Breaking News

ਰਾਹੁਲ ਗਾਂਧੀ ਨੇ ਜੋ ਬੋਲਿਆ ਹੈ, ਉਹ ਕਾਂਗਰਸ ਦੇ ਭੂਤਕਾਲ ਦਾ ਸੱਚ ਅਤੇ ਭਾਜਪਾ ਦੇ ਵਰਤਮਾਨ ਦਾ ਸੱਚ ਹੈ।

ਜਾਪਦਾ ਹੈ ਸਿੱਖ ਦੀ ਉਦਾਹਰਣ ਉਸਨੇ ਇਸ ਤੋਂ ਪੈਦਾ ਹੋਣ ਵਾਲੇ ਵਿਵਾਦ ਤੋਂ ਅਣਜਾਣ ਹੁੰਦੇ ਨਹੀਂ ਦਿੱਤੀ। ਹਾਲਾਂਕਿ ਇਸ ਦਾ ਇੱਕ ਕਾਰਨ ਕਿਸੇ ਸਿੱਖ ਦਾ ਸੌਖਿਆਂ ਪਛਾਣਿਆ ਜਾਣਾ ਵੀ ਹੋ ਸਕਦਾ ਹੈ ਪਰ ਇਹ ਉਦਾਹਰਣ ਦੇਣ ਵੇਲੇ ਉਸ ਨੂੰ ਪਤਾ ਹੀ ਹੋਵੇਗਾ ਕਿ ਇਸ ਤੋਂ ਪੈਦਾ ਹੋਣ ਵਾਲਾ ਵਿਵਾਦ ਉਸ ਦੀ ਪਾਰਟੀ ਅਤੇ ਪੁਰਖਿਆਂ ਵੱਲ ਆਏਗਾ।

ਇਸ ਬਿਆਨ ਤੋਂ ਬਾਅਦ ਪਿਛਲੇ ਸਮੇਂ ਵਿੱਚ ਪੰਜਾਬ ਅਤੇ ਸਿੱਖਾਂ ਖਿਲਾਫ ਕਾਂਗਰਸ ਦੇ ਪਾਪਾਂ ਦੀ ਗੱਲ ਤਾਂ ਹੋਈ ਹੀ ਹੈ ਪਰ ਨਾਲ ਹੀ ਇਸ ਨੇ ਮੌਜੂਦਾ ਸਮੇਂ ਵਿੱਚ ਸਿੱਖਾਂ ਪ੍ਰਤੀ ਦੇਸ਼ ਵਿੱਚ ਪੈਦਾ ਕੀਤੀ ਜਾ ਰਹੀ ਨਫਰਤ ਦੇ ਸਰਪ੍ਰਸਤਾਂ ਨੂੰ ਕਟਹਿਰੇ ਵਿੱਚ ਵੀ ਖੜਾ ਕਰ ਦਿੱਤਾ ਹੈ। ਉਹ ਇੱਕ ਵਾਰ ਤਾਂ ਰੱਖਿਆਤਮਕ ਹੋਣਗੇ।

ਪਿਛਲੇ ਕੁਝ ਸਾਲਾਂ ਤੋਂ ਸਿੱਖਾਂ ਨੇ ਬਥੇਰਾ ਰੌਲਾ ਪਾਇਆ ਕਿ ਉਨ੍ਹਾਂ ਖਿਲਾਫ ਸ਼ਰੇਆਮ ਨਫਰਤ ਫੈਲਾਉਣ ਦਾ ਏਜੰਡਾ ਚਲਾਇਆ ਜਾ ਰਿਹਾ ਹੈ ਪਰ ਕਿਸੇ ਦੇ ਕੰਨਾਂ ‘ਤੇ ਜੂੰ ਨਹੀਂ ਸਰਕੀ। ਰਾਹੁਲ ਗਾਂਧੀ ਦੇ ਬਿਆਨ ਨੇ ਇਸ ਸਾਰੇ ਕੁਝ ਨੂੰ ਇਕਦਮ ਕੇਂਦਰ ਵਿੱਚ ਲੈ ਆਂਦਾ ਹੈ।

