Breaking News

ਫ੍ਰੈਂਡਸ਼ਿਪ ਡੇਅ 2024 : ਜਾਣੋ ਕਿਵੇਂ ਇਹ ਮਸ਼ਹੂਰ ਹਸਤੀਆਂ ਬਣੇ ਦੋਸਤ ਤੋਂ ਹਮਸਫ਼ਰ

ਜਲੰਧਰ- ਫ੍ਰੈਂਡਸ਼ਿਪ ਡੇਅ ਦੋਸਤਾਂ ਨਾਲ ਅਨਮੋਲ ਰਿਸ਼ਤਿਆਂ ਨੂੰ ਮਨਾਉਣ ਲਈ ਸਮਰਪਿਤ ਦਿਨ ਹੈ। ਵੱਖ-ਵੱਖ ਪਿਛੋਕੜ ਵਾਲੇ ਲੋਕ ਨਾ ਸਿਰਫ਼ ਸਾਡਾ ਸਮਰਥਨ ਕਰਦੇ ਹਨ, ਸਾਡਾ ਸਤਿਕਾਰ ਕਰਦੇ ਹਨ, ਮੁਸ਼ਕਲਾਂ ਦੇ ਸਮੇਂ ਸਾਡਾ ਮਾਰਗਦਰਸ਼ਨ ਕਰਦੇ ਹਨ, ਸਗੋਂ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਸਾਡੇ ਨਾਲ ਖੜ੍ਹੇ ਹੁੰਦੇ ਹਨ।

ਸੀਮਾਵਾਂ, ਜਾਤ-ਧਰਮ, ਆਰਥਿਕ-ਸਮਾਜਿਕ ਪਿਛੋਕੜ ਦੇ ਬਾਵਜੂਦ ਦੋਸਤ ਜੀਵਨ ਵਿੱਚ ਰਿਸ਼ਤਿਆਂ ਵਿੱਚ ਮਿਠਾਸ ਪਾ ਕੇ ਖੁਸ਼ੀਆਂ ਪ੍ਰਦਾਨ ਕਰਦੇ ਹਨ।ਦੱਸ ਦੇਈਏ ਕਿ ਸਾਲ ਵਿੱਚ ਦੋ ਦਿਨ ਫ੍ਰੈਂਡਸ਼ਿਪ ਡੇਅ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਫ੍ਰੈਂਡਸ਼ਿਪ ਡੇਅ 30 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੁਆਰਾ 2011 ਵਿੱਚ ਅਧਿਕਾਰਤ ਮਾਨਤਾ ਦਿੱਤੀ ਗਈ ਸੀ।

ਜਦੋਂ ਕਿ ਭਾਰਤ ਵਰਗੇ ਕੁਝ ਦੇਸ਼ਾਂ ਵਿੱਚ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਦੋਸਤੀ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ 4 ਅਗਸਤ ਯਾਨੀ ਅੱਜ ਫ੍ਰੈਂਡਸ਼ਿਪ ਡੇਅ ਮਨਾਇਆ ਜਾ ਰਿਹਾ ਹੈ।

ਦੋਵੇਂ ਦਿਨ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਦੋਸਤਾਂ ਪ੍ਰਤੀ ਧੰਨਵਾਦ ਪ੍ਰਗਟਾ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਕਰਦੇ ਹਨ।

ਅੱਜ ਫ੍ਰੈਂਡਸ਼ਿਪ ਡੇਅ ‘ਤੇ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੀਆਂ ਅਜਿਹੀਆਂ ਜੋੜੀਆਂ ਦੇ ਬਾਰੇ ਦੱਸਾਂਗੇ । ਜਿਨ੍ਹਾਂ ਦੀ ਦੋਸਤੀ ਹੋਈ ਅਤੇ ਇਹ ਦੋਸਤੀ ਪਰਵਾਨ ਹੀ ਨਹੀਂ ਚੜ੍ਹੀ ਬਲਕਿ ਇਸ ਦੋਸਤੀ ਨੂੰ ਇਨ੍ਹਾਂ ਜੋੜੀਆਂ ਨੇ ਇੱਕ ਪਿਆਰੇ ਜਿਹੇ ਰਿਸ਼ਤੇ ਦਾ ਨਾਮ ਵੀ ਦਿੱਤਾ ।

ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ । ਇਸ ਜੋੜੀ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਦੋਵਾਂ ਦੀ ਮੁਲਾਕਾਤ ਵਿਦੇਸ਼ ‘ਚ ਇੱਕ ਸ਼ੋਅ ਦੇ ਦੌਰਾਨ ਹੋਈ ਸੀ ਅਤੇ ਦੋਵਾਂ ਨੇ ਇੱਕ ਦੂਜੇ ਤੋਂ ਫੋਨ ਨੰਬਰ ਲਏ ਅਤੇ ਦੋਵਾਂ ਦੀ ਦੋਸਤੀ ਦੀ ਸ਼ੁਰੂਆਤ ਹੋਈ ।ਵਿਦੇਸ਼ ਤੋਂ ਪਰਤਣ ਤੋਂ ਬਾਅਦ ਅਕਸਰ ਫੋਨ ‘ਤੇ ਗੱਲਬਾਤ ਕਰਦੇ ਕਰਦੇ ਇੱਕ ਦੂਜੇ ਨੂੰ ਦਿਲ ਦੇ ਬੈਠੇ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ । ਇਹ ਜੋੜੀ ਪਾਲੀਵੁੱਡ ਦੀ ਸਭ ਤੋਂ ਕਾਮਯਾਬ ਜੋੜੀਆਂ ਚੋਂ ਇੱਕ ਹੈ।

