ਪੰਜਾਬ ਦੇ ਸ਼ਰਾਬ ਕਿੰਗ ਦੇ ਘਰ ਅਤੇ ਟਿਕਾਣਿਆਂ ‘ਤੇ ਰੇਡ, ਤੜਕਸਾਰ ਪਹੁੰਚੀਆਂ ਈ. ਡੀ. ਦੀਆਂ ਟੀਮਾਂ
ਜ਼ੀਰਾ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਵਿਖੇ ਈ. ਡੀ. ਨੇ ਰੇਡ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰ ਕਰੀਬ ਸਾਢੇ 7 ਵਜੇ ਈ. ਡੀ. ਦੀ ਟੀਮ ਵੱਖ-ਵੱਖ ਗੱਡੀਆਂ ਰਾਹੀਂ ਮਾਲਬਰੋਜ਼ ਸ਼ਰਾਬ ਫੈਕਟਰੀ ਪਹੁੰਚੀਆਂ, ਜਿੱਥੇ ਈ. ਡੀ. ਵਲੋਂ ਫੈਕਟਰੀ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਈ. ਡੀ. ਦੀ ਟੀਮ ਵੱਲੋਂ ਦਫਤਰ ਦੇ ਕਾਗਜ਼ਾਤ ਖੰਗਾਲੇ ਗਏ। ਇਸ ਕਾਰਨ ਕਿਸੇ ਨੂੰ ਵੀ ਫੈਕਟਰੀ ਦੇ ਕੋਲ ਅਤੇ ਅੰਦਰ ਆਉਣ ਨਹੀਂ ਦਿੱਤਾ ਗਿਆ। ਸ਼ਰਾਬ ਕਾਰੋਬਾਰੀ ਅਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਵੀ ਈ. ਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ। ਫਰੀਦਕੋਟ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਸਮੇਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਫਰੀਦਕੋਟ ਸ਼ਹਿਰ ‘ਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ (Deep Malhotra) ਦੇ ਘਰ ਅਤੇ ਕਾਰੋਬਾਰੀ ਅਦਾਰਿਆਂ ‘ਤੇ ਈ.ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਛਾਪੇਮਾਰੀ ਕੀਤੀ ਗਈ। ਈ.ਡੀ ਵੱਲੋਂ 8 ਟੀਮਾਂ ਬਣਾ ਕੇ ਮਲਹੋਤਰਾ ਦੀ ਜੀਰਾ ਫੈਕਟਰੀ ਦੀ ਜਾਂਚ ਕੀਤੀ ਜਾ ਰਹੀ ਹੈ। ਈ.ਡੀ ਦੀਆਂ ਟੀਮਾਂ ਸਵੇਰੇ 6 ਵਜੇ ਤੱਕ ਟਿਕਾਣਿਆਂ ‘ਤੇ ਪਹੁੰਚ ਗਈਆਂ ਸਨ।
ਸ਼ਰਾਬ ਘੁਟਾਲੇ ਵਿੱਚ ਸਾਬਕਾ ਵਿਧਾਇਕ ਦੀਪ ਮਲਹੋਤਰਾ ਦਾ ਨਾਮ ਪਹਿਲੀ ਵਾਰ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਈ.ਡੀ ਮਲਹੋਤਰਾ ਦੇ ਹੋਰ ਕਾਰੋਬਾਰਾਂ ਅਤੇ ਸ਼ਰਾਬ ਦੇ ਕਾਰੋਬਾਰ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਲਹੋਤਰਾ ਆਪਣੀ ਫਰੀਦਕੋਟ ਸਥਿਤ ਰਿਹਾਇਸ਼ ‘ਤੇ ਕਦੇ-ਕਦਾਈਂ ਹੀ ਆਉਂਦੇ ਹਨ।
ਉਹ ਜ਼ਿਆਦਾਤਰ ਦਿੱਲੀ ਵਿਚ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ। ਫਰੀਦਕੋਟ ਅਤੇ ਕੋਟਕਪੂਰਾ ਵਿੱਚ ਸ਼ਰਾਬ ਦੇ ਠੇਕਿਆਂ ‘ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਾੜਿਆ ਵੀ ਗਿਆ।
ਦੱਸ ਦਈਏ ਕਿ ਫ਼ਿਰੋਜ਼ਪੁਰ ਦੇ ਕਸਬਾ ਜ਼ੀਰਾ ਨੇੜੇ ਚੱਲ ਰਹੀ ਸ਼ਰਾਬ ਦੀ ਫੈਕਟਰੀ ਨੂੰ ਕਿਸਾਨਾਂ ਅਤੇ ਲੋਕਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਬੰਦ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਈ.ਡੀ ਨੇ ਮਲਹੋਤਰਾ ਦੇ ਅਦਾਰਿਆਂ ਤੋਂ ਕੀ ਬਰਾਮਦ ਕੀਤਾ ਹੈ।