ਲੁਧਿਆਣਾ ਦੇ ਭਾਮੀਆਂ ਦੇ ਹੁੰਦਲ ਚੌਕ ਨੇੜੇ ਸੀ.ਐੱਮ.ਸੀ. ਕਾਲੋਨੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜਾਮਣਾਂ ਤੋੜਨ ਲਈ ਦਰੱਖਤ ‘ਤੇ ਚੜ੍ਹੇ ਇਕ 10 ਸਾਲਾ ਮਾਸੂਮ ਦੀ 11,000 ਵੋਲਟੇਜ ਦੀਆਂ ਹਾਈਟੈਂਸ਼ਨ ਤਾਰਾਂ ਦੇ ਸੰਪਰਕ ’ਚ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਕਰੀਬ ਅੱਧਾ ਘੰਟਾ ਹਾਈ ਵੋਲਟੇਜ ਤਾਰਾਂ ਅਤੇ ਦਰੱਖਤ ’ਤੇ ਝੂਲਦਾ ਰਿਹਾ।
ਮਾਮਲੇ ਦੀ ਸੂਚਨਾ ਮਿਲਦੇ ਹੀ ਪਾਵਰਕਾਮ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਕੇ ਬੱਚੇ ਨੂੰ ਹੇਠਾਂ ਉਤਾਰਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਸ਼ਿਵਮ ਦੇ ਪਿਤਾ ਰਾਜੇਸ਼ ਨੇ ਦੱਸਿਆ ਕਿ ਉਸ ਦਾ ਬੱਚਾ ਖੇਡਣ ਦੇ ਬਹਾਨੇ ਘਰੋਂ ਬਾਹਰ ਗਿਆ ਸੀ। ਇਸ ਦੌਰਾਨ ਉਹ ਗਲੀ ’ਚ ਇਕ ਮਕਾਨ ਦੀ ਛੱਤ ’ਤੇ ਚੜ੍ਹ ਗਿਆ ਅਤੇ ਘਰ ਦੇ ਨੇੜੇ ਲੱਗੇ ਦਰੱਖਤ ਤੋਂ ਜਾਮਣਾਂ ਤੋੜਲੱਗ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸ਼ਿਵਮ ਬਾਕੀ 2 ਭੈਣ-ਭਰਾਵਾਂ ’ਚੋਂ ਸਭ ਤੋਂ ਵੱਡਾ ਸੀ।
ਇਲਾਕਾ ਨਿਵਾਸੀਆਂ ਦੀ ਮੰਨੀਏ ਤਾਂ ਬੱਚੇ ਦੀ ਲਾਸ਼ ਹਾਈਟੈਂਸ਼ਨ ਤਾਰਾਂ ਅਤੇ ਦਰੱਖਤ ਵਿਚਕਾਰ ਲਟਕ ਰਹੀ ਸੀ। ਕਰੀਬ ਅੱਧੇ ਘੰਟੇ ਬਾਅਦ ਜਦੋਂ ਇਲਾਕਾ ਵਾਸੀਆਂ ਨੇ ਦਰੱਖਤ ’ਤੇ ਦੇਖਿਆ ਤਾਂ ਉਨ੍ਹਾਂ ਨੇ ਲਾਸ਼ ਲਟਕਦੀ ਦੇਖ ਕੇ ਰੌਲਾ ਪਾਇਆ ਅਤੇ ਬੱਚੇ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ।
ਇਲਾਕੇ ਦੇ ਲੋਕ ਦਾਅਵਾ ਕਰ ਰਹੇ ਹਨ ਕਿ ਜਦੋਂ ਬੱਚੇ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ ਗਿਆ ਤਾਂ ਬੱਚਾ ਸਾਹ ਲੈ ਰਿਹਾ ਸੀ। ਹਾਦਸੇ ਤੋਂ ਬਾਅਦ ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ’ਚ ਮਾਤਮ ਛਾ ਗਿਆ। ਹਾਲਾਂਕਿ ਇਹ ਗੱਲ ਇਲਾਕਾ ਨਿਵਾਸੀਆਂ ਦੀ ਸਮਝ ਤੋਂ ਬਾਹਰ ਹੈ ਕਿ 11,000 ਵੋਲਟੇਜ ਬਿਜਲੀ ਦੀਆਂ ਤਾਰਾਂ ਦਰੱਖਤ ਤੋਂ ਕਾਫੀ ਉਚਾਈ ਤੋਂ ਲੰਘ ਰਹੀਆਂ ਹਨ, ਫਿਰ ਵੀ ਬੱਚਾ ਕਰੰਟ ਦੀ ਲਪੇਟ ’ਚ ਕਿਵੇਂ ਆ ਗਿਆ। ਅਜਿਹੇ ’ਚ ਫਿਲਹਾਲ ਮਾਮਲਾ ਸ਼ੱਕੀ ਬਣਿਆ ਹੋਇਆ ਹੈ।
ਇਸ ਦੌਰਾਨ ਪਾਵਰਕਾਮ ਫੋਕਲ ਪੁਆਇੰਟ ਡਵੀਜ਼ਨ ਦੇ ਐਕਸੀਅਨ ਅਮਰਿੰਦਰ ਸਿੰਘ ਸੰਧੂ ਨੇ ਬੱਚੇ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਬੱਚਾ ਇਲਾਕੇ ’ਚ ਦਰੱਖਤ ’ਤੇ ਚੜ੍ਹ ਕੇ ਜਾਮਣਾਂ ਤੋੜ ਰਿਹਾ ਸੀ। ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦਰੱਖਤ ਤੋਂ ਕਾਫੀ ਉਚਾਈ ’ਤੇ ਲੰਘ ਰਹੀਆਂ ਹਨ, ਜਿਸ ਕਾਰਨ ਬੱਚੇ ਦੇ ਬਿਜਲੀ ਦਾ ਕਰੰਟ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਦਰੱਖਤ ’ਤੇ ਕਿਸੇ ਜ਼ਹਿਰੀਲੀ ਚੀਜ ਦੇ ਡੰਗਣ ਕਾਰਨ ਬੱਚੇ ਦੀ ਮੌਤ ਹੋ ਸਕਦੀ ਹੈ। ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।