ਅੰਤਰਰਾਸ਼ਟਰੀ ਪੱਧਰ ‘ਤੇ ਵਿਖਾਉਣ ਲਈ ਹੁਣ ਸ਼ਾਇਦ ਅਕਾਲੀ ਦਲ ਦੀ ਘਾਟ ਵੀ ਭਾਜਪਾ ਨੂੰ ਰੜਕਦੀ ਹੋਵੇ।

ਰਾਹੁਲ ਗਾਂਧੀ ਦੇ ਮਨਸ਼ੇ ਇੱਕ ਤੋਂ ਜ਼ਿਆਦਾ ਜਾਪਦੇ ਹਨ। ਫਿਲਹਾਲ ਜਿਹੜੇ ਸਮਝ ਆਉਂਦੇ ਨੇ :

ਆਰਐਸਐਸ ‘ਤੇ ਅਮਰੀਕਾ ਦੀ ਧਰਤੀ ‘ਤੇ ਹਮਲਾ ਕਰਨਾ। ਵਿਚਾਰਧਾਰਕ ਪੱਧਰ ‘ਤੇ ਆਰਐਸਐਸ ਨਾਲ ਆਪਣੀ ਲੜਾਈ ਨੂੰ ਹੋਰ ਤਿੱਖਾ ਅਤੇ ਸਪੱਸ਼ਟ ਕਰਨਾ ਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਵਿਖਾਉਣਾ।

ਮੋਦੀ ਸਰਕਾਰ ‘ਤੇ ਇੱਕ ਵੱਖਰੀ ਤਰਾਂ ਦਾ ਦਬਾਅ ਬਣਾਉਣਾ, ਉਹ ਵੀ ਉਦੋਂ ਜਦੋਂ ਅਮਰੀਕਾ ਇੱਕ ਕਤਲ ਦੀ ਸਾਜਿਸ਼ ਫੇਲ ਕਰਕੇ ਮੋਦੀ ਸਰਕਾਰ ‘ਤੇ ਦਬਾਅ ਬਣਾ ਰਿਹਾ ਹੈ ਅਤੇ ਕੈਨੇਡਾ ਹੋ ਚੁੱਕੇ ਕਤਲ ਲਈ ਉਂਗਲ ਚੁੱਕ ਰਿਹਾ ਹੈ।

ਸਿੱਖਾਂ ਦੀ ਉਦਾਹਰਣ ਦੇਣੀ ਜਦਕਿ ਸੰਘ ਅਤੇ ਭਾਜਪਾ ਵਾਲੇ ਸਿੱਖਾਂ ਨਾਲ ਧਾਰਮਿਕ, ਸੱਭਿਆਚਾਰਕ, ਇਤਿਹਾਸਿਕ, ਸਮਾਜਿਕ ਅਤੇ ਰਾਜਨੀਤਕ ਸਾਂਝ ਜਤਾਉਂਦੇ ਨੇ। ਅਕਾਲੀ ਦਲ ਦੇ ਰੂਪ ਵਿੱਚ ਉਨ੍ਹਾਂ ਦਾ ਸਿੱਖਾਂ ਨਾਲ ਰਾਜਨੀਤਿਕ ਗੱਠਜੋੜ ਵੀ ਰਿਹਾ ਹੈ ਪਰ ਹੁਣ ਉਨ੍ਹਾਂ ਕੋਲ ਇਹ ਵੀ ਦਿਖਾਉਣ ਨੂੰ ਨਹੀਂ ਹੈ।

ਸਿੱਖਾਂ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼। ਇਹ ਕੋਸ਼ਿਸ਼ ਉਹ ਪਹਿਲਾਂ ਵੀ ਕਰ ਚੁੱਕਾ ਹੈ।

