Most Wanted Gangster Deported: ਵੱਡੀ ਖ਼ਬਰ, ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਵਿਦੇਸ਼ ਤੋਂ ਹੋਇਆ ਡਿਪੋਰਟ; ਕਤਲ-ਫਿਰੌਤੀ ਦੇ 10 ਤੋਂ ਵੱਧ ਮਾਮਲਿਆਂ ‘ਚ ਨਾਮਜ਼ਦ.
Most Wanted Gangster Deported: ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪੁਲਿਸ ਪ੍ਰਸ਼ਾਸਨ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਵੈਂਕਟ ਗਰਗ ਨੂੰ ਬੁੱਧਵਾਰ ਨੂੰ ਜਾਰਜੀਆ ਤੋਂ ਡਿਪੋਰਟ ਕਰਵਾ ਲਿਆ ਗਿਆ ਹੈ। ਇਹ ਗੈਂਗਸਟਰ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਫਿਰੌਤੀ ਲਈ ਕਤਲ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਵਾਲੇ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਦਾ ਕਰੀਬੀ ਮੰਨਿਆ ਜਾਂਦਾ ਹੈ।
ਵੈਂਕਟ ਗਰਗ ਅੰਬਾਲਾ ਦੇ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ। ਜਾਰਜੀਆ ਵਿੱਚ ਉਸ ਦੀ ਲੋਕੇਸ਼ਨ ਟ੍ਰੇਸ ਕਰਨ ਤੋਂ ਬਾਅਦ ਆਖ਼ਿਰਕਾਰ ਉਸ ਨੂੰ ਵਿਦੇਸ਼ ਤੋਂ ਡਿਪੋਰਟ ਕਰਕੇ ਦਿੱਲੀ ਏਅਰਪੋਰਟ ਲਿਆਂਦਾ ਗਿਆ। ਐਸਟੀਐਫ ਦੇ ਆਈਜੀ ਬੀ. ਸਤੀਸ਼ ਬਾਲਨ ਇਸ ਮਾਮਲੇ ਸਬੰਧੀ ਵੀਰਵਾਰ ਦੁਪਹਿਰ 2:30 ਵਜੇ ਭੋਂਡਸੀ ਐਸਟੀਐਫ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਨਗੇ।
ਵੈਂਕਟ ‘ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ
ਗੈਂਗਸਟਰ ਵੈਂਕਟ ‘ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਉਸ ਖ਼ਿਲਾਫ਼ ਕਤਲ, ਫਿਰੌਤੀ ਅਤੇ ਫਾਇਰਿੰਗ ਸਮੇਤ 10 ਤੋਂ ਵੱਧ ਮਾਮਲੇ ਦਰਜ ਹਨ। ਉਹ ਨਾਰਾਇਣਗੜ੍ਹ ਤੋਂ ਬੀਐਸਪੀ ਉਮੀਦਵਾਰ ਰਹੇ ਹਰਬਿਲਾਸ ਰੱਜੂ ਮਾਜਰਾ ਦੇ ਕਤਲ ਮਾਮਲੇ ਤੋਂ ਬਾਅਦ ਚਰਚਾ ਵਿੱਚ ਆਇਆ ਸੀ। ਇਸ ਤੋਂ ਬਾਅਦ ਉਸ ਨੇ ਗੁਰੂਗ੍ਰਾਮ ਦੇ ਪਤੇ ‘ਤੇ ਜਾਅਲੀ ਨਾਮ ਨਾਲ ਪਾਸਪੋਰਟ ਬਣਵਾਇਆ ਅਤੇ ਵਿਦੇਸ਼ ਫਰਾਰ ਹੋ ਗਿਆ। ਪਹਿਲਾਂ ਉਹ ਲਾਰੈਂਸ ਬਿਸ਼ਨੋਈ ਅਤੇ ਕਾਲਾ ਰਾਣਾ ਸਿੰਡੀਕੇਟ ਨਾਲ ਜੁੜਿਆ ਹੋਇਆ ਸੀ, ਪਰ ਬਾਅਦ ਵਿੱਚ ਉਹ ਗੈਂਗਸਟਰ ਨੰਦੂ ਦੇ ਸੰਪਰਕ ਵਿੱਚ ਆ ਗਿਆ ਅਤੇ ਉਸ ਨਾਲ ਕੰਮ ਕਰਨ ਲੱਗ ਪਿਆ।
ਨੰਦੂ ਗੈਂਗਸਟਰ ਨੂੰ ਸ਼ੂਟਰ ਮੁਹੱਈਆ ਕਰਵਾਉਂਦਾ ਸੀ ਵੈਂਕਟ
ਵੈਂਕਟ ਗਰਗ ਦੇ ਡਿਪੋਰਟ ਹੋਣ ਨਾਲ ਵਿਦੇਸ਼ ਵਿੱਚ ਬੈਠੇ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਨੂੰ ਵੱਡਾ ਝਟਕਾ ਲੱਗਿਆ ਹੈ। ਕਈ ਕਤਲਾਂ ਅਤੇ ਗੈਰਕਾਨੂੰਨੀ ਵਸੂਲੀ ਲਈ ਕੀਤੀਆਂ ਗੋਲੀਬਾਰੀਆਂ ਵਿੱਚ ਨੰਦੂ ਨੂੰ ਸ਼ੂਟਰ ਮੁਹੱਈਆ ਕਰਵਾਉਣ ਵਾਲਾ ਵੈਂਕਟ ਗਰਗ ਹੀ ਸੀ। ਸੁਰੱਖਿਆ ਏਜੰਸੀਆਂ ਨੂੰ ਅਗਸਤ 2025 ਵਿੱਚ ਜਾਣਕਾਰੀ ਮਿਲੀ ਸੀ ਕਿ ਵੈਂਕਟ ਜਾਰਜੀਆ ਤੋਂ ਸ਼ੂਟਰਾਂ ਦੀ ਭਰਤੀ ਕਰ ਰਿਹਾ ਹੈ। ਦਿੱਲੀ ਦੇ ਪੱਛਮੀ ਵਿਹਾਰ ਵਿੱਚ ਇੱਕ ਪ੍ਰਾਪਰਟੀ ਕਾਰੋਬਾਰੀ ਦੀ ਹੱਤਿਆ, ਹਰਿਦੁਆਰ ਵਿੱਚ ਹੋਟਲ ਕਾਰੋਬਾਰੀ ਦੇ ਕਤਲ ਅਤੇ ਦਿੱਲੀ ਦੇ ਬਵਾਨਾ ਖੇਤਰ ਦੇ ਨਾਂਗਲ ਠਾਕਰਾਨ ਪਿੰਡ ਵਿੱਚ ਇੱਕ ਨੌਜਵਾਨ ਦੀ ਹੱਤਿਆ ਸਮੇਤ ਕਈ ਵਾਰਦਾਤਾਂ ਵਿੱਚ ਵੈਂਕਟ ਗਰਗ ਦਾ ਨਾਮ ਸਾਹਮਣੇ ਆ ਚੁੱਕਾ ਹੈ।