AAP ਮੇਰੀ Ex-girlfriend ਵਾਂਗ ਕਰ ਰਹੀ ਹੈ ਵਤੀਰਾ; ਹਾਲੇ ਵੀ ਦੇਖ ਰਹੀ ਹੈ ਮੇਰੇ ਸੁਪਨੇ: Raghav Chadha
‘ਆਪ’ ਮੇਰੀ Ex-girlfriend ਵਾਂਗ ਕਰ ਰਹੀ ਹੈ ਵਤੀਰਾ; ਹਾਲੇ ਵੀ ਦੇਖ ਰਹੀ ਹੈ ਮੇਰੇ ਸੁਪਨੇ: Raghav Chadha
ਸੂਬੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦਿਆਂ 18 ਸਤੰਬਰ ਤੋਂ ‘ਨਸ਼ਾ ਮੁਕਤ ਯਾਤਰਾ’ ਦਾ ਕੀਤਾ ਐਲਾਨ
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਵਿਖੇ ਆਪਣੀ ਸਾਬਕਾ ਪਾਰਟੀ ‘ਆਪ’ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ‘ਆਪ’ ਉਨ੍ਹਾਂ ਦੀ ਸਾਬਕਾ ਪ੍ਰੇਮਿਕਾ ਵਾਂਗ ਵਤੀਰਾ ਕਰ ਰਹੀ ਹੈ ਜਿਸ ਦਾ ਬੁਆਏਫ੍ਰੈਂਡ ਅੱਗੇ ਵਧ ਚੁੱਕਾ ਹੈ ਪਰ ਉਹ ਅਜੇ ਵੀ ਉਨ੍ਹਾਂ ਦੇ ਸੁਪਨੇ ਦੇਖ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂ ਦਿਨ-ਰਾਤ ਸਿਰਫ਼ ਉਨ੍ਹਾਂ ਬਾਰੇ ਹੀ ਗੱਲਾਂ ਕਰਦੇ ਹਨ।
ਪੰਜਾਬ ਵਿੱਚ ਨਸ਼ੇ ਦੇ ਮੁੱਦੇ ’ਤੇ ਬੋਲਦਿਆਂ ਚੱਢਾ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ‘ਚਿੱਟਾ’ ਆਸਾਨੀ ਨਾਲ ਉਪਲੱਬਧ ਹੈ ਅਤੇ ਘਰ-ਘਰ ਸਪਲਾਈ ਹੋ ਰਿਹਾ ਹੈ। ਉਨ੍ਹਾਂ ਸੰਗਰੂਰ ਵਿੱਚ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਘੇਰਿਆ ਅਤੇ ਐਲਾਨ ਕੀਤਾ ਕਿ ਭਾਜਪਾ 18 ਤੋਂ 30 ਸਤੰਬਰ ਤੱਕ ਸੂਬਾ ਵਿਆਪੀ ‘ਨਸ਼ਾ ਮੁਕਤ ਯਾਤਰਾ’ ਕੱਢੇਗੀ। ਉਨ੍ਹਾਂ ਵੋਟਰ ਸੂਚੀ ਵਿੱਚ ਆਪਣਾ ਨਾਮ ਬਦਲੇ ਜਾਣ ਦੇ ਵਿਵਾਦ ਨੂੰ ਲੈ ਕੇ ਵੀ ‘ਆਪ’ ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ।
ਚੰਡੀਗੜ੍ਹ ਵਿੱਚ ਭਾਜਪਾ ਇੰਚਾਰਜ ਡਾ. ਸਤੀਸ਼ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਰਣਨੀਤੀ ਮੀਟਿੰਗ ਵਿੱਚ ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ ਕਈ ਸਾਬਕਾ ‘ਆਪ’ ਸੰਸਦ ਮੈਂਬਰ ਸ਼ਾਮਲ ਹੋਏ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਤਿਆਰੀਆਂ ਅਤੇ ਆਉਣ ਵਾਲੀ ਯਾਤਰਾ ਮੀਟਿੰਗ ਦੇ ਮੁੱਖ ਵਿਸ਼ੇ ਰਹੇ। ਪਾਠਕ ਖ਼ਿਲਾਫ਼ ਦਰਜ ਹੋਈਆਂ ਐੱਫ.ਆਈ.ਆਰਜ਼ ਨੂੰ ਵੀ ਪਾਰਟੀ ਨੇ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।