ਹਿੰਦੂ, ਹਿੰਦੀ, ਹਿੰਦੁਸਤਾਨ ਦੀ ਵਿਚਾਰਧਾਰਾ ਦੇ ਗਲਬੇ ਦੇ ਮੁਕਾਬਲੇ ਵੱਖ ਵੱਖ ਭਾਸ਼ਾਵਾਂ ਵਾਲੇ ਲੋਕਾਂ ਨੂੰ ਸੰਬੋਧਿਤ ਹੋਣਾ ਅਤੇ ਕਾਂਗਰਸ ਨੂੰ ਇਸ ਦਾ ਵਿਚਾਰਧਾਰਕ ਅਤੇ ਰਾਜਨੀਤਿਕ ਬਦਲ ਵਜੋਂ ਉਭਾਰਨਾ।
ਕੇਂਦਰਵਾਦ ਦੇ ਉਲਟ ਪਿਛਲੇ ਕੁਝ ਸਾਲਾਂ ਵਿੱਚ ਤਕੜੀ ਹੋਈ ਖੇਤਰੀ ਪਛਾਣ ਅਤੇ ਖੇਤਰਵਾਦ ਦੀ ਭਾਵਨਾ ਨੂੰ ਕਾਂਗਰਸ ਦੇ ਹੱਕ ਵਿੱਚ ਮੋੜਨ ਦੀ ਕੋਸ਼ਿਸ਼।

ਇਸਤੋਂ ਇਲਾਵਾ ਅੰਤਰਰਾਸ਼ਟਰੀ ਸਮੀਕਰਨ ਵੀ ਇਸਦੇ ਪਿੱਛੇ ਹੋਣਗੇ। ਖ਼ਾਸ ਕਰਕੇ ਜਦੋਂ ਅਮਰੀਕਾ ਦੀ ਧਰਤੀ ਤੇ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਬਿਲਕੁਲ ਪਹਿਲਾਂ ਕੀਤੀ ਗਈ ਹੈ।

ਰਾਹੁਲ ਗਾਂਧੀ ਦੇ ਬਿਆਨ ਦਾ ਸੇਕ ਕਾਂਗਰਸ ਵਿੱਚ ਬੈਠੇ ਸਿੱਖਾਂ ਨਾਲ ਖੁਣਸ ਰੱਖਣ ਵਾਲੇ ਆਰੀਆ ਸਮਾਜੀਆਂ ਅਤੇ ਹੋਰ ਫਿਰਕੂ ਤੇ ਨਸਲਵਾਦੀ ਸੋਚ ਵਾਲਿਆਂ ਨੂੰ ਵੀ ਮਹਿਸੂਸ ਹੋਇਆ ਹੋਵੇਗਾ।
#Unpopular_Opinions
#Unpopular_Ideas

ਭਾਜਪਾ ਰਾਹੁਲ ਗਾਂਧੀ ਦੀ ਅਮਰੀਕਾ ਵਿੱਚ ਸਿੱਖਾਂ ਬਾਰੇ ਕੀਤੀ ਟਿੱਪਣੀ ਨੂੰ ਅਸਲ ਵਿੱਚ ਉਸ ਵੱਲੋਂ ਕੀਤੇ ਹੋਰ ਵੱਡੇ ਅਤੇ ਤਿੱਖੇ ਹਮਲਿਆਂ ਖਿਲਾਫ਼ ਢਾਲ ਵਜੋਂ ਵਰਤ ਰਹੀ ਹੈ।

ਅਸਲ ਵਿੱਚ ਉਸਨੇ ਸੰਘ ਅਤੇ ਭਾਜਪਾ ਦੀ ਧਾਰਮਿਕ, ਸੱਭਿਆਚਾਰਕ ਅਤੇ ਰਾਜਨੀਤਿਕ ਵਿਚਾਰਧਾਰਾ ਦੀ ਜੜ੍ਹ ਨੂੰ ਹੱਥ ਪਾਇਆ ਹੈ ਤੇ ਅਮਰੀਕਾ ਦੀ ਧਰਤੀ ‘ਤੇ ਸਿੱਧਾ ਚੈਲੇਂਜ ਕੀਤਾ ਹੈ।

