Breaking News

ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ NIA ਦਾ ਛਾਪਾ

ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਖਿਲਾਫ ਜ਼ਹਿਰ ਉਗਲੀ ਤੇ ਅੱਜ ਕਿਸਾਨ ਆਗੂਆਂ ਅਤੇ ਹੋਰ ਕਾਰਕੁਨਾਂ ਦੇ ਘਰਾਂ ਵਿੱਚ ਐਨਆਈਏ ਦੀ ਰੇਡ ਹੋ ਗਈ।

ਭਾਵੇਂ ਭਾਜਪਾ ਨੇ ਆਪਣੇ ਆਪ ਨੂੰ ਕੰਗਣਾ ਰਣੌਤ ‌ਦੇ ਬਿਆਨਾਂ ਨਾਲੋਂ ਵੱਖ ਕੀਤਾ ਪਰ ਅਸਲ ਵਿੱਚ ਉਸ ਦੀ ਡਿਊਟੀ ਮਾਹੌਲ ਤਿਆਰ ਕਰਨਾ ਸੀ। NHAI ਦੇ ਪ੍ਰੋਜੈਕਟਾਂ ਦੇ ਮਾਮਲੇ ‘ਤੇ ਖੜਾ ਕੀਤਾ ਬਿਰਤਾਂਤ ਵੀ ਇਸੇ ਪਿੱਠ ਭੂਮੀ ਵਿੱਚ ਦੇਖਣਾ ਚਾਹੀਦਾ ਹੈ।

ਰਾਸ਼ਟਰੀ ਸੰਦਰਭ ਵਿੱਚ ਜਿਹੜਾ ਚੈਲੇੰਜ ਮੋਦੀ ਨੂੰ 2024 ਦੀਆਂ ਚੋਣਾਂ ਵਿੱਚ ਮਿਲਿਆ ਤੇ ਅੱਜ ਇਹ ਮਜਬੂਰ ਜਿਹੀ ਸਰਕਾਰ ਚਲਾ ਰਹੇ ਨੇ, ਉਸ ਦਾ ਮੁੱਢ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਦੇ 2020 ਵਾਲੇ ਕਿਸਾਨ ਅੰਦੋਲਨ ਨੇ ਬੰਨ੍ਹਿਆ ਸੀ। ਇਸ ਕਰਕੇ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਪ੍ਰਤੀ ਖੁਣਸ ਬਿਲਕੁਲ ਕਾਇਮ ਹੈ ਤੇ ਇਸ ਵਾਰ ਰੇਡ ਨਕਸਲਵਾਦ ਦੇ ਬਹਾਨੇ ਕੀਤੀ ਗਈ ਹੈ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਇਹ ਗੱਲ ਬਿਲਕੁਲ ਠੀਕ ਫੜੀ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਨਾਲ ਰਲ ਕੇ ਕੰਮ ਕਰ ਰਹੀਆਂ ਹਨ। ਹਰਿਆਣੇ ਵਿੱਚ ਤਾਂ ਹੈ ਹੀ ਭਾਜਪਾ ਸਰਕਾਰ।

ਜਿਨ੍ਹਾਂ ‘ਤੇ ਅੱਜ ਰੇਡ ਹੋਈ ਉਨ੍ਹਾਂ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਅਤੇ ਵਕੀਲ ਵੀ ਸ਼ਾਮਿਲ ਨੇ।

