USA – ਅਮਰੀਕਾ ’ਚ ‘ਸ਼ਟਡਾਊਨ’ ਕਾਰਨ 1,100 ਉਡਾਣਾਂ ਰੱਦ
ਅਮਰੀਕਾ ਵਿੱਚ ਖ਼ਰਾਬ ਮੌਸਮ ਅਤੇ ਅੰਸ਼ਕ ਸਰਕਾਰੀ ‘ਸ਼ਟਡਾਊਨ’ (ਕੰਮ-ਕਾਜ ਠੱਪ ਹੋਣ) ਕਾਰਨ ਵੱਖ-ਵੱਖ ਏਅਰਲਾਈਨਾਂ ਦੀਆਂ 1,100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਤਕਰੀਬਨ 7,300 ਉਡਾਣਾਂ ਦੇਰੀ ਨਾਲ ਚੱਲੀਆਂ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਿਡਵੈਸਟ ਵਿੱਚ ਭਾਰੀ ਬਰਫ਼ਬਾਰੀ ਅਤੇ ਮੁਲਕ ਦੇ ਪੂਰਬੀ ਅੱਧ ਵਿੱਚ ਤੇਜ਼ ਹਵਾਵਾਂ ਚੱਲਣ ਕਾਰਨ 4,800 ਉਡਾਣਾਂ ਰੱਦ ਹੋਈਆਂ ਅਤੇ 12,800 ਲੇਟ ਹੋਈਆਂ ਸਨ।
ਮੌਸਮ ਦੀ ਮਾਰ ਦੇ ਨਾਲ-ਨਾਲ ਹਵਾਈ ਅੱਡਿਆਂ ’ਤੇ ਸੁਰੱਖਿਆ ਕਰਮਚਾਰੀਆਂ ਦੀ ਘਾਟ ਨੇ ਸੰਕਟ ਹੋਰ ਗੰਭੀਰ ਬਣਾ ਦਿੱਤਾ ਹੈ। 14 ਫਰਵਰੀ ਤੋਂ ਸ਼ੁਰੂ ਹੋਏ ਸਰਕਾਰੀ ਸ਼ਟਡਾਊਨ ਕਾਰਨ ਟ੍ਰਾਂਸਪੋਰਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ।
ਆਰਥਿਕ ਤੰਗੀ ਕਾਰਨ ਬਹੁਤ ਸਾਰੇ ਕਰਮਚਾਰੀ ਨੌਕਰੀ ਛੱਡ ਗਏ ਹਨ, ਜਿਸ ਨਾਲ ਸੁਰੱਖਿਆ ਜਾਂਚ ਲਈ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਹੋਮਲੈਂਡ ਸਕਿਓਰਿਟੀ ਵਿਭਾਗ ਮੁਤਾਬਕ ਸ਼ਟਡਾਊਨ ਸ਼ੁਰੂ ਹੋਣ ਤੋਂ ਬਾਅਦ 300 ਤੋਂ ਵੱਧ ਏਜੰਟ ਅਸਤੀਫ਼ਾ ਦੇ ਚੁੱਕੇ ਹਨ। ਫਿਲਾਡੈਲਫੀਆ ਹਵਾਈ ਅੱਡੇ ਨੇ ਕਰਮਚਾਰੀਆਂ ਦੀ ਕਮੀ ਕਾਰਨ ਕਈ ਚੈਕਿੰਗ ਪੁਆਇੰਟ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਕਰਮਚਾਰੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ। ਕਈ ਮੁਲਾਜ਼ਮਾਂ ਕੋਲ ਗੱਡੀਆਂ ਵਿੱਚ ਤੇਲ ਪਵਾਉਣ ਅਤੇ ਘਰ ਦਾ ਕਿਰਾਇਆ ਦੇਣ ਲਈ ਵੀ ਪੈਸੇ ਨਹੀਂ ਹਨ। ਜ਼ਿਕਰਯੋਗ ਹੈ ਕਿ ਮਿਨੀਆਪੋਲਿਸ ਵਿੱਚ ਐਲੈਕਸ ਪ੍ਰੈਟੀ ਅਤੇ ਰੇਨੀ ਗੁੱਡ ਦੀ ਗੋਲੀਬਾਰੀ ਵਿੱਚ ਹੋਈ ਮੌਤ ਤੋਂ ਬਾਅਦ ਕਾਂਗਰਸ ਵਿੱਚ ਡੈਮੋਕਰੈਟਸ ਨੇ ਇਮੀਗ੍ਰੇਸ਼ਨ ਪਾਬੰਦੀਆਂ ਦੀ ਮੰਗ ਨੂੰ ਲੈ ਕੇ ਹੋਮਲੈਂਡ ਸਕਿਓਰਿਟੀ ਦਾ ਫੰਡ ਰੋਕਿਆ ਹੋਇਆ ਹੈ।