ਬਿਨਾਂ ਹਿੰਦੀ ਦਾ ਨਾਂ ਲਏ ਬਾਕੀ ਭਾਸ਼ਾਵਾਂ ਦੀ ਗੱਲ ਕਰਕੇ ਉਸਦੀਆਂ ਦਲੀਲਾਂ ਹਿੰਦੀ-ਸੰਸਕ੍ਰਿਤ ਭਾਸ਼ਾਈ ਬਸਤੀਵਾਦ ਨੂੰ ਸਿੱਧਾ ਚੈਲੇੰਜ ਕਰਦੀਆਂ ਹਨ।

ਇਸੇ ਤਰ੍ਹਾਂ ਉਸ ਦੀ ਵੱਖ ਵਖ ਸੱਭਿਆਚਾਰਾਂ ਅਤੇ ਇਨ੍ਹਾਂ ਦੀ ਅਮੀਰੀ ਤੇ ਮਹੱਤਤਾ ਵਾਲੀ ਦਲੀਲ, ਭਾਜਪਾ ਦੀ ਸਾਰੇ ਮੁਲਕ ਵਿੱਚ ਇੱਕ ਤਰ੍ਹਾਂ ਦੇ ਸੱਭਿਆਚਾਰ ਨੂੰ ਸਿਰਮੌਰ ਦਰਸਾਉਣ ਵਾਲੇ ਬਿਰਤਾਂਤ ਦੀ ਹਵਾ ਕੱਢਦੀ ਹੈ।

ਜਦੋਂ ਉਹ ਯੂਨਾਈਟਿਡ ਸਟੇਟਸ ਆਫ ਇੰਡੀਆ ਦੀ ਗੱਲ ਕਰਦਾ ਹੈ ਤਾਂ ਉਹ ਭਾਜਪਾ ਅਤੇ ਕਾਂਗਰਸ ਦੇ ਹੁਣ ਤੱਕ ਦੇ ਕੇਂਦਰੀਵਾਦੀ ਮਾਡਲ ਅਤੇ ਨੀਤੀਆਂ ਦੇ ਉਲਟ ਖੜਦਾ ਹੈ।

ਸਿੱਖਾਂ ਰਾਹੀਂ ਘੱਟ ਗਿਣਤੀਆਂ ਦੀ ਗੱਲ ਕਰਦਿਆਂ ਉਸ ਨੇ ਇੱਕ ਰਾਸ਼ਟਰ ਅਤੇ ਇੱਕ ਪਛਾਣ ਹੇਠਾਂ ਸਾਰਾ ਕੁਝ ਦੇਣ ਦੀ ਸੰਘੀ ਰਾਜਨੀਤੀ ‘ਤੇ ਵੱਡਾ ਹਮਲਾ ਬੋਲਿਆ ਹੈ।

ਉਸਨੇ ਸਪਸ਼ਟ ਕਿਹਾ ਕਿ ਇਨ੍ਹਾਂ ਸਾਰਿਆਂ ਵਖਰੇਵਿਆਂ ਵਿੱਚੋਂ ਕੋਈ ਇੱਕ ਪਛਾਣ ਸੱਭਿਆਚਾਰ ਜਾਂ ਭਾਸ਼ਾ ਬਾਕੀਆਂ ਨਾਲੋਂ ਸਰਵਉੱਚ ਨਹੀਂ ਹੋ ਸਕਦੀ।

