ਨਿਸ਼ਾਨ ਸਾਹਿਬ ਦਾ ਰੰਗ ਸਿੱਖ ਰਹਿਤ ਮਰਿਆਦਾ ਵਿੱਚ ਬਸੰਤੀ ਜਾਂ ਸੁਰਮਈ ਝੁਲਾਉਣ ਦੇ ਆਦੇਸ਼ ਹਨ। ਸ਼੍ਰੋਮਣੀ ਕਮੇਟੀ ਨੇ ਇਸ ਪੱਤਰ ਵਿੱਚ ਰੰਗਾਂ ਦੇ ਨਾਮ ਨਾ ਲੈੰਦਿਆਂ ਇਨ੍ਹਾਂ ਰੰਗਾਂ ਬਾਰੇ ਹੀ ਗੱਲ ਕੀਤੀ ਹੈ।
ਪਰ ਸੰਘੀ ਬਹੁਤ ਔਖੇ ਹੋਏ ਹਨ ਤੇ ਕੋਲ਼ੋਂ ਇਹ ਗੱਲ ਉਛਾਲ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕੇਸਰੀ ਰੰਗ ਨਾਲ ਭਗਵੇਂ ਦਾ ਭੁਲੇਖਾ ਪੈਂਦਾ ਜਦਕਿ ਪੱਤਰ ਵਿੱਚ ਅਜਿਹਾ ਕੁਝ ਨਹੀਂ ਲਿਖਿਆ। ਉਛਾਲ ਇਸ ਵਾਸਤੇ ਰਹੇ ਹਨ ਤਾਂ ਕਿ ਹਿੰਦੂਤਵੀ ਸੰਘੀ ਭਾਰਤ ਵਿੱਚ ਸਿੱਖਾਂ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਨੂੰ ਹੋਰ ਹਵਾ ਦੇ ਸਕਣ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ |
ਅੰਬਾਨੀ ਦੇ ਚੈਨਲ News18 ਦਾ ਫਿਰਕੂ ਨਫਰਤ ਫੈਲਾਉਣ ਦਾ ਏਜੰਡਾ
ਸ਼੍ਰੋਮਣੀ ਕਮੇਟੀ ਨੇ ਨਿਸ਼ਾਨ ਸਾਹਿਬ ਦੇ ਰੰਗ ਪ੍ਰਤੀ ਸਿੱਖ ਰਹਿਤ ਮਰਿਆਦਾ ਵਿੱਚ, ਜੋ ਪਿਛਲੇ ਕਰੀਬ ਨੌ ਦਹਾਕਿਆਂ ਤੋਂ ਦਰਜ ਹੈ ,ਨੂੰ ਲਾਗੂ ਕਰਾਉਣ ਲਈ ਪੱਤਰ ਕੱਢਿਆ। ਇਸ ਵਿੱਚ ਕਿਤੇ ਵੀ ਭਗਵੇਂ ਰੰਗ ਦਾ ਜਾਂ ਕੇਸਰੀ ਰੰਗ ਦਾ ਕੋਈ ਜ਼ਿਕਰ ਨਹੀਂ ਸੀ।
ਪਰ News18 ਨੇ ਆਪਣੇ ਕੋਲੋਂ ਹੀ ਇਹ ਗੱਲ ਚਲਾ ਦਿੱਤੀ ਕਿ ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਹੈ ਕਿ ਕੇਸਰੀ ਰੰਗ ਦਾ ਭਗਵੇਂ ਨਾਲ ਭੁਲੇਖਾ ਪੈਂਦਾ ਹੈ, ਇਸ ਲਈ ਇਹ ਹਟਾਇਆ ਜਾ ਰਿਹਾ ਹੈ।
ਨਿਸ਼ਾਨ ਸਾਹਿਬ ਦੇ ਰੰਗ ਦੇ ਮਸਲੇ ‘ਤੇ ਪਿਛਲੇ ਕਈ ਸਾਲਾਂ ਤੋਂ ਸਿੱਖ ਹਲਕਿਆਂ ਅੰਦਰ ਬਹਿਸ ਚੱਲ ਰਹੀ ਸੀ ਤੇ ਕਈ ਵਾਰ ਇਹ ਗੱਲ ਉੱਠੀ ਸੀ ਕਿ ਰਹਿਤ ਮਰਿਆਦਾ ਵਾਲੀ ਮੱਦ ਨੂੰ ਲਾਗੂ ਕਰਾਇਆ ਜਾਵੇ।
ਖੈਰ, ਇਹ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਪਰ News18 ਨੇ ਇਸ ਨੂੰ ਹਿੰਦੂ ਬਨਾਮ ਸਿੱਖ ਬਣਾਇਆ। ਭਾਜਪਾ ਮੁਤਾਬਕ ਚੱਲਣ ਵਾਲਾ ਅੰਬਾਨੀ ਦਾ ਇਹ ਚੈਨਲ ਪੰਜਾਬ ਵਿੱਚ “ਆਪ’ ਦੇ ਏਜੰਡੇ ਨੂੰ ਵੀ ਪੂਰਾ ਕਰਦਾ ਹੈ।
ਸਪਸ਼ਟ ਹੈ ਕਿ ਹਿੰਦੂ ਬਨਾਮ ਸਿੱਖ ਵਾਲਾ ਇਹ ਬਿਰਤਾਂਤ ਚੈਨਲ ਨੇ ਸਿੱਖਾਂ ਪ੍ਰਤੀ ਬਾਕੀ ਮੁਲਕ ਵਿੱਚ ਨਫਰਤ ਪੈਦਾ ਕਰਨ ਲਈ ਘੜਿਆ।
ਇਹ ਗੱਲ ਠੀਕ ਹੈ ਕਿ ਸਿੱਖਾਂ ਵਿੱਚ ਭਾਜਪਾ ਦੀ ਹਿੰਦੂਤਵੀ
ਗਲਬੇ ਵਾਲੀ ਰਾਜਨੀਤੀ ਕਾਰਨ ਕਈ ਤੌਖਲੇ ਨੇ ਪਰ 90 ਸਾਲ ਪੁਰਾਣੇ ਫੈਸਲੇ ਨੂੰ ਇੱਕ ਵਾਰ ਫਿਰ ਦੁਬਾਰਾ ਸਪਸ਼ਟਤਾ ਨਾਲ ਲਾਗੂ ਕਰਨ ਨੂੰ ਇੱਕ ਕਾਰਪੋਰੇਟ ਘਰਾਣੇ ਦਾ ਚੈਨਲ ਇਸ ਨੂੰ ਹਿੰਦੂ ਬਨਾਮ ਸਿੱਖ ਰੰਗਤ ਕਿਉਂ ਦੇਵੇ ?
ਜਿਵੇਂ ਨਿਸ਼ਾਨ ਸਾਹਿਬ ਦੇ ਮੁੱਦੇ ‘ਤੇ ਇਸ ਚੈਨਲ ਨੇ ਕੁਝ ਹਿੰਦੂਤਵੀ ਬੰਦਿਆਂ ਨੂੰ ਆਪਣੀ ਚਰਚਾ ‘ਚ ਸ਼ਾਮਿਲ ਕਰਾ ਕੇ ਫਿਰਕੂ ਕੁੜੱਤਣ ਪੈਦਾ ਕੀਤੀ, ਉਸ ਤੋਂ ਬਾਅਦ ਸਾਰਿਆਂ ਨੂੰ ਇਸ ਘਟੀਆ ਚੈਨਲ ਦੇ ਖਤਰਨਾਕ ਏਜੰਡੇ ਬਾਰੇ ਬਹੁਤ ਚੇਤੰਨ ਹੋਣ ਦੀ ਲੋੜ ਹੈ।
ਇਸ ਚੈਨਲ ਦੀ ਜਵਾਬਦੇਹੀ ਕਰਨੀ ਬਣਦੀ ਹੈ ਕਿ ਜਿਹੜੀ ਗੱਲ ਸ਼੍ਰੋਮਣੀ ਕਮੇਟੀ ਨੇ ਕਹੀ ਨਹੀਂ, ਉਹ ਇਸ ਨੇ ਉਸਦੇ ਮੂੰਹ ਵਿੱਚ ਕਿਉਂ ਪਾਈ? ਇਸ ਚੈਨਲ ਨੇ ਪਹਿਲਾਂ ਵੀ ਕਈ ਵਾਰ ਗੰਦ ਪਾਇਆ ਹੈ।
ਕੀ ਇਸ ਕਿਸਮ ਦੇ ਆਦੇਸ਼ ਦਿੱਲੀਓਂ ਆਏ ਸਨ ਜਾਂ ਇਹ ਚੰਡੀਗੜ੍ਹ ਬੈਠਣ ਵਾਲੀ ਸਥਾਨਕ ਟੀਮ ਦੀ ਹੀ ਸ਼ਰਾਰਤ ਸੀ?
