Iran US War Update : ਹੋਰਮੁਜ਼ ਨੇੜੇ ਇੱਕ ਹੋਰ ਗੁਜਰਾਤੀ ਜਹਾਜ਼ ‘ਤੇ ਹਮਲਾ; ਹੋਰਮੁਜ਼ ਸਟ੍ਰੇਟ ‘ਚ ਡੁੱਬਿਆ ‘ਹਾਜੀ ਅਲੀ’
ਈਰਾਨ ਜੰਗ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਵਿੱਚ ਇੱਕ ਹੋਰ ਗੁਜਰਾਤੀ ਕਾਰਗੋ ਜਹਾਜ਼ ਡੁੱਬ ਗਿਆ। ‘ਹਾਜੀ ਅਲੀ’ ਨਾਮਕ ਜਹਾਜ਼ 13 ਮਈ ਦੀ ਸਵੇਰ ਓਮਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਿਹਾ ਸੀ
Iran US War Update : ਈਰਾਨ ਜੰਗ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਵਿੱਚ ਇੱਕ ਹੋਰ ਗੁਜਰਾਤੀ ਕਾਰਗੋ ਜਹਾਜ਼ ਡੁੱਬ ਗਿਆ। ‘ਹਾਜੀ ਅਲੀ’ ਨਾਮਕ ਜਹਾਜ਼ 13 ਮਈ ਦੀ ਸਵੇਰ ਓਮਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਿਹਾ ਸੀ, ਜਦੋਂ ਜਦੋਂ ਇਸਨੂੰ ਡਰੋਨ ਜਾਂ ਮਿਜ਼ਾਈਲ ਵਰਗੇ ਹਥਿਆਰ ਨਾਲ ਟੱਕਰ ਮਾਰ ਦਿੱਤੀ ਗਈ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਪਰ ਓਮਾਨ ਤੱਟ ਰੱਖਿਅਕ ਨੇ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
ਓਮਾਨ ਦੇ ਤੱਟ ‘ਤੇ ਹੋਇਆ ਹਮਲਾ
ਗੁਜਰਾਤ ਦੇ ਦੁਆਰਕਾ ਦੇ ਰਹਿਣ ਵਾਲੇ ਅਤੇ ਜਹਾਜ਼ ਮਾਲਕ ਸੁਲਤਾਨ ਅਹਿਮਦ ਅੰਸਾਰ ਨੇ ਦੱਸਿਆ ਕਿ MSV ਹਾਜੀ ਅਲੀ ਜਹਾਜ਼ ਬੇਰਬੇਰਾ ਪੋਰਟ ਤੋਂ ਸ਼ਾਰਜਾਹ ਜਾ ਰਿਹਾ ਸੀ। ਸਵੇਰੇ ਕਰੀਬ 3:30 ਵਜੇ ਓਮਾਨ ਦੇ ਸਮੁੰਦਰੀ ਤਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਕਰੂ ਮੈਂਬਰਾਂ ਮੁਤਾਬਕ ਜਹਾਜ਼ ਨਾਲ ਕਿਸੇ ਧਮਾਕੇਖੇਜ਼ ਚੀਜ਼ ਦੇ ਟਕਰਾਉਣ ਵਰਗੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਹਾਲਾਤ ਵਿਗੜਦੇ ਦੇਖ ਸਾਰੇ 14 ਕਰੂ ਮੈਂਬਰ ਲਾਈਫਬੋਟਾਂ ਦੀ ਵਰਤੋਂ ਕਰਕੇ ਜਹਾਜ਼ ਤੋਂ ਬਾਹਰ ਨਿਕਲ ਗਏ।

ਭਾਰਤ ਨੇ ਬੁੱਧਵਾਰ ਨੂੰ ਓਮਾਨ ਦੇ ਤੱਟ ‘ਤੇ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬਿਆਨ ਅਨੁਸਾਰ ਬੁੱਧਵਾਰ (13 ਮਈ) ਨੂੰ ਓਮਾਨ ਦੇ ਤੱਟ ‘ਤੇ ਭਾਰਤੀ ਝੰਡੇ ਵਾਲੇ ਜਹਾਜ਼ ‘ਤੇ ਹਮਲਾ ਕਿਸੇ ਵੀ ਹਾਲਤ ਵਿੱਚ ਅਸਵੀਕਾਰਨਯੋਗ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਸਮੁੰਦਰੀ ਯਾਤਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦੇ ਹਾਂ। ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਦੀ ਪੁਸ਼ਟੀ ਕਰਦੇ ਹੋਏ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਲਿਖਿਆ, “ਜਹਾਜ਼ ‘ਤੇ ਸਵਾਰ ਭਾਰਤੀ ਚਾਲਕ ਦਲ ਸੁਰੱਖਿਅਤ ਹਨ ਅਤੇ ਅਸੀਂ ਉਨ੍ਹਾਂ ਨੂੰ ਬਚਾਉਣ ਲਈ ਓਮਾਨੀ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ।”
7 ਮਈ ਨੂੰ ਭਾਰਤੀ ਜਹਾਜ਼ ਹੋਇਆ ਸੀ ਫਾਇਰਿੰਗ ਦਾ ਸ਼ਿਕਾਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 7 ਮਈ ਨੂੰ ਦਵਾਰਕਾ ਗੁਜਰਾਤ ਤੋਂ ਇੱਕ ਹੋਰ ਕਾਰਗੋ ਜਹਾਜ਼ ਐਮਐਸਵੀ ਏਐਲ ਫੈਜ਼ ਨੂਰ ਸੁਲੇਮਾਨੀ-1, ਵੀ ਹੋਰਮੁਜ਼ ਜਲਡਮਰੂ ਵਿੱਚੋਂ ਲੰਘਦੇ ਸਮੇਂ ਅਮਰੀਕਾ ਅਤੇ ਈਰਾਨੀ ਜਲ ਸੈਨਾਵਾਂ ਵਿਚਕਾਰ ਫਾਇਰਿੰਗ ਦਾ ਸ਼ਿਕਾਰ ਹੋਇਆ ਸੀ।