Breaking News

Kulhad Pizza Sehaj: ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ ਟਰੌਲ ਕਰਨਾ ਬੰਦ ਕਰ ਦਿਓ: ਸਹਿਜ ਅਰੋੜਾ

Kulhad Pizza Sehaj: ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ ਟਰੌਲ ਕਰਨਾ ਬੰਦ ਕਰ ਦਿਓ: ਸਹਿਜ ਅਰੋੜਾ
ਹਸਪਤਾਲ ਤੋਂ ਹੋਇਆ ਲਾਈਵ; ਕੁੱਲੜ ਪੀਜ਼ਾ ਫੇਮ ਸਹਿਜ ਅਰੋੜਾ ਦੀ ਸਿਹਤ ਵਿਗੜਨ ਦੀ ਵੀਡੀਓ ਵਾਇਰਲ; ਪਿਛਲੇ ਤਿੰਨ ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਝੱਲਣ ਦੀ ਗੱਲ ਆਖੀ; ਬਿਮਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ

Kulhad Pizza Sehaj: ਕੁੱਲੜ ਪੀਜ਼ਾ ਨਾਲ ਮਸ਼ਹੂਰ ਹੋਏ ਸਹਿਜ ਅਰੋੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਉਹ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਗੱਲ ਕਹਿੰਦੇ ਹੋਏ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਬਰੇਨ ਟਿਊਮਰ ਹੋਣ ਬਾਰੇ ਦੱਸਿਆ ਹੈ ਅਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਸ਼ਾਇਦ ਉਹ ਜ਼ਿੰਦਾ ਨਾ ਬਚ ਸਕਣ। ਹਾਲਾਂਕਿ, ਉਨ੍ਹਾਂ ਦੀ ਬਿਮਾਰੀ ਅਤੇ ਮੈਡੀਕਲ ਰਿਪੋਰਟਾਂ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ।

ਵੀਡੀਓ ਵਿੱਚ ਸਹਿਜ ਅਰੋੜਾ ਭਾਵੁਕ ਹੁੰਦਿਆਂ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਟਰੌਲ ਨਾ ਕੀਤਾ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਨਰਕ ਵਰਗੀ ਜ਼ਿੰਦਗੀ ਜੀ ਰਹੇ ਹਨ ਅਤੇ ਲੋਕਾਂ ਦੀਆਂ ਟਿੱਪਣੀਆਂ ਤੋਂ ਤੰਗ ਆ ਚੁੱਕੇ ਹਨ।

ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਵੀਡੀਓ ਵਿੱਚ ਸਹਿਜ ਆਪਣੀ ਸਿਹਤ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਹੰਢਾਏ ਹਾਲਾਤ ਬਾਰੇ ਗੱਲ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਾ ਹੈ ਜੋੜਾ

ਜਲੰਧਰ ਦਾ ਸਹਿਜ ਅਰੋੜਾ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਕੁੱਲੜ ਵਿੱਚ ਪੀਜ਼ਾ ਵੇਚਣ ਦੇ ਵਿਲੱਖਣ ਤਰੀਕੇ ਕਾਰਨ ਸੋਸ਼ਲ ਮੀਡੀਆ ’ਤੇ ਮਸ਼ਹੂਰ ਹੋਇਆ ਸੀ। ਇਹ ਜੋੜਾ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰ ਚੁੱਕਾ ਹੈ। ਸਾਲ 2023 ਵਿੱਚ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵੀ ਜੋੜਾ ਸੁਰਖ਼ੀਆਂ ਵਿੱਚ ਆਇਆ ਸੀ। ਸਹਿਜ ਨੇ ਉਸ ਸਮੇਂ ਵੀਡੀਓ ਨੂੰ ਜਾਅਲੀ ਦੱਸਦਿਆਂ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ।

ਹੁਣ ਸਹਿਜ ਦੀ ਸਿਹਤ ਬਾਰੇ ਕੀਤੇ ਗਏ ਦਾਅਵਿਆਂ ਵਾਲੀ ਨਵੀਂ ਵੀਡੀਓ ਨੇ ਮੁੜ ਲੋਕਾਂ ਦਾ ਧਿਆਨ ਖਿੱਚਿਆ ਹੈ।