ਰਾਹੁਲ ਗਾਂਧੀ ਜੋ ਕੁਝ ਬੋਲ ਰਿਹਾ ਹੈ ਉਹ ਸਿੱਖ ਪਿਛਲੇ 75 ਸਾਲਾਂ ਤੋਂ ਕਹਿ ਰਹੇ ਨੇ। ਇਸੇ ਲਈ ਉਨ੍ਹਾਂ ਅਤੇ ਪੰਜਾਬ ਨੇ ਸਾਰਾ ਸੰਤਾਪ ਵੀ ਝੱਲਿਆ ਹੈ। ਅਸਲ ‘ਚ ਹੁਣ ਉਹ ਜਿਹੋ ਜਿਹੇ ਸੰਕਲਪ ਉਭਾਰ ਰਿਹਾ ਹੈ, ਉਹੋ ਜਿਹੇ ਸੰਕਲਪ ਕਾਂਗਰਸ ਆਗੂਆਂ ਨੇ ਵੰਡ ਤੋਂ ਪਹਿਲਾਂ ਤੱਕ ਉਭਾਰੇ ਸਨ ਅਤੇ ਵਾਅਦੇ ਕੀਤੇ ਸਨ, ਜਿਹੜੇ ਬਾਅਦ ਵਿਚ ਤੋੜੇ ਗਏ।
#Unpopular_Opinions
#Unpopular_Ideas

