LPU ਦੇ ਵਿਦਿਆਰਥੀ ਦੀ ਮੌ/ਤ ਨਾਲ ਮਚਿਆ ਹੜਕੰਪ , ਕੁਝ ਦਿਨ ਪਹਿਲਾਂ ਹੀ ਛੱਡਿਆ ਸੀ ਹੋਸਟਲ
LPU ਦੇ ਵਿਦਿਆਰਥੀ ਦੀ ਮੌਤ ਨਾਲ ਮਚਿਆ ਹੜਕੰਪ , ਕੁਝ ਦਿਨ ਪਹਿਲਾਂ ਹੀ ਛੱਡਿਆ ਸੀ ਹੋਸਟਲ
LPU Student Death : ਜਲੰਧਰ ਨੇੜੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਇੱਕ 21 ਸਾਲਾ ਵਿਦਿਆਰਥੀ ਵੱਲੋਂ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
LPU Student Death : ਜਲੰਧਰ ਨੇੜੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਇੱਕ 21 ਸਾਲਾ ਵਿਦਿਆਰਥੀ ਵੱਲੋਂ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਦੀ ਲਾਸ਼ ਮੇਹਰੂ ਪਿੰਡ ਨੇੜੇ ਲਾਅ ਗੇਟ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਪੀਜੀ (PG) ਦੇ ਕਮਰੇ ਵਿੱਚ ਮਿਲੀ।

ਉਹ ਕੁਝ ਦਿਨ ਪਹਿਲਾਂ ਹੀ ਯੂਨੀਵਰਸਿਟੀ ਦਾ ਹੋਸਟਲ ਛੱਡ ਕੇ ਪੀਜੀ ਵਿੱਚ ਰਹਿਣ ਆਇਆ ਸੀ। ਮ੍ਰਿਤਕ ਦੀ ਪਛਾਣ ਅਭਿਸ਼ੇਕ ਪਟੇਲ ਵਜੋਂ ਹੋਈ ਹੈ। ਉਹ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਦੇ ਪਿੰਡ ਚੰਦਾਪੁਰ ਦਾ ਰਹਿਣ ਵਾਲਾ ਸੀ ਅਤੇ ਸਿਆਰਾਮ ਪਟੇਲ ਦਾ ਪੁੱਤਰ ਸੀ।
ਜਾਣਕਾਰੀ ਅਨੁਸਾਰ 10 ਅਤੇ 11 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀ ਆਪਣੇ ਕਮਰੇ ਵਿੱਚ ਸੀ। ਜਦੋਂ ਉਸ ਦੇ ਦੋਸਤਾਂ ਅਤੇ ਪੀਜੀ ਦੇ ਸੰਚਾਲਕ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਸਤਨਾਮਪੁਰਾ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਨੇੜਲੇ ਸਿਵਲ ਹਸਪਤਾਲ ਭੇਜ ਦਿੱਤਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਪੁਲਿਸ ਮੁਤਾਬਕ, ਵਿਦਿਆਰਥੀ ਨੇ ਕੁਝ ਦਿਨ ਪਹਿਲਾਂ ਹੀ ਇਸ ਪੀਜੀ ਵਿੱਚ ਕਮਰਾ ਕਿਰਾਏ ’ਤੇ ਲਿਆ ਸੀ। ਘਟਨਾ ਵਾਲੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਮਿਲਿਆ ਹੈ ਜਾਂ ਨਹੀਂ, ਇਸ ਬਾਰੇ ਪੁਲਿਸ ਨੇ ਅਜੇ ਤੱਕ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਪੁਲਿਸ ਵਿਦਿਆਰਥੀ ਦੇ ਦੋਸਤਾਂ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਵਿਦਿਆਰਥੀ ਦੇ ਨਿੱਜੀ ਕਾਰਨਾਂ ਕਰਕੇ ਮਾਨਸਿਕ ਤਣਾਅ ਵਿੱਚ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਖ਼ੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿਛਲੇ ਮਹੀਨੇ ਵੀ LPU ਵਿੱਚ ਹੋਇਆ ਸੀ ਹੰਗਾਮਾ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ LPU ਵਿੱਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦੀ ਸੂਚਨਾ ਤੋਂ ਬਾਅਦ ਹੰਗਾਮਾ ਹੋਇਆ ਸੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਵਿੱਚ ਭੰਨਤੋੜ ਕੀਤੇ ਜਾਣ ਅਤੇ ਯੂਨੀਮਾਲ ਵਿੱਚ ਲੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਕਈ ਵਿਦਿਆਰਥੀਆਂ ਅਤੇ ਬਾਹਰੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਫਿਲਹਾਲ ਪੁਲਿਸ ਵੱਲੋਂ ਵਿਦਿਆਰਥੀ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।