Breaking News

India NSA Ajit Doval Speaks To Chinese FM Wang Y – ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

India NSA Ajit Doval Speaks To Chinese FM Wang Y

 

 

 

ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

 

 

 

ਪਾਕਿਸਤਾਨ ਨਾਲ ਸਥਾਈ ਜੰਗਬੰਦੀ ਦੀ ਅਪੀਲ ਕੀਤੀ

 

 

 

ਪੇਈਚਿੰਗ, 11 ਮਈ

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨਾਲ ਗੱਲਬਾਤ ਕੀਤੀ ਤੇ ਉਮੀਦ ਜਤਾਈ ਕਿ ਭਾਰਤ ਤੇ ਪਾਕਿਸਤਾਨ ਵਿਚ ਟਕਰਾਅ ਦੀ ਇਸ ਸਥਿਤੀ ਦਾ ਗੱਲਬਾਤ ਜ਼ਰੀਏ ਹੱਲ ਕੱਢਣਗੇ ਤੇ ਸਥਾਈ ਜੰਗਬੰਦੀ ਦੀ ਦਿਸ਼ਾ ਵਿਚ ਠੋਸ ਕਦਮ ਚੁੱਕਣਗੇ।

 

 

 

ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਗੱਲਬਾਤ ਦੌਰਾਨ, ਡੋਵਾਲ ਨੇ ਵਾਂਗ ਨੂੰ ਦੱਸਿਆ ਕਿ ਜੰਗ ਭਾਰਤ ਵੱਲੋਂ ਚੁਣਿਆ ਗਿਆ ਬਦਲ ਨਹੀਂ ਸੀ ਪਰ ਪਹਿਲਗਾਮ ਹਮਲੇ ਤੋਂ ਬਾਅਦ ਅਤਿਵਾਦ ਵਿਰੁੱਧ ਕਾਰਵਾਈ ਕਰਨ ਦੀ ਲੋੜ ਸੀ। ਵਾਂਗ ਨੇ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿੰਦਾ ਕੀਤੀ। ਇਸ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ। ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ।

 

 

‘ਸਿਨਹੂਆ’ ਦੀ ਖ਼ਬਰ ਅਨੁਸਾਰ, ਵਾਂਗ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨਾਲ ਵੀ ਗੱਲਬਾਤ ਕੀਤੀ। ਪਹਿਲਗਾਮ ਹਮਲੇ ਦੇ ਜਵਾਬ ਵਿੱਚ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਭਾਰਤੀ ਫੌਜ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਦਹਿਸ਼ਤੀ ਕੈਂਪਾਂ ਵਿਰੁੱਧ ਫੌਜੀ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਸੀ। ਪਹਿਲਗਾਮ ਹਮਲੇ ਵਿੱਚ 26 ਲੋਕਾਂ ਦੀ ਜਾਨ ਜਾਂਦੀ ਰਹੀ ਸੀ।

 

 

 

 

ਸਰਹੱਦ ਪਾਰ ਤੋਂ ਚਾਰ ਦਿਨਾਂ ਤੱਕ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ, ਦੋਵਾਂ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਨੇ ਸ਼ਨਿੱਚਰਵਾਰ ਨੂੰ ਜ਼ਮੀਨ, ਹਵਾ ਅਤੇ ਸਮੁੰਦਰ ’ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਨੂੰ ਤੁਰੰਤ ਬੰਦ ਕਰਨ ਦੀ ਸਹਿਮਤੀ ਦਿੱਤੀ ਸੀ।

 

 

 

 

ਚੀਨੀ ਸਰਕਾਰੀ ਖ਼ਬਰ ਏਜੰਸੀ ਮੁਤਾਬਕ ਡੋਵਾਲ ਨਾਲ ਗੱਲਬਾਤ ਦੌਰਾਨ ਵਾਂਗ ਨੇ ਉਮੀਦ ਜਤਾਈ ਕਿ ਭਾਰਤ ਅਤੇ ਪਾਕਿਸਤਾਨ ਸ਼ਾਂਤੀ ਅਤੇ ਸੰਜਮ ਬਣਾਈ ਰੱਖਣਗੇ, ਸਿੱਧੀ ਗੱਲਬਾਤ ਰਾਹੀਂ ਸਥਿਤੀ ਨੂੰ ਢੁਕਵੇਂ ਢੰਗ ਨਾਲ ਸੰਭਾਲਣਗੇ ਅਤੇ ਤਣਾਅ ਵਧਾਉਣ ਤੋਂ ਬਚਣਗੇ।

 

 

 

ਵਾਂਗ ਨੇ ਕਿਹਾ ਕਿ ਚੀਨ ਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਸਲਾਹ-ਮਸ਼ਵਰੇ ਰਾਹੀਂ ਇੱਕ ਵਿਆਪਕ ਅਤੇ ਸਥਾਈ ਜੰਗਬੰਦੀ ਲਈ ਸਹਿਮਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਬੁਨਿਆਦੀ ਹਿੱਤਾਂ ਵਿੱਚ ਹੈ ਅਤੇ ਇਹ ਕੌਮਾਂਤਰੀ ਭਾਈਚਾਰੇ ਦੀਆਂ ਸਾਂਝੀਆਂ ਇੱਛਾਵਾਂ ਮੁਤਾਬਕ ਵੀ ਹੈ।

 

 

 

 

 

 

ਉਨ੍ਹਾਂ ਕਿਹਾ ਕਿ ਚੀਨ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿੰਦਾ ਕਰਦਾ ਹੈ ਅਤੇ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ। ਵਾਂਗ ਨੇ ਕਿਹਾ ਕਿ ਦੁਨੀਆ ਬਦਲਾਅ ਅਤੇ ਉਥਲ-ਪੁਥਲ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ।

 

 

 

ਉਨ੍ਹਾਂ ਕਿਹਾ ਕਿ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹੁਤ ਮੁਸ਼ਕਲ ਨਾਲ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਲਈ ਇਸ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਗੁਆਂਢੀ ਹਨ ਜਿਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਤੇ ਇਹ ਦੋਵੇਂ ਚੀਨ ਦੇ ਵੀ ਗੁਆਂਢੀ ਹਨ।

 

 

 

 

 

 

 

ਡੋਵਾਲ ਨੇ ਵਾਂਗ ਨੂੰ ਦੱਸਿਆ ਕਿ ਪਹਿਲਗਾਮ ਹਮਲੇ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕ ਮਾਰੇ ਗਏ ਸਨ ਅਤੇ ਅਤਿਵਾਦ ਵਿਰੋਧੀ ਕਾਰਵਾਈ ਕਰਨ ਦੀ ਲੋੜ ਸੀ। ਡੋਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜੰਗ ਭਾਰਤ ਵੱਲੋਂ ਚੁਣਿਆ ਗਿਆ ਬਦਲ ਨਹੀਂ ਸੀ ਅਤੇ ਇਹ ਕਿਸੇ ਵੀ ਧਿਰ ਦੇ ਹਿੱਤ ਵਿੱਚ ਨਹੀਂ ਸੀ। ਰਿਪੋਰਟ ਅਨੁਸਾਰ, ਐਨਐਸਏ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਜੰਗਬੰਦੀ ਪ੍ਰਤੀ ਵਚਨਬੱਧ ਰਹਿਣਗੇ।

Check Also

ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ ਹੈ ਪਿੰਡ ਦੀ ਸਰਪੰਚ

ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ …