Lawrence Bishnoi & Goldy Brar part ways
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਅਮਰੀਕਾ ਵਿੱਚ ਜ਼ਮਾਨਤ ਹੋਈ ; ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਰਾਹ ਅੱਡ-ਅੱਡ ਹੋਏ- ਇੰਡੀਅਨ ਐਕਸਪ੍ਰੈਸ
*ਅਮਰੀਕਨ ਸਿਸਟਮ ਹਾਲੇ ਵੀ ਉਸਨੂੰ ਜੇਲ੍ਹ ‘ਚ ਦਿਖਾ ਰਹੇ ਹਨ।
**********************
“ਇੰਡੀਅਨ ਐਕਸਪ੍ਰੈਸ” ਦੇ ਪੱਤਰਕਾਰ ਮਹਿੰਦਰ ਸਿੰਘ ਮਨਰਾਲ ਨੇ ਅੱਜ ਇੱਕ ਵੱਡੀ ਰਿਪੋਰਟ ਛਾਪੀ ਹੈ, ਜਿਸ ਵਿੱਚ ਕਈ ਨਵੇਂ ਖੁਲਾਸੇ ਕੀਤੇ ਗਏ ਹਨ, ਜੋ ਤੁਹਾਨੂੰ ਕੈਨੇਡਾ-ਅਮਰੀਕਾ ਅੰਦਰ ਭਵਿੱਖ ਦੀਆਂ ਗੈਂਗ ਸਰਗਰਮੀਆਂ ਸਮਝਣ ਲਈ ਸਹਾਈ ਹੋਣਗੇ।
ਪੇਸ਼ ਹਨ ਪੂਰੀ ਰਿਪੋਰਟ ਵਿੱਚੋਂ ਕੁਝ ਪੰਜਾਬੀ ‘ਚ ਅਨੁਵਾਦ ਕੀਤੇ ਅੰਸ਼ਃ
-ਕੇਂਦਰੀ ਖੁਫੀਆ ਏਜੰਸੀਆਂ ਅਤੇ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਦੀ ਪੁਲਿਸ ਲਈ, ਜੋ ਹਾਈ-ਪ੍ਰੋਫਾਈਲ ਗੈਂਗਸਟਰਾਂ ਲਾਰੈਂਸ ਬਿਸ਼ਨੋਈ (ਜੋ ਸਾਬਰਮਤੀ ਜੇਲ੍ਹ ਵਿੱਚ ਹੈ) ਅਤੇ ਗੋਲਡੀ ਬਰਾੜ (ਜੋ ਮੰਨਿਆ ਜਾਂਦਾ ਹੈ ਕਿ ਅਮਰੀਕਾ ਤੋਂ ਕੰਮ ਕਰ ਰਿਹਾ ਹੈ) ਦੀ ਗਿਰੋਹਬੰਦੀ ਦੀ ਟ੍ਰੈਕਿੰਗ ਕਰ ਰਹੇ ਹਨ, ਵਾਸਤੇ ਇੱਕ ਨਵਾਂ ਸਿਰਦਰਦ ਖੜਾ ਹੋ ਗਿਆ ਹੈ।
ਬਿਸ਼ਨੋਈ ਅਤੇ ਬਰਾੜ ਹੁਣ ਇੱਕ ਦੂਜੇ ਨਾਲ ਕੰਮ ਨਹੀਂ ਕਰ ਰਹੇ। ਕੇਂਦਰੀ ਏਜੰਸੀਆਂ ਨੇ ਇਹ ਨਤੀਜਾ ਕਈ ਸਾਥੀਆਂ ਦੀ ਪੁੱਛਗਿੱਛ ਤੋਂ ਬਾਅਦ ਕੱਢਿਆ ਹੈ।
-ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਗੈਂਗਸਟਰਾਂ ਨੇ ਵੱਖ-ਵੱਖ ਕੰਮ ਕਰਨ ਦਾ ਫੈਸਲਾ ਕਰ ਲਿਆ ਹੈ। ਗੋਲਡੀ ਹੁਣ ਅਜ਼ਰਬੈਜਾਨ ਅਧਾਰਿਤ ਰੋਹਿਤ ਗੋਦਾਰਾ ਨਾਲ ਕੰਮ ਕਰ ਰਿਹਾ ਹੈ, ਜਦਕਿ ਬਿਸ਼ਨੋਈ ਹੁਣ ਕੈਨੇਡਾ-ਅਮਰੀਕਾ ਅਧਾਰਿਤ ਨੋਨੀ ਰਾਣਾ ਨਾਲ ਜੁੜਿਆ ਹੋਇਆ ਹੈ।