ਅਸੀਂ ਪੰਜਾਬ ‘ਚ ਫੇਸਬੁੱਕ ਦੇ ਪ੍ਰਚਲਿਤ ਹੋਣ ਤੋਂ ਦੇ ਵੇਲੇ ਤੋਂ ਮੌਜੂਦ ਹਾਂ। ਮੇਰੇ ਸਮਕਾਲੀ ਵੀ ਏਥੇ ਕਈ ਮੌਜੂਦ ਹਨ। ਅਸੀਂ 2016 ਤੋਂ ਇੱਕ ਵੱਡਾ ਬਦਲਾਅ ਵੇਖਿਆ। ਅਚਾਨਕ ਵਾਹਯਾਤ ਤਰੀਕੇ ਨਾਲ਼ ਵਾਇਰਲ ਹੁੰਦੇ ਚਿਹਰੇ, ਬੇਸੁਰੇ ਗਾਇਕ, ਲਟਕੇ-ਝਟਕੇ ਆਲ਼ੇ ਬੇਹੂਦੇ ਕਾਰੇ ਤੇ ਕੁਝ ਜੋੜੀਆਂ ਪ੍ਰਸਿੱਧ ਹੋ ਗਈਆਂ।
ਫਿਰ ਸੋਸ਼ਲ ਮੀਡੀਆ ਤੋਂ ਕਮਾਈ ਹੋਣ ਲੱਗੀ ਤਾਂ ਇਹ ਵਰਤਾਰਾ ਇੱਕ ਜਨੂੰਨ ਬਣ ਗਿਆ। ਏਸੇ ਦੌਰ ਵਿੱਚੋਂ ਇਹ ਜੋੜਾ ਨਿਕਲਿਆ। ਇੱਕ ਰੇਹੜੀ ਲਾ ਕੇ ਕੁੱਲੜ੍ਹ ਪੀਜ਼ੇ ਦਾ ਨਵਾਂ ਕਾਨਸੈਪਟ ਲਿਆਂਦਾ। ਕੁੱਲੜ੍ਹ ਪੀਜ਼ਾ ਤੇ ਜੋੜਾ ਪ੍ਰਸਿੱਧ ਹੋ ਗਏ। ਫਿਰ ਦੁਕਾਨ ਬਣ ਗਈ। ਪਰ ਲਲਕ ਤੇ ਵਿਵਾਦ ਵੱਧਦੇ ਤੁਰੇ ਗਏ।
ਆਵਦੇ ਨਿੱਜੀ ਪਲ ਰਿਕਾਰਡ ਕਰਨ ਜਿਹਾ ਗਲਤ ਕੰਮ ਕਰ ਬੈਠੇ, ਜੋ ਵਾਇਰਲ ਹੋ ਗਿਆ। ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਏਨਾ ਚੜ੍ਹਾਇਆ ਸੀ ਉਹੀ ਫਿਰ ਜਲੂਸ ਕੱਢਣ ਲੱਗ ਪਏ। ਫਿਰ ਸੁਣਿਆ ਕਿ ਇਹ ਜੋੜਾ ਏਥੋਂ ਨਿਕਲ ਕੇ ਕਿਧਰੇ ਬਾਹਰ ਚਲਾ ਗਿਆ।
ਐਪਰ ਅਚਾਨਕ ਆਈ ਇੱਕ ਵੀਡੀਓ ਨੇ ਸਾਡੇ ਵਰਗਿਆਂ ਦਾ ਧਿਆਨ ਵੀ ਖਿੱਚਿਆ। ਸਹਿਜ ਇੱਕ ਹਸਪਤਾਲ ਦੇ ਬੈੱਡ ‘ਤੇ ਪਿਆ ਹੈ। ਆਪਣਾ ਦੁਖੜਾ ਬਿਆਨ ਰਿਹਾ ਹੈ ਕਿ ਮੈਨੂੰ ਬ੍ਰੇਨ ਟਿਊਮਰ ਹੈ। ਮੇਰੇ ਤੋਂ ਬਾਅਦ ਮੇਰੀ ਪਤਨੀ ਨੂੰ ਟ੍ਰੋਲ ਨਾ ਕਰਿਓ। ਪਰ ਇਨ੍ਹਾਂ ਦੀਆਂ ਗੱਲਾਂ ਨੂੰ ਲੋਕ ਹਲੇ ਵੀ ਡਰਾਮੇ ਦੱਸ ਰਹੇ ਹਨ, ਇਹ ਲੋਕ ਏਨੇ ਬੇ-ਇਤਬਾਰੇ ਹੋ ਗਏ।
ਸਮਝ ਨਹੀਂ ਆ ਰਹੀ ਕਿ ਕੀ ਕਹੀਏ। ਇਸ ਜੋੜੇ ਦਾ ਇਹੋ ਜਿਹਾ ਹਾਲ ਵੇਖ ਕੇ ਮਨ ਉਦਾਸ ਵੀ ਹੈ ਤੇ ਵਿਚਾਰਨ ਲਈ ਵੀ ਮਜਬੂਰ ਕਿ ਇਹ ਧਾਮ-ਝਾਮ ਵਿੱਚ ਉਲਝਣ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਸਾਦਾ ਰੱਖ ਕੇ ਜੀਓ ਯਾਰ। ਸਹਿਜ ਦੀ ਸਿਹਤਯਾਬੀ ਲਈ ਦੁਆ – ਤੇ ਅਪੀਲ ਵੀ ਲੋਕਾਂ ਨੂੰ ਕਿ ਯਾਰ ਇਨ੍ਹਾਂ ਨੂੰ ਛੱਡ ਦਿਓ ਆਪਣੀ ਜ਼ਿੰਦਗੀ ਜਿਊਣ ਲਈ 🙏!!!!

– ਮਿੰਟੂ ਗੁਰੂਸਰੀਆ

Check Also

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

NRI Murder: ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ …