Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar Bus-Bike Accident : ਅੰਮ੍ਰਿਤਸਰ ਦੇ ਰਾਮਤੀਰਥ ਰੋਡ ‘ਤੇ ਗਵਾਲ ਮੰਡੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਬੱਸ ਦੀ ਟੱਕਰ ਨਾਲ ਬੁਲੇਟ ਮੋਟਰਸਾਈਕਲ ਸਵਾਰ 25 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭੈਣ ਜ਼ਖ਼ਮੀ ਹੋ ਗਈ। ਦੋਵੇਂ ਭੈਣ-ਭਰਾ ਬੁਲੇਟ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਦੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬੱਸ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ।
ਮ੍ਰਿਤਕ ਦੀ ਪਛਾਣ ਅਰਮਾਨਦੀਪ ਸਿੰਘ ਵਾਸੀ ਪਿੰਡ ਅਜਨਾਲਾ, ਗੇਹਰੀ ਮੰਡੀ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈ ਉਸ ਦੀ ਭੈਣ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਡਰਾਈਵਰ ਨੇ ਭੱਜਣ ਦੀ ਕੀਤੀ ਕੋਸ਼ਿਸ਼
ਹਾਦਸੇ ਤੋਂ ਬਾਅਦ ਬੱਸ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੌਜੂਦ ਲੋਕਾਂ ਨੇ ਬੱਸ ਅੱਗੇ ਖੜ੍ਹੇ ਹੋ ਕੇ ਉਸ ਨੂੰ ਰੋਕ ਲਿਆ। ਨੌਜਵਾਨ ਦੀ ਮੌਤ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਦੀ ਭੰਨਤੋੜ ਕੀਤੀ ਅਤੇ ਡਰਾਈਵਰ ਦੀ ਕੁੱਟਮਾਰ ਵੀ ਕੀਤੀ। ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਸ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਸਥਾਨਕ ਲੋਕਾਂ ਨੇ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।