ਅੰਬਾਨੀ ਜਾਂ ਰਿਲਾਇੰਸ ਦੇ ਉੱਚ ਅਧਿਕਾਰੀਆਂ ਨੂੰ ਵੀ ਇੱਕ ਵਾਰ ਸਪਸ਼ਟ ਦੱਸਣ ਦੀ ਲੋੜ ਹੈ ਕਿ ਉਨ੍ਹਾਂ ਦਾ ਚੈਨਲ ਪੰਜਾਬ ਅਤੇ ਸਿੱਖਾਂ ਪ੍ਰਤੀ ਕਿਹੋ ਜਿਹੀ ਨਫਰਤ ਪੈਦਾ ਕਰ ਰਿਹਾ ਹੈ। ਆਪੇ ਪਤਾ ਲੱਗ ਜਾਏਗਾ ਕਿ ਇਸ ਚੈਨਲ ਦਾ ਪੰਜਾਬ ਅਤੇ ਸਿੱਖਾਂ ਬਾਰੇ ਘਟੀਆ ਏਜੰਡਾ ਕਿੱਥੋਂ ਕੰਟਰੋਲ ਹੋ ਰਿਹਾ ਹੈ।
ਸ਼੍ਰੋਮਣੀ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਅਤੇ ਆਗੂਆਂ ਨੂੰ ਲਾਲਾ ਜਗਤ ਨਾਰਾਇਣ ਵਾਲੀ ਭੂਮਿਕਾ ਨਿਭਾਉਣ ਵਾਲੇ ਇਸ ਚੈਨਲ ਦੇ ਬਾਈਕਾਟ ਦਾ ਐਲਾਨ ਕਰਨਾ ਚਾਹੀਦਾ ਹੈ।
ਹਿੰਦੀ ਦੇ ਚੈਨਲ ਪਹਿਲਾਂ ਹੀ ਪੰਜਾਬ ਅਤੇ ਸਿੱਖਾਂ ਖਿਲਾਫ ਜ਼ਹਿਰ ਖੁੱਲ ਕੇ ਉਗਲਦੇ ਨੇ ਤੇ ਪੰਜਾਬੀ ਦੇ ਪ੍ਰਮੁੱਖ ਚੈਨਲ ਭਗਵੰਤ ਮਾਨ ਦੀ ਜੇਬ ‘ਚ ਨੇ ਤਾਂ ਉਸ ਹਾਲਤ ਵਿੱਚ ਚੈਨਲਾਂ ਵੱਲੋਂ ਪਾਇਆ ਜਾ ਰਿਹਾ ਗੰਦ ਖਤਰਨਾਕ ਸਥਿਤੀ ਤੱਕ ਲਿਜਾ ਸਕਦਾ ਹੈ।
ਕੁਝ ਵਕੀਲ ਸਾਹਿਬਾਨ ਨੂੰ ਝੂਠੀ ਰਿਪੋਰਟਿੰਗ ਜਾਂ ਫਿਰ ਕੋਈ ਨਫਰਤ ਪੈਦਾ ਕਰਨ ਵਾਲੇ ਕੰਮ ਲਈ ਚੈਨਲਾਂ ਨੂੰ ਕਚਹਿਰੀਆਂ ਵਿੱਚ ਖਿੱਚਣਾ ਚਾਹੀਦਾ ਹੈ।
#Unpopular_Opinions
#Unpopular_Ideas
#Unpopular_Facts
ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪੁੱਜੀ ਸ਼ਿਕਾਇਤ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ 15 ਜੁਲਾਈ 2024 ਨੂੰ ਹੋਈ ਮੀਟਿੰਗ ‘ਚ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਹਿਬ ਉਤੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ ਸਨ।