ਅਨੀਤਾ ਤੇ ਮੀਤ

ਅਨੀਤਾ ਦੱਸਦੇ ਹਨ ਕਿ ਜਦੋਂ ਉਹ ਬੀ.ਏ. ਕਰ ਰਹੇ ਸੀ ਤਾਂ ਉਨ੍ਹਾਂ ਦੇ ਕਾਲਜ ਵਿੱਚ ਇੱਕ ਨਾਟਕ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਵਿਦਿਆਰਥੀ ਵਜੋਂ ਗੁਰਮੀਤ ਮੀਤ ਆਏ, ਜਿੱਥੇ ਪਹਿਲੀ ਵਾਰ ਉਨ੍ਹਾਂ ਨਾਲ ਅਨੀਤਾ ਦੀ ਮੁਲਾਕਾਤ ਹੋਈ।ਅਨੀਤਾ ਮੀਤ ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ।

ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਅਨੀਤਾ ਮੀਤ ਦੀ ਉਨ੍ਹਾਂ ਦੇ ਪਤੀ ਮੀਤ ਦੇ ਨਾਲ ਮੁਲਾਕਾਤ ਥੀਏਟਰ ਦੇ ਦਿਨਾਂ ਦੌਰਾਨ ਹੀ ਹੋਈ ਸੀ ।ਦੋਵੇਂ ਇੱਕਠੇ ਥੀਏਟਰ ਕਰਦੇ ਸਨ ।ਉਹ ਇੱਕ ਵਧੀਆ ਕਵੀ ਵੀ ਹਨ ।ਅਨੀਤਾ ਮੀਤ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ।

ਅਨੀਤਾ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਅਨੀਤਾ ਦਾ ਪਤੀ ਕਲਾਕਾਰ ਜਾਂ ਕਵੀ ਹੋਣ ਦੀ ਬਜਾਏ ‘ਕੋਈ ਕਮਾਈ ਵਾਲਾ ਕੰਮ’ ਕਰਦਾ ਹੋਵੇ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਪੰਜਾਬੀ ਵਿੱਚ ਪੀ.ਐਚ.ਡੀ. ਕੀਤੀ ਸੀ, ਫਿਰ ਉਨ੍ਹਾਂ ਨੇ ਥੀਏਟਰ ਛੱਡ ਕੇ ਲੈਕਚਰਾਰ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਪੰਜ ਸਾਲ ਦੇ ਸੰਘਰਸ਼ ਬਾਅਦ ਮਾਪੇ ਵਿਆਹ ਲਈ ਮੰਨ ਗਏ। ਅਨੀਤਾ ਨੇ ਆਪਣੇ ਨਾਮ ਨਾਲ ਆਪਣੇ ਪਤੀ ਦਾ ਨਾਮ ਲਗਾ ਲਿਆ ਅਤੇ ਉਹ ਅਨੀਤਾ ਮੀਤ ਬਣ ਗਏ।

ਅਨੀਤਾ ਦੇਵਗਨ ਤੇ ਹਰਦੀਪ ਗਿੱਲ

ਪੰਜਾਬੀ ਇੰਡਸਟਰੀ ਵਿਚ ਨਾਮ ਕਮਾਉਣ ਵਾਲੀ ਅਨੀਤਾ ਦੇਵਗਨ ਅੱਜ ਬੁਲੰਦੀਆਂ ਤੇ ਹੈ। ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ ‘ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ, ਇਸ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ। ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ਚੋਂ ਇੱਕ ਹਨ । ਦੋਵੇਂ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ ।

ਦੋਵਾਂ ਨੇ ਇੱਕਠਿਆਂ ਹੀ ਥਿਏਟਰ ਦੀ ਸ਼ੁਰੂਆਤ ਕੀਤੀ ਅਤੇ ਥੀਏਟਰ ਦੇ ਦਿਨਾਂ ਦੌਰਾਨ ਹੀ ਦੋਵੇਂ ਇੱਕ ਦੂਜੇ ਨੂੰ ਜਾਨਣ ਲੱਗ ਪਏ ਸਨ।

ਪਰ ਉਦੋਂ ਦੋਵਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਜਾਵੇਗੀ । ਹੌਲੀ ਹੌਲੀ ਦੋਵਾਂ ਦੀ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ ।

ਦੋਵਾਂ ਨੇ ਇੱਕ ਦੂਜੇ ਨੂੰ ਹਮਸਫ਼ਰ ਬਨਾਉਣ ਦਾ ਫੈਸਲਾ ਮਨ ਹੀ ਮਨ ਕਰ ਲਿਆ ਸੀ ।

ਪਰ ਦੋਵਾਂ ਦੇ ਰਿਸ਼ਤੇ ਦਰਮਿਆਨ ਰੁਕਾਵਟ ਦੋਵਾਂ ਦਾ ਵੱਖੋ ਵੱਖਰੇ ਧਰਮ ਦਾ ਹੋਣਾ ਸੀ । ਪਰ ਦੋਵਾਂ ਨੇ ਘਰਦਿਆਂ ਨੂੰ ਮਨਾਇਆ ਤੇ ਕਈ ਸਾਲਾਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫਰ ਬਣਾ ਲਿਆ ।