Canada ਦੇ ਬੈਰੀ ‘ਚ ਨਫ਼ਰਤ-ਅਧਾਰਿਤ ਹਮਲੇ: ਸਿੱਖ ਨੌਜਵਾਨ ਦੀ ਉਤਾਰੀ ਦਸਤਾਰ; ਸਿਰ ‘ਤੇ ਡੋਲ੍ਹੀ ਬੀਅਰ
ਵਾਰਦਾਤ ਤੋਂ ਤੁਰੰਤ ਬਾਅਦ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਕੀਤਾ ਕਾਬੂ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸ਼ਹਿਰ ਬੈਰੀ (Barrie) ਵਿੱਚ ਜਨਤਕ ਟਰਾਂਜ਼ਿਟ ਬੱਸਾਂ ‘ਤੇ ਸਫ਼ਰ ਕਰ ਰਹੇ ਦੋ ਵਿਅਕਤੀਆਂ ਉੱਤੇ ਨਫ਼ਰਤ-ਅਧਾਰਿਤ ਹਮਲੇ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।
ਬੈਰੀ ਪੁਲੀਸ ਸਰਵਿਸ (Barrie Police Service) ਵੱਲੋਂ ਜਾਰੀ ਅਧਿਕਾਰਤ ਰਿਪੋਰਟ ਮੁਤਾਬਕ, ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਿੱਥੇ ਇੱਕੋ ਗਰੁੱਪ ਦੇ ਤਿੰਨ ਨੌਜਵਾਨਾਂ ਨੇ ਲਗਪਗ ਇੱਕ ਘੰਟੇ ਦੇ ਵਕਫ਼ੇ ਦੌਰਾਨ ਦੋ ਵੱਖ-ਵੱਖ ਬੱਸਾਂ ਵਿੱਚ ਸਵਾਰ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।

ਪੁਲੀਸ ਵੇਰਵਿਆਂ ਅਨੁਸਾਰ, ਪਹਿਲੀ ਘਟਨਾ ਰਾਤ ਕਰੀਬ 7:15 ਵਜੇ ਐੱਸਾ ਰੋਡ (Essa Road) ਨੇੜੇ ਇੱਕ ਬੱਸ ਵਿੱਚ ਵਾਪਰੀ, ਜਿੱਥੇ ਤਿੰਨ ਮੁਲਜ਼ਮਾਂ ਨੇ ਇੱਕ 26 ਸਾਲਾ ਨੌਜਵਾਨ ਨਾਲ ਬਦਸਲੂਕੀ ਕਰਦਿਆਂ ਉਸ ਨੂੰ ਥੱਪੜ ਮਾਰੇ ਅਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਜਦੋਂ ਪੀੜਤ ਨੇ ਬੱਸ ਡਰਾਈਵਰ ਤੋਂ ਮਦਦ ਲੈਣੀ ਚਾਹੀ, ਤਾਂ ਹਮਲਾਵਰਾਂ ਨੇ ਉਸ ਨੂੰ ਧੱਕਾ ਦੇ ਕੇ ਬੱਸ ਤੋਂ ਹੇਠਾਂ ਸੁੱਟ ਦਿੱਤਾ।
ਇਸ ਤੋਂ ਲਗਪਗ ਇੱਕ ਘੰਟੇ ਬਾਅਦ, ਰਾਤ 8:30 ਵਜੇ ਯੰਗ ਸਟਰੀਟ (Yonge Street) ‘ਤੇ ਚੱਲ ਰਹੀ ਇੱਕ ਹੋਰ ਬੱਸ ਵਿੱਚ ਇਨ੍ਹਾਂ ਹੀ ਤਿੰਨਾਂ ਮੁਲਜ਼ਮਾਂ ਨੇ ਇੱਕ 22 ਸਾਲਾ ਸਿੱਖ ਨੌਜਵਾਨ ਨੂੰ ਘੇਰ ਲਿਆ। ਹਮਲਾਵਰਾਂ ਨੇ ਪੀੜਤ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਦੇ ਸਿਰ ‘ਤੇ ਬੀਅਰ ਡੋਲ੍ਹ ਦਿੱਤੀ। ਜਦੋਂ ਉਸ ਨੇ ਪੁਲੀਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮਾਂ ਨੇ ਉਸ ਦਾ ਫ਼ੋਨ ਖੋਹ ਕੇ ਜ਼ਮੀਨ ‘ਤੇ ਸੁੱਟ ਦਿੱਤਾ।
ਇੰਨਾ ਹੀ ਨਹੀਂ, ਜਦੋਂ ਉਹ ਡਰਾਈਵਰ ਵੱਲ ਮਦਦ ਲਈ ਵਧਿਆ, ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ‘ਤੇ ਮੁੱਕੇ ਮਾਰੇ।

ਵਾਰਦਾਤ ਤੋਂ ਬਾਅਦ ਮੁਲਜ਼ਮ ਇੱਕ ਟੈਕਸੀ ਰਾਹੀਂ ਫ਼ਰਾਰ ਹੋ ਗਏ, ਪਰ ਬੈਰੀ ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਰਾਤ 9 ਵਜੇ ਤੋਂ ਪਹਿਲਾਂ ਸਿਮਕੋ ਅਤੇ ਮੁਲਕਾਸਟਰ ਸਟਰੀਟ ਨੇੜਿਓਂ ਟੈਕਸੀ ਨੂੰ ਘੇਰ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ 16, 18 ਅਤੇ 19 ਸਾਲ ਹੈ, ਜਿਨ੍ਹਾਂ ਖ਼ਿਲਾਫ਼ ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ‘ਨਫ਼ਰਤ ਤੋਂ ਪ੍ਰੇਰਿਤ ਅਪਰਾਧ’ (Offence Motivated by Hatred) ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਰਾਹਤ ਦੀ ਗੱਲ ਇਹ ਰਹੀ ਕਿ ਦੋਵਾਂ ਪੀੜਤਾਂ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ।
ਇਸ ਘਟਨਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਸਮੇਤ ਕਈ ਭਾਈਚਾਰਕ ਸੰਗਠਨਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਸੰਗਠਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਸਗੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੇ ਵਧਦੇ ਰੁਝਾਨ ਨੂੰ ਰੋਕਣ ਲਈ ਸਖ਼ਤ ਜਵਾਬਦੇਹੀ ਤੈਅ ਕਰਨੀ ਜ਼ਰੂਰੀ ਹੈ।