-ਇਹ ਜਾਣਕਾਰੀ ਹਾਲ ਹੀ ਵਿੱਚ ਐਨਆਈਏ (NIA) ਨਾਲ ਹੋਈ ਇੱਕ ਮੀਟਿੰਗ ਦੌਰਾਨ ਚਰਚਾ ਵਿੱਚ ਆਈ, ਜਿਸ ਵਿੱਚ ਉੱਤਰ ਭਾਰਤ ਦੇ ਚਾਰ ਰਾਜਾਂ ਦੀ ਪੁਲਿਸ ਨੇ ਹਿੱਸਾ ਲਿਆ।
-ਬਿਸ਼ਨੋਈ ਆਪਣੇ ਭਰਾ ਅਨਮੋਲ ਦੇ ਅਮਰੀਕਾ ਵਿੱਚ ਚੱਲ ਰਹੇ ਕੇਸ ਨੂੰ ਸੰਭਾਲਣ ਦੇ ਤਰੀਕੇ ਨੂੰ ਲੈ ਕੇ ਬਰਾੜ ਅਤੇ ਗੋਦਾਰਾ ਨਾਲ ਨਾਰਾਜ਼ ਹੋ ਗਿਆ ਸੀ। “ਸੂਤਰਾਂ ਨੇ ਦੱਸਿਆ ਕਿ ਬਰਾੜ ਅਤੇ ਗੋਦਾਰਾ ਨੇ ਅਨਮੋਲ ਦੀ ਜ਼ਮਾਨਤ ਲੈਣ ਵਿੱਚ ਕੋਈ ਮਦਦ ਨਹੀਂ ਕੀਤੀ। ਅਨਮੋਲ ਨੂੰ ਹਾਲਾਂਕਿ ਰਿਹਾਅ ਕਰ ਦਿੱਤਾ ਗਿਆ ਸੀ ਪਰ ਉਸਦੇ “ਐਂਕਲ ਬਰੇਸਲੈਟ ਟ੍ਰੈਕਰ” ਪਾਇਆ ਹੋਇਆ ਹੈ।”
-ਅਨਮੋਲ (ਉਮਰ 25) ਨੂੰ ਨਵੰਬਰ 2024 ਵਿੱਚ ਅਮਰੀਕੀ ਇਮੀਗ੍ਰੇਸ਼ਨ ਨੇ ਨਕਲੀ ਦਸਤਾਵੇਜ਼ਾਂ ਨਾਲ ਯਾਤਰਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਮਈ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਿਲ ਹੋਣ ਅਤੇ ਪਿਛਲੇ ਸਾਲ ਐੱਨਸੀਪੀ ਨੇਤਾ ਅਤੇ ਮੰਤਰੀ ਬਾਬਾ ਸਿੱਧੀਕੀ ਦੀ ਹੱਤਿਆ ਦੀ ਯੋਜਨਾ ਬਣਾਉਣ ਦਾ ਇਲਜ਼ਾਮ ਹੈ।
-ਨੋਨੀ ਰਾਣਾ (ਜਿਸਦਾ ਅਸਲੀ ਨਾਂ ਸੂਰਿਆ ਪ੍ਰਤਾਪ ਹੈ), ਹਰਿਆਣਾ ਦੇ ਯਮੁਨਾਨਗਰ ਦੇ ਮਸ਼ਹੂਰ ਗੈਂਗਸਟਰ ਕਾਲਾ ਰਾਣਾ (ਵੀਰੇਂਦਰ ਪ੍ਰਤਾਪ) ਦਾ ਛੋਟਾ ਭਰਾ ਹੈ, ਜੋ ਕੈਨੇਡਾ-ਅਮਰੀਕਾ ਤੋਂ ਬਿਸ਼ਨੋਈ ਦੇ ਨਾਂ ’ਤੇ ਪੈਸਾ ਇਕੱਠਾ ਕਰ ਰਿਹਾ ਹੈ ਅਤੇ ਲੋਕਾਂ ਨੂੰ ਫੋਨ ਕਰ ਰਿਹਾ ਹੈ।
-ਅੱਜਕੱਲ੍ਹ ਦੇ ਗੈਂਗਸਟਰ ਅਮਰੀਕਾ ਤੋਂ ਸਿੱਧੀਆਂ ਧਮਕੀ ਭਰੀਆਂ ਕਾਲਾਂ ਨਹੀਂ ਕਰਦੇ, ਉਹ VPN ਰਾਹੀਂ ਹੋਰ ਦੇਸ਼ਾਂ ਦੇ ਸਰਵਰ ਵਰਤਦੇ ਹਨ।
