Canada ਐਕਸਟੋਰਸ਼ਨ ਮਾਮਲੇ ”ਚ ਇੱਕ ਹੋਰ ਪੰਜਾਬੀ ਨੌਜਵਾਨ ਵਾਂਟੇਡ ਲਿਸਟ ”ਚ ਸ਼ਾਮਲ
ਕੈਲਗਰੀ : ਕੈਲਗਰੀ ਪੁਲਸ ਦੇ ‘ਆਰਗੇਨਾਈਜ਼ਡ ਕ੍ਰਾਈਮ ਐਂਡ ਓਫੈਂਡਰ ਮੈਨੇਜਮੈਂਟ ਸੈਕਸ਼ਨ’ ਵੱਲੋਂ ਇਸੇ ਸਾਲ ਮਾਰਚ ਮਹੀਨੇ ਵਿੱਚ ਵਾਪਰੀ ਐਕਸਟੋਰਸ਼ਨ ਦੀ ਇੱਕ ਘਟਨਾ ਦੇ ਸਬੰਧ ਵਿੱਚ ਦੋ ਬਾਲਗਾਂ ਅਤੇ ਇੱਕ ਨਾਬਾਲਗ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਵਿੱਚ ਪੰਜਾਬੀ ਮੂਲ ਦੀ ਇੱਕ 23 ਸਾਲਾ ਮੁਟਿਆਰ ਵੀ ਸ਼ਾਮਲ ਹੈ।
ਪੁਲਸ ਅਨੁਸਾਰ 25 ਮਾਰਚ ਦੀ ਸ਼ਾਮ ਲਗਭਗ 4:30 ਵਜੇ ਇੱਕ ਔਰਤ ਨੂੰ ਵਟਸਐਪ ਟੈਕਸਟ ਅਤੇ ਵੌਇਸ ਮੈਸੇਜਾਂ ਰਾਹੀਂ ਪੈਸਿਆਂ ਦੀ ਮੰਗ ਪ੍ਰਾਪਤ ਹੋਣੀ ਸ਼ੁਰੂ ਹੋਈ ਸੀ। ਇਨ੍ਹਾਂ ਮੈਸੇਜਾਂ ਵਿੱਚ ਸ਼ੱਕੀ ਵਿਅਕਤੀਆਂ ਨੇ ਪੀੜਤਾ ਦੇ ਨਿੱਜੀ ਅਤੇ ਵਪਾਰਕ ਵੇਰਵਿਆਂ, ਜਿਵੇਂ ਕਿ ਉਸ ਦਾ ਪੂਰਾ ਨਾਂ, ਪਤਾ, ਕਾਰੋਬਾਰੀ ਜਾਣਕਾਰੀ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵਿਆਂ ਦੀ ਵਰਤੋਂ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਲਗਭਗ 12 ਘੰਟੇ ਬਾਅਦ, ਤੜਕੇ 4:30 ਵਜੇ ਤੋਂ ਪਹਿਲਾਂ, ਇੱਕ ਅਣਪਛਾਤੇ ਸ਼ੱਕੀ ਨੇ ਪੀੜਤਾ ਦੀ ਰਿਹਾਇਸ਼ ‘ਤੇ ਗੋਲੀਆਂ ਚਲਾਈਆਂ ਅਤੇ ਗੱਡੀ ਵਿੱਚ ਫਰਾਰ ਹੋ ਗਿਆ।
ਮਾਮਲੇ ਦੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਅਤੇ ਡਿਜੀਟਲ ਸਬੂਤਾਂ ਦੇ ਆਧਾਰ ‘ਤੇ ਪੁਲਸ ਨੇ 8 ਸਤੰਬਰ 2026 ਨੂੰ ਚੈਸਟਰਮੀਅਰ ਦੀ ਰਹਿਣ ਵਾਲੀ 23 ਸਾਲਾ ਕਨੂਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ। ਉਸ ‘ਤੇ ਦੋਸ਼ ਹੈ ਕਿ ਉਸ ਨੇ ਪੀੜਤਾ ਬਾਰੇ ਨਿੱਜੀ ਜਾਣਕਾਰੀ ਮੁਹੱਈਆ ਕਰਵਾਈ ਸੀ, ਜਿਸ ਨਾਲ ਹਮਲਾਵਰਾਂ ਨੂੰ ਪੀੜਤਾ ਨੂੰ ਲੱਭਣ ਅਤੇ ਧਮਕਾਉਣ ਵਿੱਚ ਮਦਦ ਮਿਲੀ। ਕਨੂਰੀਤ ਕੌਰ ‘ਤੇ ਐਕਸਟੋਰਸ਼ਨ ਦਾ ਇੱਕ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਦੀ ਅਦਾਲਤ ਵਿੱਚ ਪੇਸ਼ੀ ਮੰਗਲਵਾਰ, 6 ਅਕਤੂਬਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ 29 ਜੁਲਾਈ ਨੂੰ ਪੁਲਸ ਨੇ ਇੱਕ 17 ਸਾਲਾ ਨਾਬਾਲਗ ਲੜਕੇ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ, ਜਿਸ ‘ਤੇ ਪੀੜਤਾ ਅਤੇ ਧਮਕੀਆਂ ਦੇਣ ਵਾਲਿਆਂ ਵਿਚਕਾਰ ਗੱਲਬਾਤ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਦੋਸ਼ ਹੇਠ ਐਕਸਟੋਰਸ਼ਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ‘ਯੂਥ ਕ੍ਰਿਮੀਨਲ ਜਸਟਿਸ ਐਕਟ’ ਦੇ ਨਿਯਮਾਂ ਤਹਿਤ ਉਸ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ ਅਤੇ ਉਸ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ।
ਪੁਲਸ ਹੁਣ ਗੋਲੀਬਾਰੀ ਦੌਰਾਨ ਵਰਤੀ ਗਈ ਚੋਰੀ ਦੀ ਗੱਡੀ ਦੇ ਸਬੰਧ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ $5,000 ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਦੋਸ਼ ਹੇਠ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਸ ਅਨੁਸਾਰ ਤਨਵੀਰ ਸਿੰਘ ਦਾ ਕੱਦ 5 ਫੁੱਟ 8 ਇੰਚ, ਭਾਰ ਲਗਭਗ 130 ਪਾਊਂਡ, ਵਾਲ ਕਾਲੇ ਅਤੇ ਅੱਖਾਂ ਭੂਰੀਆਂ ਹਨ।

ਸੀਪੀਐੱਸ ਕ੍ਰਿਮੀਨਲ ਆਪ੍ਰੇਸ਼ਨਜ਼ ਐਂਡ ਇੰਟੈਲੀਜੈਂਸ ਡਿਵੀਜ਼ਨ ਦੇ ਸੁਪਰਡੈਂਟ ਜੈਫ਼ ਬੈੱਲ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਜਾਂਚ ਦਾ ਇੱਕ ਮਹੱਤਵਪੂਰਨ ਹਿੱਸਾ ਹਨ, ਪਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਪੁਲਸ ਨੇ ਆਮ ਜਨਤਾ ਤੋਂ ਬਾਕੀ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਮਦਦ ਮੰਗੀ ਹੈ।