Indian-Origin Surgeon, Family Killed in New York Plane Crash
ਨਿਊ ਯਾਰਕ ’ਚ ਜਹਾਜ਼ ਹਾਦਸਾਗ੍ਰਸਤ, ਭਾਰਤੀ ਮੂਲ ਦਾ ਡਾਕਟਰ ਤੇ ਪਰਿਵਾਰ ਦੇ ਤਿੰਨ ਜੀਅ ਹਲਾਕ
ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ, ਵੀਕਐਂਡ ਦੌਰਾਨ ਵਾਪਰਿਆ ਹਾਦਸਾ
ਨਿਊ ਯਾਰਕ, 14 ਅਪਰੈਲ
ਇਥੇ ਵੀਕਐਂਡ ਦੌਰਾਨ ਨਿਊ ਯਾਰਕ ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਭਾਰਤੀ ਮੂਲ ਦੇ ਡਾਕਟਰ ਤੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਪਰਿਵਾਰ ਜਨਮ ਦਿਨ ਦੇ ਜਸ਼ਨਾਂ ਲਈ ਕੈਟਸਕਿਲਜ਼ ਪਹਾੜੀਆਂ ਵੱਲ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਡਬਲ ਇੰਜਨ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਰਕੇ ਉੱਘੇ ਯੁਰੋਗਾਇਨੇਕਾਲੋਜਿਸਟ ਡਾ.ਜੌਏ ਸੈਣੀ, ਉਨ੍ਹਾਂ ਦੀ ਪਤਨੀ ਤੇ ਨਿਊਰੋਵਿਗਿਆਨੀ ਡਾ.ਮਿਸ਼ੇਲ ਗਰੌਫ਼, ਧੀ ਕਰੀਨਾ ਗਰੌਫ਼ (ਸਾਬਕਾ ਐੱਮਆਈਟੀ ਸੌਕਰ ਖਿਡਾਰੀ ਤੇ 2022 ਐੱਨਸੀਏਏ ਵਿਮੈੱਨ ਆਫ਼ ਦਿ ਯੀਅਰ) ਤੇ ਪੁੱਤਰ ਜੇਅਰਡ ਗਰੌਫ, ਪੈਰਾਲੀਗਲ ਦੀ ਮੌਤ ਹੋ ਗਈ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ (ਐੱਨਟੀਐੱਸਬੀ) ਨੇ ਇਕ ਬਿਆਨ ਵਿਚ ਕਿਹਾ ਕਿ 12 ਅਪਰੈਲ ਨੂੰ ਦੁਪਹਿਰੇ 12:06 ਵਜੇ ਮਿਤਸੂਬਿਸ਼ੀ ਐੱਮਯੂ-2ਬੀ-40 ਐੱਨ635ਟੀਏ ਨਿਊ ਯਾਰਕ ਵਿਚ ਕਰੇਰੀਵਿਲੇੇ ਨੇੇੜੇ ਹਾਦਸਾਗ੍ਰਸਤ ਹੋ ਗਿਆ। ਪਰਿਵਾਰ ਨਿਊ ਯਾਰਕ ਦੇ ਵ੍ਹਾਈਟ ਪਲੇਨਸ ਤੋਂ ਵੈਸਟਚੈਸਟਰ ਕਾਊਂਟੀ ਹਵਾਈ ਅੱਡੇ ਤੋਂ ਨਿੱਜੀ ਜਹਾਜ਼ ’ਤੇ ਸਵਾਰ ਹੋਇਆ ਸੀ। ਐੱਨਟੀਐੱਸਬੀ ਨੇ ਕਿਹਾ ਕਿ ਤਫ਼ਤੀਸ਼ਕਾਰਾਂ ਵੱਲੋਂ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਤੇ ਗਵਾਹਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।