-ਦੂਜੇ ਪਾਸੇ, ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਦੇ “ਏਜੰਟ” ਬਿਸ਼ਨੋਈ ਗਿਰੋਹ ਨਾਲ ਮਿਲ ਕੇ ਕੈਨੇਡਾ ਦੀ ਧਰਤੀ ’ਤੇ ਦਹਿਸ਼ਤ ਫੈਲਾ ਰਹੇ ਹਨ — ਜਿਸ ਦੀ ਭਾਰਤ ਨੇ ਕਠੋਰਤਾ ਨਾਲ ਨਿਖੇਧੀ ਕੀਤੀ ਹੈ।
-ਅਪਰਾਧ ਦੀ ਦੁਨੀਆ ਵਿੱਚ ਆਪਣੀ ਸ਼ੁਰੂਆਤ ਦੌਰਾਨ, ਲਾਰੈਂਸ ਨੇ ਗੋਲਡੀ, ਕਾਲਾ ਰਾਣਾ ਅਤੇ ਹੋਰਾਂ ਨਾਲ ਮਿਲ ਕੇ ਇੱਕ ਟੀਮ ਬਣਾਈ ਸੀ। ਬਿਸ਼ਨੋਈ ਨੇ ਬਾਅਦ ਵਿੱਚ ਇੱਕ ‘ਬਿਜ਼ਨਸ ਮਾਡਲ’ ਤਿਆਰ ਕੀਤਾ ਜਿਸ ਵਿੱਚ ਉੱਤਰ ਪ੍ਰਦੇਸ਼ ਦੇ ਧਨੰਜੈ ਸਿੰਘ, ਪੰਜਾਬ ਦੇ ਜੱਗੂ ਭਗਵਾਨਪੁਰੀਆ, ਹਰਿਆਣਾ ਦੇ ਕਾਲਾ ਜਠੇਰੀ, ਰਾਜਸਥਾਨ ਦੇ ਰੋਹਿਤ ਗੋਦਾਰਾ ਅਤੇ ਦਿੱਲੀ ਦੇ ਰੋਹਿਤ ਮੋਈ ਤੇ ਹਾਸ਼ਿਮ ਬਾਬਾ ਨਾਲ ਗਠਜੋੜ ਬਣਾਇਆ ਗਿਆ ਸੀ।
-ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਫਿਰ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ। ਪਹਿਲਾਂ ਜੱਗੂ ਭਗਵਾਨਪੁਰੀਆ ਨਾਲ ਟਕਰਾਅ ਹੋਇਆ, ਜੋ ਉਨ੍ਹਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ ਤੇ ਹੋਰ ਪੈਸੇ ਦੀ ਮੰਗ ਕਰ ਰਿਹਾ ਸੀ। ਕੁਝ ਸਮੇਂ ਬਾਅਦ ਕਾਲਾ ਜਠੇਰੀ ਨੇ ਵੀ ਵੱਖਰਾ ਰਾਹ ਲੈ ਲਿਆ, ਜਦ ਉਸ ਨੂੰ ਪਤਾ ਲੱਗਾ ਕਿ ਗੋਦਾਰਾ ਅਤੇ ਬਰਾੜ ਹਰਿਆਣਾ ਵਿੱਚ (ਉਸਦੇ ਖੇਤਰ) ਲੋਕਾਂ ਨੂੰ ਧਮਕਾ ਕੇ ਪੈਸੇ ਮੰਗ ਰਹੇ ਸਨ।
ਦੂਜੇ ਪਾਸੇ ਅਮਰੀਕਨ ਸਿਸਟਮ ਹਾਲੇ ਵੀ ਉਸਨੂੰ ਜੇਲ੍ਹ ‘ਚ ਦਿਖਾ ਰਹੇ ਹਨ। ਇਸ ਲਿੰਕ ‘ਤੇ ਜਾ ਕੇ ਖੁਦ ਜਾਣਕਾਰੀ ਭਰ ਕੇ ਦੇਖ ਸਕਦੇ ਹੋ। https://locator.ice.gov/odls/#/search
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