀਆ ਨੂੰ ਕਈ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਇੰਸਪੈਕਟਰ ਨੇ ਦੋਸ਼ ਲਗਾਇਆ ਕਿ ਕਪੂਰੀਆ ਦੇ ‘ਆਪ’ ਮੰਤਰੀ ਹਰਜੋਤ ਬੈਂਸ ਨਾਲ ਸੰਬੰਧ ਸਨ, ਕਿਉਂਕਿ ਦੋਵੇਂ ਨੰਗਲ ਤੋਂ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਬੈਂਸ ਦੀ ਪਤਨੀ ਜਾਂਚ ਵਿਚ ਅੜਿੱਕਾ ਪਾ ਰਹੀ ਸੀ ਤੇ ਇਸ ਨੂੰ ਰੋਕਣ ਲਈ ਦਬਾਅ ਬਣਾ ਰਹੀ ਸੀ।

100 crore scam: ਪੰਜਾਬ ਵਿੱਚ ਇੱਕ ਵੱਡਾ ਸਾਈਬਰ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ਆਮ ਆਦਮੀ ਪਾਰਟੀ (AAP) ਦੇ ਮੰਤਰੀ ਹਰਜੋਤ ਬੈਂਸ (Harjot Bains) ਅਤੇ ਉਨ੍ਹਾਂ ਦੀ ਪਤਨੀ ਐਸਪੀ (SP) ਜੋਤੀ ਯਾਦਵ (Jyoti Yadav) ਦੇ ਨਾਮ ਕਥਿਤ ਤੌਰ ‘ਤੇ ਜੁੜੇ ਹੋਏ ਹਨ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਤੇ ਵਿਰੋਧੀ ਧਿਰਾਂ ਵੱਲੋਂ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ, ਸਾਈਬਰ ਸੈੱਲ ਦੇ ਇੰਸਪੈਕਟਰ ਵੱਲੋਂ ਪੰਜਾਬ ਦੇ DGP ਨੂੰ ਪੱਤਰ ਲਿਖ ਕੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਪਤਨੀ ਐਸ.ਪੀ ਜੋਤੀ ਯਾਦਵ ਵਿਰੁੱਧ 100 ਕਰੋੜ ਰੁਪਏ ਦੇ ਵਿਦੇਸ਼ੀ ਕਾਲ ਸੈਂਟਰ ਘੁਟਾਲੇ ਨਾਲ ਕਥਿਤ ਸਬੰਧ ਅਤੇ ਪ੍ਰੋਫੈਸਰ ਦੀ ਖੁਦਕੁਸ਼ੀ ਮਾਮਲੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਕਾਲ ਰਿਕਾਰਡ ਦੀ ਮੰਗ ਕਰਨ ਲਈ ਜਾਂਚ ਦੀ ਬੇਨਤੀ ਕੀਤੀ ਗਈ ਹੈ।

ਪਰਗਟ ਸਿੰਘ ਨੇ ਕਿਹਾ ਕਿ, 1158 ਪ੍ਰੋਫ਼ੈਸਰ ਯੂਨੀਅਨ ਦੇ ਮੈਂਬਰ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੇ ਸੁਸਾਈਡ ਨੋਟ ਵਿੱਚ ਵੀ ਮੰਤਰੀ ਦਾ ਨਾਂਅ ਲਿਖਿਆ ਸੀ। ਭ੍ਰਿਸ਼ਟਾਚਾਰ ‘ਤੇ ਜ਼ੀਰੋ ਟੋਲਰੈਂਸ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਕਿ ਸਾਡੀ ਮੰਗ ਹੈ ਕਿ ਜੋ 100 ਕਰੋੜ ਰੁਪਏ ਦਾ Cyber Scam ਸਾਹਮਣੇ ਆਇਆ ਹੈ ਉਸਦੀਆਂ ਤਾਰਾਂ ਸਿੱਧੀਆਂ-ਸਿੱਧੀਆਂ ਇੱਕ ਮੰਤਰੀ, ਇੱਕ ਸੀਨੀਅਰ ਪੁਲਿਸ ਅਧਿਕਾਰੀ ਤੇ ਸਾਈਬਰ ਮਾਫੀਆ ਨਾਲ ਜੁੜੀਆਂ ਹੋਈਆਂ ਹਨ ਜਿਸਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ

ਹਾਲਾਂਕਿ ਦੌਰਾਨ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਸਾਫ਼ ਹਨ। ਉਹ ਇਸ ਮਾਮਲੇ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰੇਗਾ।

ਜ਼ਿਕਰ ਕਰ ਦਈਏ ਕਿ ਮੁਹਾਲੀ ਦੀ ਇੰਸਪੈਕਟਰ ਅਮਨਜੋਤ ਕੌਰ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸ ਦੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸ਼ਿਕਾਇਤ ਦੀ ਕਾਪੀ ਮੀਡੀਆ ਵਿੱਚ ਆਉਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ।