BJP ਮਹਿਲਾ ਨੇਤਾ ਨੇ ਆਪਣੀ ਹੀ 13 ਸਾਲਾ ਧੀ ਨਾਲ ਪ੍ਰੇਮੀ ਤੋ ਕਰਵਾਇਆ ਗੈਂਗ ਰੇਪ
ਉਤਰਾਖੰਡ ਦੇ ਹਰਿਦੁਆਰ ਵਿੱਚ ਮਹਿਲਾ ਭਾਜਪਾ ਆਗੂ ਨੂੰ 13 ਸਾਲਾ ਧੀ ਨਾਲ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਕੋਲੋਂ ਕਥਿਤ ਸਮੂਹਿਕ ਜਬਰ-ਜਨਾਹ ਕਰਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਪੋਕਸੋ ਐਕਟ ਅਤੇ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਪਤਾ ਲੱਗਣ ਮਗਰੋਂ ਭਾਜਪਾ ਨੇ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਉਧਰ ਉੱਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸੂਰਿਆਕਾਂਤ ਧਸਮਾਨਾ ਨੇ ਕਿਹਾ ਕਿ ਇਹ ਸੂਬੇ ਦੇ ਇਤਿਹਾਸ ਵਿੱਚ ਜਿਨਸੀ ਸ਼ੋਸ਼ਣ ਦਾ ਸਭ ਤੋਂ ਸ਼ਰਮਨਾਕ ਮਾਮਲਾ ਹੈ। ਇਸ ਨਾਲ ਭਾਜਪਾ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਅਰੇ ਦੀ ਵੀ ਪੋਲ ਖੁੱਲ੍ਹ ਗਈ ਹੈ।
ਹਰਿਦੁਆਰ ਦੇ ਐੱਸਐੱਸਪੀ ਪਰਮੇਂਦਰ ਡੋਵਾਲ ਨੇ ਕਿਹਾ ਕਿ ਭਾਜਪਾ ਆਗੂ ਅਨਾਮਿਕਾ ਸ਼ਰਮਾ ਅਤੇ ਉਸ ਦੇ ਕਥਿਤ ਪ੍ਰੇਮੀ ਸੁਮਿਤ ਪਟਵਾਲ ਨੂੰ ਬੁੱਧਵਾਰ ਨੂੰ ਇੱਥੇ ਹੋਟਲ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਵਾਲ ਦੇ ਸਾਥੀ ਸ਼ੁਭਮ ਨੂੰ ਵੀ ਬੁੱਧਵਾਰ ਦੇਰ ਰਾਤ ਸ਼ਾਹਪੁਰ, ਮੇਰਠ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਅਨਾਮਿਕਾ ਪਹਿਲਾਂ ਭਾਜਪਾ ਮਹਿਲਾ ਮੋਰਚਾ ਦੀ ਹਰਿਦੁਆਰ ਜ਼ਿਲ੍ਹਾ ਇਕਾਈ ਦੀ ਅਗਵਾਈ ਕਰ ਚੁੱਕੀ ਹੈ। ਹਾਲਾਂਕਿ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਭਾਜਪਾ ਸੂਤਰਾਂ ਅਨੁਸਾਰ ਅਗਸਤ 2024 ਤੋਂ ਬਾਅਦ ਉਸ ਕੋਲ ਪਾਰਟੀ ਦਾ ਕੋਈ ਅਹੁਦਾ ਨਹੀਂ ਸੀ। ਜ਼ਿਕਰਯੋਗ ਹੈ ਕਿ ਅਨਾਮਿਕਾ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ। ਉਸ ਦੀ ਧੀ ਆਪਣੇ ਪਿਤਾ ਨਾਲ ਰਹਿੰਦੀ ਸੀ।