ਮੋਦੀ ਆਪਣੇ ਲਾਮ ਲਸ਼ਕਰ ਨਾਲ ਅਮਰੀਕਾ ਆ ਰਿਹਾ। ਰਾਹੁਲ ਗਾਂਧੀ ਆਪਣੀ ਸੈਨਾ ਨਾਲ ਅਮਰੀਕਾ ‘ਚ ਭਾਸ਼ਣ ਕਰ ਰਿਹਾ। ਅਮਰੀਕਨ ਨੀਤੀਘਾੜੇ ਪੰਜਾਬ ਤੋਂ ਬਿਨਾ ਹੋਰ ਕਈ ਸੂਬਿਆਂ ‘ਚ ਮੋਦੀ ਵਿਰੋਧੀਆਂ ਨਾਲ ਮਿਲ ਰਹੇ ਹਨ। ਪੰਜਾਬ ਵਿੱਚ ਜਾਂ ਤਾਂ ਉਹ ਕਿਸੇ ਨੂੰ ਮਿਲਣ ਦੇ ਲਾਇਕ ਨਹੀਂ ਸਮਝ ਰਹੇ ਜਾਂ ਉਹ ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨਾਲ ਸਿੱਧੇ ਸਬੰਧ ਹੋਣ ਕਰਕੇ ਇਸਦੀ ਲੋੜ ਮਹਿਸੂਸ ਨਹੀਂ ਕਰ ਰਹੇ, ਮਤਲਬ ਬਾਹਰਲੇ ਸਿੱਖਾਂ ਨੂੰ ਮੋਦੀ ਦੀ ਪੰਜਾਬ ਵਿਚਲੀ ਵਿਰੋਧੀ ਧਿਰ ਮੰਨ ਕੇ ਚੱਲ ਰਹੇ ਹਨ।
ਵੱਡੀ ਖਿੱਚੜੀ ਪੱਕ ਰਹੀ ਹੈ।
ਦੂਜੀ ਗੱਲ;
ਰਾਹੁਲ ਗਾਂਧੀ ਨੇ ਅਮਰੀਕਾ ਆਣ ਕੇ ਬਿਆਨ ਅਜਿਹੇ ਦਿੱਤੇ ਹਨ, ਜੋ ਉਸਦੇ ਪੁਰਖਿਆਂ ਦੀ ਸਿਧਾਂਤਕ ਪੁਜ਼ੀਸ਼ਨ ਤੋਂ ਬਿਲਕੁਲ ਉਲਟ ਹਨ।
੧. ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਸੀ, ਜਿਸਨੂੰ ਵੱਖਵਾਦੀ ਮਤਾ ਗਰਦਾਨ ਕੇ ਰਾਹੁਲ ਦੀ ਦਾਦੀ ਇੰਦਰਾ ਨੇ ਦਿੱਲੀ ਦੀ ਸੂਬਿਆਂ ‘ਤੇ ਪਕੜ ਮਜ਼ਬੂਤ ਕਰਦਿਆਂ ਪੰਜਾਬ ਤੇ ਸਿੱਖਾਂ ਨੂੰ ਬਲਦੀ ‘ਚ ਸੁੱਟ ਦਿੱਤਾ। ਹੁਣ ਇੰਦਰਾ ਦਾ ਪੋਤਾ ਰਾਹੁਲ ਕੱਲ੍ਹ ਅਮਰੀਕਾ ਵਿੱਚ ਕਹਿ ਰਿਹਾ ਕਿ ਭਾਰਤ ਅਮਰੀਕਾ ਵਰਗਾ ਹੋਣਾ ਚਾਹੀਦਾ, ਸੂਬਿਆਂ ਨੂੰ ਵੱਧ ਅਧਿਕਾਰਾਂ ਵਾਲਾ ਮੁਲਕ।
੨. ਉਸਨੇ ਆਰਐਸਐਸ ਦੇ ਉਸ ਸਿਧਾਂਤ ਨੂੰ ਨਕਾਰਿਆ ਹੈ ਕਿ ਭਾਰਤ ਇੱਕ ਵਿਚਾਰ ਹੈ। ਉਸਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਭਾਰਤ ਵਿਚਾਰਾਂ ਦੇ ਵਖਰੇਵਿਆਂ ਵਾਲਾ ਮੁਲਕ ਹੈ। ਇਹ ਵੀ ਉਸਦੀ ਦਾਦੀ ਦੀ ਸਿਧਾਂਤਕ ਪੁਜ਼ੀਸ਼ਨ ਤੋਂ ਵੱਖਰਾ ਬਿਆਨ ਹੈ, ਜੋ ਆਰਐਸਐਸ ਆਗੂਆਂ ਨਾਲ ਘੁਲਮਿਲ ਕੇ ਨਰਮ ਹਿੰਦੂਤਵੀ ਰਾਜਨੀਤੀ ਕਰਦੀ ਸੀ, ਜਿਸਨੇ ਹੁਣ ਵਾਲੇ ਹਿੰਦੂਤਵੀਆਂ ਵਾਸਤੇ ਸੱਤਾ ਦਾ ਰਾਹ ਖੋਲ੍ਹਿਆ।
