Breaking News

ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ

ਲੁਧਿਆਣਾ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਇਕ ਵਿਅਕਤੀ ਤੇ ਉਸ ਦੇ ਜੀਜੇ ਨੇ ਇਕ ਕੁੜੀ ਨੂੰ ਇੰਗਲੈਂਡ ਭੇਜਣ ਦਾ ਝਾਂਸਾ ਦੇ ਉਸ ਨਾਲ ਗੈਂਗਰੇਪ ਕੀਤਾ।

ਇਹੀ ਨਹੀਂ, ਇਸ ਤੋਂ ਬਾਅਦ ਮੁਲਜ਼ਮ ਦੇ ਪਿਤਾ ਨੇ ਕੁੜੀ ਤੋਂ 5 ਲੱਖ ਰੁਪਏ ਲੈ ਲਏ ਅਤੇ ਉਸ ਨੂੰ ਦਿੱਲੀ ਏਅਰਪੋਰਟ ’ਤੇ ਛੱਡ ਕੇ ਫਰਾਰ ਹੋ ਗਿਆ।

ਪੀੜਤਾ ਨੂੰ ਬਾਅਦ ’ਚ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਡੇਹਲੋਂ ਦੀ ਪੁਲਸ ਨੇ ਮੁਲਜ਼ਮ ਜਤਿੰਦਰ ਸਿੰਘ ਅਤੇ ਉਸ ਦੇ ਜੀਜੇ ਮੱਖਣ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਸ ਦੀ ਜਤਿੰਦਰ ਸਿੰਘ ਨਾਲ ਦੋਸਤੀ ਸੀ।

ਜਤਿੰਦਰ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਤੇ ਕਿਹਾ ਕਿ ਉਹ ਉਸ ਦਾ ਇੰਗਲੈਂਡ ਦਾ ਵੀਜ਼ਾ ਲਗਵਾ ਦੇਵੇਗਾ। ਇਸ ਤੋਂ ਬਾਅਦ ਮੁਲਜ਼ਮ ਕੁੜੀ ਨੂੰ ਆਪਣੀ ਕਾਰ ’ਚ ਬਿਠਾ ਕੇ ਆਪਣੇ ਘਰ ਲੈ ਗਿਆ।

ਉਸ ਤੋਂ ਬਾਅਦ ਉਹ ਉਸ ਨੂੰ ਘਰ ਤੋਂ ਟਿੱਬਾ ਨਹਿਰ ਨੇੜੇ ਸਥਿਤ ਹਵੇਲੀ ਹੋਟਲ ’ਚ ਲੈ ਗਿਆ, ਜਿਥੇ ਮੁਲਜ਼ਮ ਜਤਿੰਦਰ ਸਿੰਘ ਅਤੇ ਉਸ ਦੇ ਜੀਜੇ ਮੱਖਣ ਸਿੰਘ ਨੇ ਉਸ ਨਾਲ ਗੈਂਗਰੇਪ ਕੀਤਾ।

ਇਸ ਤੋਂ ਬਾਅਦ ਮੁਲਜ਼ਮ ਜਤਿੰਦਰ ਸਿੰਘ ਦੇ ਪਿਤਾ ਮੱਘਰ ਸਿੰਘ ਨੇ ਉਸ ਤੋਂ 5 ਲੱਖ ਰੁਪਏ ਲੈ ਲਏ ਅਤੇ ਉਸ ਨੂੰ ਦਿੱਲੀ ਏਅਰਪੋਰਟ ’ਤੇ ਛੱਡ ਕੇ ਫਰਾਰ ਹੋ ਗਿਆ।

ਇਸ ਮਾਮਲੇ ‘ਚ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਲਿਆ ਗਿਆ ਹੈ, ਜਦਕਿ ਦੂਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।