ਪੱਤਰਕਾਰ ਮਨਦੀਪ ਪੁਨੀਆ ਅਨੁਸਾਰ ਕਿਸਾਨ ਆਗੂ ਬੀਬੀ ਸੁਖਵਿੰਦਰ ਕੌਰ, ਜਿਨ੍ਹਾਂ ਦੇ ਘਰ ਅੱਜ ਰੇਡ ਹੋਈ, ਕਾਫੀ ਸਮਝਦਾਰ ਔਰਤ ਆਗੂ ਨੇ ਤੇ ਇਸੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਤੁਹਾਨੂੰ ਲੱਗ ਸਕਦਾ ਹੈ ਸਿੱਖ ਅਤੇ ਖੱਬੇ ਪੱਖੀ ਕਾਰਕੁਨ ਇੱਕ ਦੂਜੇ ਦੇ ਉਲਟ ਨੇ, ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿੱਚ ਤਕੜੇ ਮੱਤਭੇਦ ਨੇ। ਪਰ ਹਿੰਦੂਤਵੀ ਸਰਕਾਰ ਅਤੇ ਉਸਦੀ ਪੰਜਾਬ ਦੀ ਭਗਵੰਤ ਮਾਨ ਵਾਲੀ ਸ਼ਾਖਾ ਨੂੰ ਪਤਾ ਹੈ ਹੈ ਕਿ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਕਾਰਕੁਨ ਉਸਨੂੰ ਚੈਲੇੰਜ ਕਰ ਰਹੇ ਨੇ ਤੇ ਇਹ ਕਈ ਮੌਕਿਆਂ ‘ਤੇ ਇਕੱਠੇ ਵੀ ਹੋ ਜਾਂਦੇ ਨੇ।

ਇੱਕ ਪਾਸੇ ਮੋਦੀ ਸਰਕਾਰ ਔਖੀ ਹੈ ਤਾਂ ਦੂਜੇ ਪਾਸੇ ਪੰਜਾਬ ਵਿੱਚ ਮੱਤੇਵਾੜੇ ਦੇ ਮੋਰਚੇ ਤੋਂ ਲੈ ਕੇ, ਜੀਰਾ ਸ਼ਰਾਫ ਫੈਕਟਰੀ ਅਤੇ ਹੁਣ ਬੁੱਢੇ ਦਰਿਆ ਵਾਲੇ ਮੋਰਚੇ ਤੱਕ ਪੰਜਾਬ ਪੱਖੀ ਲੋਕ ਆਪੋ ਆਪਣੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਇਕੱਠੇ ਹੋਏ ਅਤੇ ਸਰਕਾਰ ਦੇ ਨਾਸੀ ਧੂੰਆਂ ਦਿੱਤਾ।

ਠੱਗ ਕਿਸਮ ਦੇ ਕਾਰਪੋਰੇਟਾਂ ਨੂੰ ਉਭਾਰਨ ਵਾਲਾ, ਪੰਜਾਬ ਨੂੰ ਬਸਤੀ ਵਾਂਗ ਵਰਤਣ ਵਾਲਾ ਹਿੰਦੂਤਵੀ ਲਾਣਾ ਅਤੇ ਭਗਵੰਤ ਮਾਨ ਇਹ ਕਦੇ ਨਹੀਂ ਸਹਾਰ ਸਕਦੇ।
ਸ਼ੰਭੂ ਬਾਰਡਰ ‘ਤੇ ਚੱਲ ਰਿਹਾ ਕਿਸਾਨ ਮੋਰਚਾ ਵੀ ਸਰਕਾਰ ਲਈ ਵੱਡੀ ਸਿਰਦਰਦੀ ਹੈ।

ਇਸ ਤਰ੍ਹਾਂ ਦਾ ਧੱਕਾ ਭਾਵੇਂ ਸਿੱਖ ਕਾਰਕੁਨਾਂ ਨਾਲ ਹੋਵੇ ਜਾਂ ਖੱਬੇ ਪੱਖੀਆਂ ਨਾਲ ਜਾਂ ਫਿਰ ਕਿਸੇ ਹੋਰ ਨਾਲ, ਗੁਰੂ ਸਾਹਿਬ ਦੇ ਫਲਸਫੇ ਤੋਂ ਪ੍ਰੇਰਨਾ ਲੈਂਦਿਆਂ ਆਪਣਾ ਨਜ਼ਰੀਆ ਸਿਧਾਂਤਕ ਰੱਖੋ ਅਤੇ ਸਰਕਾਰੀ ਧੱਕੇਸ਼ਾਹੀ ਦਾ ਵਿਰੋਧ ਕਰੋ।

ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ‘ਤੇ ਕਰੈਕਡਾਊਨ ਅਤੇ ਉਸਨੂੰ ਡਿਬਰੂਗੜ੍ਹ ਭੇਜੇ ਜਾਣ ਵੇਲੇ ਵੀ ਉਸ ਨਾਲ ਅਸਹਿਮਤ ਬਹੁਤ ਸਾਰੇ ਲੋਕਾਂ, ਸਮੇਤ ਕਈ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਨੇ, ਸਰਕਾਰੀ ਧੱਕੇਸ਼ਾਹੀ ਦਾ ਸਪਸ਼ਟ ਵਿਰੋਧ ਕੀਤਾ ਸੀ।

