Breaking News

ਕੈਨੇਡਾ ਭੇਜੀ ਨੂੰਹ ਨੇ ਬਦਲੇ ਤੇਵਰ, ਫੇਸਬੁੱਕ ‘ਤੇ ਅਜਿਹੀਆਂ ਪੋਸਟਾਂ ਤੇ ਮੈਸੇਜ ਵੇਖ ਸਹੁਰਿਆਂ ਦੇ ਉੱਡੇ ਹੋਸ਼

ਥਾਣਾ ਸਾਈਬਰ ਕ੍ਰਾਈਮ ਮੋਗਾ ਨੇ ਕੈਨੇਡਾ ਰਹਿੰਦੀ ਰਮਨਪ੍ਰੀਤ ਕੌਰ ਨਿਵਾਸੀ ਗੋਧੇਵਾਲਾ ਮੋਗਾ ਨੇ ਆਪਣੀ ਫੇਸਬੁੱਕ ਆਈ. ਡੀ. ਬਣਾ ਕੇ ਗਲਤ ਅਤੇ ਅਸ਼ਲੀਲ ਮੈਸੇਜ ਪੋਸਟਾਂ ਅਤੇ ਕਮੈਂਟ ਕਰਕੇ ਆਪਣੇ ਸਹੁਰੇ ਪਰਿਵਾਰ ਨੂੰ ਬਦਨਾਮ ਕਰਨ ਦਾ ਯਤਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਸ ਵੱਲੋ ਜਾਂਚ ਦੇ ਬਾਅਦ ਕਥਿਤ ਮੁਲਜ਼ਮਾਂ ਰਮਨਪ੍ਰੀਤ ਕੌਰ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਮੋਗਾ ਵਿਚ ਵੱਖ-ਵੱਖ ਧਰਾਵਾਂ ਤਹਿਤ ਨਿਰਭੈ ਸਿੰਘ ਨਿਵਾਸੀ ਕੋਟ ਕਰੋੜ ਕਲਾਂ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਨਿਰਭੈ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਜਗਮੋਹਨ ਦਾ ਸਿੰਘ ਵਿਆਹ 30 ਜਨਵਰੀ 2019 ਨੂੰ ਰਮਨਪ੍ਰੀਤ ਕੌਰ ਨਾਲ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ, ਜਿਨ੍ਹਾਂ ਦੇ ਇਕ ਲੜਕਾ ਪੈਦਾ ਹੋਇਆ।

ਵਿਆਹ ਦੇ ਬਾਅਦ ਅਸੀਂ ਆਪਣੀ ਨੂੰਹ ਨੂੰ ਆਈਲੈਟਸ ਕਰਵਾਈ ਅਤੇ ਲੱਖਾਂ ਰੁਪਏ ਦਾ ਸਾਰਾ ਖ਼ਰਚਾ ਕਰਕੇ ਉਸ ਨੂੰ ਪੜ੍ਹਾਈ ਵਾਸਤੇ ਕੈਨੇਡਾ ਭੇਜਿਆ ਪਰ ਉਥੇ ਜਾ ਕੇ ਮੇਰੇ ਲੜਕੇ ਨੂੰ ਸੱਦਣ ਤੋਂ ਇਨਕਾਰ ਕਰ ਦਿੱਤਾ ਪਰ ਸਾਡੇ ਵੱਲੋਂ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ’ਤੇ ਉਸ ਨੇ ਮੇਰੇ ਲੜਕੇ ਅਤੇ ਮੇਰੇ ਪੋਤਰੇ ਦਾ ਵੀਜ਼ਾ ਲਵਾ ਕੇ ਦਿੱਤਾ

ਪਰ ਉਹ ਆਪਣੇ ਪਤੀ ਨੂੰ ਧਮਕੀਆਂ ਦੇਣ ਲੱਗੀ ਕਿ ਜੇਕਰ ਤੂੰ ਕੈਨੇਡਾ ਆਇਆ ਤਾਂ ਤੈਨੂੰ ਝੂਠੇ ਕੇਸ ਵਿਚ ਫਸਾ ਦੇਵਾਂਗੀ। ਇਸ ਉਪਰੰਤ ਮੇਰਾ ਬੇਟਾ 5 ਅਗਸਤ 2022 ਨੂੰ ਕੈਨੇਡਾ ਚਲਾ ਗਿਆ ਪਰ ਆਪਣੇ ਬੇਟੇ ਨੂੰ ਨਹੀਂ ਲੈ ਕੇ ਗਿਆ, ਜਦੋਂ ਮੇਰਾ ਬੇਟਾ ਉਥੇ ਪੁੱਜਾ ਤਾਂ ਮੇਰੀ ਨੂੰਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਘਰ ਨਹੀਂ ਰੱਖਿਆ ਅਤੇ ਉਹ ਵੱਖ ਰਹਿ ਰਿਹਾ ਹੈ।

ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਨੂੰਹ ਅਤੇ ਸਾਰਾ ਪਰਿਵਾਰ ਰਲ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।

ਨਿਰਭੈ ਸਿੰਘ ਨੇ ਕਿਹਾ ਕਿ ਉਸ ਨੂੰਹ ਵੱਲੋਂ ਉਸ ਨੂੰ ਅਤੇ ਉਸ ਦੀ ਦਿਵਿਆਂਗ ਬੇਟੀ ਨੂੰ ਫੇਸਬੁੱਕ ’ਤੇ ਆਈ. ਡੀ. ਬਣਾ ਕੇ ਗਲਤ ਅਤੇ ਅਸ਼ਲੀਲ ਭੱਦੀਆਂ ਪੋਸਟਾਂ ਪਾਉਣ ਦੇ ਇਲਾਵਾ ਗਲਤ ਕੁਮੈਂਟ ਅਤੇ ਮੈਸੇਜ ਕਰਦੀ ਹੈ ਤਾਂ ਕਿ ਸਾਡੀ ਬਦਨਾਮੀ ਹੋ ਸਕੇ। ਉਕਤ ਮੈਸੇਜ ਉਹ ਮੇਰੀ ਬੇਟੀ ਦੀ ਫੇਸਬੁੱਕ ’ਤੇ ਭੇਜਦੀ ਹੈ ਅਤੇ ਬਿਨਾਂ ਕਾਰਨ ਸਾਨੂੰ ਬਦਨਾਮ ਕਰ ਰਹੀ ਹੈ।

ਜਾਂਚ ਅਧਿਕਾਰੀ ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਈਬਰ ਕ੍ਰਾਈਮ ਯੂਨਿਟ ਮੋਗਾ ਵੱਲੋਂ ਮੁੱਢਲੀ ਜਾਂਚ ਦੇ ਬਾਅਦ ਕਥਿਤ ਮੁਲਜ਼ਮ ਰਮਨਪ੍ਰੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਉਕਤ ਮਾਮਲਾ ਦਰਜ ਕੀਤਾ ਗਿਆ ਹੈ, ਗ੍ਰਿਫ਼ਤਾਰੀ ਬਾਕੀ ਹੈ।