੩. ਰਾਹੁਲ ਨੇ ਅੱਜ ਕਿਹਾ ਕਿ ਸਿੱਖਾਂ ਦੀ ਪੱਗ ਤੇ ਕੜਾ ਭਾਰਤ ਵਿੱਚ ਸੁਰੱਖਿਅਤ ਨਹੀਂ। ਸੱਚ ਕਿਹਾ ਹੈ ਪਰ ਹਰਦੀਪ ਪੁਰੀ ਵਰਗੇ ਕੇਸਾਧਾਰੀ ਸੰਘੀ ਟੱਪ ਰਹੇ ਹਨ ਕਿ ਕਿੱਥੇ ਪੱਗ ਜਾਂ ਕੜੇ ਨੂੰ ਖ਼ਤਰਾ ਹੈ? ਜਾਪਦਾ ਹੈ ਕਿ ਨਾ ਤਾਂ ਉਹ ਸੋਸ਼ਲ ਮੀਡੀਏ ‘ਤੇ ਪੱਗ ਅਤੇ ਕੜੇ ਵਾਲਿਆਂ ਵਿਰੁੱਧ ਚੱਲਦੀ ਨਫਰਤੀ ਜੰਗ ਬਾਰੇ ਖ਼ਬਰ ਰੱਖਦੇ ਹਨ ਤੇ ਤਾਂ ਨਾ ਹੀ ਮੋਦੀ ਸਰਕਾਰ ਹੇਠ ਕਈ ਥਾਂ ਇਮਤਿਹਾਨਾਂ ‘ਚ ਪੱਗ ਜਾਂ ਕੜਾ ਪਹਿਨ ਕੇ ਪੇਪਰ ਦੇਣ ਗਏ ਸਿੱਖਾਂ ਨੂੰ ਰੋਕੇ ਜਾਣ ਤੋਂ ਜਾਣੂੰ ਹਨ। ਰਾਹੁਲ ਦੀ ਇਹ ਪੁਜ਼ੀਸ਼ਨ ਵੀ ਆਪਣੀ ਦਾਦੀ ਦੀ ਸਿਧਾਂਤਕ ਪੁਜ਼ੀਸ਼ਨ ਤੋਂ ਵੱਖਰੀ ਹੈ, ਜਿਸਦੇ ਰਾਜ ਵਿੱਚ “ਕੱਛ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ” ਦੇ ਨਾਅਰੇ ਹੀ ਨਹੀਂ ਲੱਗਦੇ ਰਹੇ ਬਲਕਿ ਪੱਗ ਅਤੇ ਕੜੇ ਦੀ ਅਜ਼ਮਤ ਲਈ ਖੜੇ ਸਿੰਘਾਂ ਨੂੰ ਸਬਕ ਸਿਖਾਉਣ ਲਈ ਉਸਦੀ ਦਾਦੀ ਨੇ ਗੁਰਧਾਮਾਂ ‘ਤੇ ਫੌਜੀ ਹਮਲਾ ਕਰਵਾਇਆ ਤੇ ਦਸ ਸਾਲ ਸਿੱਖਾਂ ਦਾ ਸ਼ਿਕਾਰ ਖੇਡਿਆ, ਜੋ ਅਜੇ ਤੱਕ ਜਾਰੀ ਹੈ।
ਸਿੱਖ ਬੜੀ ਨੀਝ ਨਾਲ ਰਾਹੁਲ ਨੂੰ ਵਾਚ ਰਹੇ ਹਨ। ਉਹ ਕਦੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ, ਹੁਣ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ, ਸਿੱਖਾਂ ਪ੍ਰਤੀ ਭਾਰਤ ਵਿੱਚ ਫ਼ਿਕਰ ਜਤਾਉਂਦਾ।
ਕੋਈ ਵੱਡੀ ਗੱਲ ਨਹੀਂ ਕਿ ਰਾਹੁਲ ਗਾਂਧੀ ਵਿੰਗ-ਵਲ਼ ਛੱਡ ਕੇ ਹੁਣ ਸਿੱਧੇ ਤੌਰ ‘ਤੇ ਆਪਣੀ ਦਾਦੀ ਦੇ ਕੀਤੇ ਕੁਕਰਮਾਂ ਲਈ ਸਿੱਖ ਕੌਮ ਤੋਂ ਮਾਫ਼ੀ ਮੰਗ ਲਵੇ। ਇਹ ਮੌਕਾ ਮੋਦੀ ਕੋਲ ਵੀ ਸੀ ਕਿ ਉਹ ਭਾਰਤੀ ਸਟੇਟ ਵਲੋਂ ਗੁਰਧਾਮਾਂ ‘ਤੇ ਹਮਲੇ ਅਤੇ ਸਿੱਖਾਂ ਦੀ ਨਸਲਕੁਸ਼ੀ ਬਾਰੇ ਪਾਰਲੀਮੈਂਟ ‘ਚ ਮਾਫੀ ਮੰਗ ਲੈਂਦਾ, ਪਰ ਉੁਸਨੇ ਉਲਟਾ ਸਿੱਖਾਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ।
ਜੇ ਰਾਹੁਲ ਜਾਂ ਮੋਦੀ ਮਾਫੀ ਮੰਗ ਵੀ ਲੈਣ ਤਾਂ ਵੀ ਆਜ਼ਾਦੀ ਮੰਗਦੇ ਸਿੱਖਾਂ ਦਾ ਕਾਫਲਾ ਰੁਕਣਾ ਨਹੀੰ, ਜਿਹੜੀ ਜ਼ਹਿਰ ਤੇ ਨਫਰਤ ਭਾਰਤੀ ਸਮਾਜ ਵਿੱਚ ਘੱਟਗਿਣਤੀਆਂ ਖਿਲਾਫ ਭਰੀ ਗਈ ਹੈ, ਉਹ ਮੁੱਕਣੀ ਨਹੀਂ ਪਰ ਏਨਾ ਹੈ ਕਿ ਇਹ ਆਪਣੀ ਜ਼ਮੀਰ ‘ਤੇ ਪਿਆ ਬੋਝ ਹਲਕਾ ਕਰ ਸਕਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