ਸਰਕਾਰ ਲਈ ਸਮੱਸਿਆ ਪੰਜਾਬ ਦੇ ਨਾਲ-ਨਾਲ ਹਰਿਆਣੇ ਦਾ ਕਿਸਾਨ ਵੀ ਹੈ। ਜਦੋਂ ਬਿਰਤਾਂਤ ਦੀ ਲੜਾਈ ਵਿੱਚ ਇਨ੍ਹਾਂ ਨਾਲ ਹੋਰ ਕਾਰਕੁਨ ਵੀ ਆ ਜਾਂਦੇ ਨੇ ਤਾਂ ਸਰਕਾਰ ਲਈ ਸੇਕ ਵੱਧਦਾ ਹੈ।
ਪੰਜਾਬ ਦੁਆਲੇ ਬਸਤੀਵਾਦੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸਭ ਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ।
#Unpopular_Opinions
#Unpopular_Ideas
#Unpopular_Facts

ਨੈਸ਼ਨਲ ਇਨਵੈਸਟੀਗੇਸ਼ਨ ਟੀਮ (NIA ) ਨੇ ਸ਼ੁੱਕਰਵਾਰ ਸਵੇਰੇ ਪੰਜਾਬ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਐਨਆਈਏ ਦੀ ਟੀਮ ਨੇ ਬਠਿੰਡਾ ਦੇ ਰਾਮਪੁਰਾ ਫੂਲ ਕਸਬੇ ਦੇ ਸਰਾਭਾ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਵੀ ਛਾਪਾ ਮਾਰਿਆ ਹੈ। ਕਿਸਾਨ ਆਗੂ ਦੇ ਘਰ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।

ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪਾ ਮਾਰਨ ਤੋਂ ਗੁੱਸੇ ਵਿੱਚ ਆਏ ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਐਨਆਈਏ ਦੀ ਛਾਪੇਮਾਰੀ ਤੋਂ ਨਾਰਾਜ਼ ਹੋ ਗਏ ਹਨ ਅਤੇ ਧਰਨਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਛਾਪੇਮਾਰੀ ਦਾ ਕਾਰਨ ਨਹੀਂ ਦੱਸਿਆ ਜਾਂਦਾ, ਉਦੋਂ ਤੱਕ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਵੇਗਾ।

ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਸੁਖਵਿੰਦਰ ਕੌਰ ਖੰਡੀ ਸ਼ੰਭੂ ਸਰਹੱਦ ‘ਤੇ ਚੱਲ ਰਹੇ ਕਿਸਾਨ ਮੋਰਚੇ ‘ਚ ਸ਼ਾਮਲ ਹੈ। ਇਸ ਸਮੇਂ ਉਸ ਦੇ ਘਰ ਸਿਰਫ ਬੱਚੇ ਅਤੇ ਇਕ ਬਜ਼ੁਰਗ ਵਿਅਕਤੀ ਹਨ। ਉਨ੍ਹਾਂ ਦੇ ਘਰ ਦੀ ਤਲਾਸ਼ੀ ਦੇ ਨਾਲ-ਨਾਲ ਐਨਆਈਏ ਦੀ ਟੀਮ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਹਰਿਆਣਾ ਵਿੱਚ ਵੀ NIA ਦੀ ਛਾਪੇਮਾਰੀ
ਐਨਆਈਏ ਦੀ ਟੀਮ ਨੇ ਹਰਿਆਣਾ ਦੇ ਸੋਨੀਪਤ ਵਿੱਚ ਵੀ ਛਾਪੇਮਾਰੀ ਕੀਤੀ ਹੈ। NIA ਦੀ ਟੀਮ ਨੇ ਸੋਨੀਪਤ ਨਿਵਾਸੀ ਪੰਕਜ ਤਿਆਗੀ ਦੇ ਘਰ ਛਾਪਾ ਮਾਰਿਆ ਹੈ।