ਬੀਤੇ ਦਿਨੀਂ ਹਰਿਦੁਆਰ ਤੋਂ ਸਾਹਮਣੇ ਆਇਆ ਅਨਾਮਿਕਾ ਸ਼ਰਮਾ ਦਾ ਮਾਮਲਾ ਸਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ‘ਤੇ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ। ਅਨਾਮਿਕਾ, ਜਿਹੜੀ ਕਿ ਭਾਜਪਾ ਮਹਿਲਾ ਮੋਰਚਾ ਹਰਿਦੁਆਰ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੀ ਹੈ, ਨੂੰ ਉਸਦੇ ਪ੍ਰੇਮੀ ਸੁਮਿਤ ਪਟਵਾਲ ਨਾਲ 4 ਜੂਨ 2025 ਨੂੰ ਹਰਿਦੁਆਰ ਦੇ ਯੁਗ ਰੈਜ਼ੀਡੈਂਸੀ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬੀਬੀ ‘ਤੇ ਦੋਸ਼ ਹੈ ਕਿ ਉਸ ਨੇ ਆਪਣੀ ਹੀ 13 ਸਾਲ ਦੀ ਨਾਬਾਲਗ ਧੀ ਨਾਲ ਆਪਣੇ ਦੋ ਆਸ਼ਕਾਂ ਤੋਂ ਗੈਂਗਰੇਪ ਕਰਵਾਉਣ ਦੀ ਸਾਜ਼ਿਸ਼ ਰਚੀ।
ਪੁਲਿਸ ਅਨੁਸਾਰ, ਇਹ ਘਿਨਾਉਣਾ ਕਾਂਡ ਜਨਵਰੀ ਤੋਂ ਮਾਰਚ 2025 ਦੇ ਵਿਚਕਾਰ ਹਰਿਦੁਆਰ, ਆਗਰਾ ਅਤੇ ਵਰਿੰਦਾਵਨ ਵਿੱਚ 7-8 ਵਾਰ ਵਾਪਰਿਆ। ਮੈਡੀਕਲ ਜਾਂਚ ਵਿੱਚ ਵੀ ਜਿਨਸੀ ਹਿੰਸਾ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਤੀਜਾ ਦੋਸ਼ੀ, ਸ਼ੁਭਮ, ਜੋ ਸੁਮਿਤ ਦਾ ਦੋਸਤ ਦੱਸਿਆ ਜਾ ਰਿਹਾ ਹੈ, ਅਜੇ ਵੀ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
ਪੀੜਤ ਬੱਚੀ ਪਿਛਲੇ ਇੱਕ ਮਹੀਨੇ ਤੋਂ ਆਪਣੇ ਪਿਤਾ ਨਾਲ ਰਹਿ ਰਹੀ ਸੀ ਕਿਉਂਕਿ ਅਨਾਮਿਕਾ ਅਤੇ ਉਸਦੇ ਪਤੀ ਵਿਚਕਾਰ ਵਿਆਹੁਤਾ ਵਿਵਾਦ ਚੱਲ ਰਿਹਾ ਸੀ। ਬੱਚੀ ਦੇ ਪਿਤਾ ਨੇ ਆਪਣੀ ਧੀ ਦੇ ਗੁੰਮਸੁਮ ਅਤੇ ਅਸਾਧਾਰਨ ਵਿਵਹਾਰ ਨੂੰ ਵੇਖ ਕੇ ਉਸ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਧੀ ਨੇ ਆਪਣੀ ਮਾਂ, ਸੁਮਿਤ ਪਟਵਾਲ ਅਤੇ ਸ਼ੁਭਮ ਦੁਆਰਾ ਕੀਤੇ ਗਏ ਜਿਨਸੀ ਸ਼ੋਸ਼ਣ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਹੀ ਉਸ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਬੱਚੀ ਦੇ ਬਿਆਨ ਅਨੁਸਾਰ, ਅਨਾਮਿਕਾ ਨੇ ਆਪਣੀ ਧੀ ਨੂੰ ਘੁੰਮਣ ਦੇ ਬਹਾਨੇ ਭੇਲ ਸਟੇਡੀਅਮ, ਹਰਿਦੁਆਰ, ਅਤੇ ਆਗਰਾ ਤੇ ਵਰਿੰਦਾਵਨ ਦੇ ਹੋਟਲਾਂ ਵਿੱਚ ਲਿਜਾ ਕੇ ਸੁਮਿਤ ਅਤੇ ਸ਼ੁਭਮ ਨੂੰ ਉਸ ਨਾਲ ਆਪਣੀ ਹਵਸ ਦੀ ਪੂਰਤੀ ਕਰਨ ਦੀ ਖੁੱਲ ਦਿੱਤੀ। ਇਹੀ ਨਹੀਂ ਬੱਚੀ ਨੂੰ ਸ਼ਰਾਬ ਵੀ ਪਿਲਾਈ ਗਈ ਅਤੇ ਉਸਨੂੰ ਆਪਣੇ ਪਿਤਾ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਅਨਾਮਿਕਾ ਦੀ ਇਹ ਅਣਮਨੁੱਖੀ ਕਰਤੂਤ ਸਭ ਦੇ ਸਾਹਮਣੇ ਆਉਣ ਤੇ ਭਾਜਪਾ ਨੇ ਉਸ ਨੂੰ 4 ਜੂਨ 2025 ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ ਤੇ ਦੋਵਾਂ ਮੁਲਜ਼ਮਾਂ ਖਿਲਾਫ ਪੋਕਸੋ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਪਰ ਇਹ ਘਟਨਾ ਇੱਕ ਮਾਂ ਵੱਲੋਂ ਆਪਣੇ ਹੀ ਬੱਚੇ ਪ੍ਰਤੀ ਅਜਿਹੇ ਘਿਨਾਉਣੇ ਅਪਰਾਧ ਦੀ ਅਤਿਅੰਤ ਦਿਲ ਕੰਬਾਊ ਉਦਾਹਰਣ ਪੇਸ਼ ਕਰਦੀ ਹੈ। ਇਹ ਸਵਾਲ ਖੜ੍ਹੇ ਕਰਦੀ ਹੈ ਕਿ ਕਿਵੇਂ ਇੱਕ ਮਾਂ ਦੀ ਮਮਤਾ, ਜਿਸਨੂੰ ਕੁਦਰਤੀ ਅਤੇ ਅਟੁੱਟ ਮੰਨਿਆ ਜਾਂਦਾ ਹੈ, ਹਵਸ ਅਤੇ ਨਿੱਜੀ ਸਵਾਰਥ ਅੱਗੇ ਹਾਰ ਸਕਦੀ ਹੈ। ਸਮਾਜਿਕ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਲਈ ਇਹ ਵਿਸ਼ਾ ਅਧਿਐਨ ਦਾ ਕੇਂਦਰ ਬਣ ਸਕਦਾ ਹੈ ਕਿ ਅਜਿਹੇ ਅਪਰਾਧਿਕ ਮਾਨਸਿਕਤਾ ਦੇ ਪਿੱਛੇ ਕੀ ਕਾਰਨ ਹੋ ਸਕਦੇ ਹਨ। ਕੀ ਇਹ ਸੈਕਸੂਅਲ ਫੈਂਟਸੀ, ਵਿਗੜੀ ਹੋਈ ਮਾਨਸਿਕਤਾ ਜਾਂ ਸਮਾਜਿਕ ਕਦਰਾਂ-ਕੀਮਤਾਂ ਵਿੱਚ ਗਿਰਾਵਟ ਦਾ ਨਤੀਜਾ ਹੈ? ਜਾਂ ਇਹ ਆਧੁਨਿਕਤਾ ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ?
ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ, ਜੋ ਪਹਿਲਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਸਨ, ਹੁਣ ਚਿੰਤਾਜਨਕ ਦਰ ਨਾਲ ਵਧ ਰਹੀਆਂ ਹਨ। ਇਹ ਸਮਾਜ ਲਈ ਇੱਕ ਗੰਭੀਰ ਚੇਤਾਵਨੀ ਵੀ ਹਨ ਇਸ ਲਈ ਇਨ੍ਹਾਂ ਦੇ ਮੂਲ ਕਾਰਨਾਂ ਨੂੰ ਸਮਝਣਾ ਅਤੇ ਹੱਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
~ਪਰਮਿੰਦਰ ਸਿੰਘ ਸ਼ੌਂਕੀ