ਮਾਣਹਾਨੀ ਕੇਸ ‘ਚ ਸੁਖਬੀਰ ਬਾਦਲ ਨੂੰ ਸੰਮਨ, ਇਹ ਹੈ ਮਾਮਲਾ

ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਉਪ- ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਚੱਲ ਰਹੇ ਮਾਣਹਾਨੀ ਕੇਸ ‘ਚ ਹੁਣ ਜ਼ਿਲ੍ਹਾ ਅਦਾਲਤ ਨੇ ਸੁਖਬੀਰ ਸਿੰਘ ਨੂੰ ਦੁਬਾਰਾ ਸੰਮਨ ਜਾਰੀ ਕੀਤਾ ਹੈ। ਸੁਖਬੀਰ ‘ਤੇ ਇਹ ਕੇਸ ਅਖੰਡ ਕੀਰਤਨੀ ਜਥੇ ਤੇ ਇਸ ਦੇ ਬੁਲਾਰੇ ਨੂੰ ਬੱਬਰ ਖਾਲਸਾ ਦਾ ਸਿਆਸੀ ਚਿਹਰਾ ਦੱਸਣ ਦੱਸਣ ਬਾਰੇ ਦਿੱਤੀ ਗਈ ਸ਼ਿਕਾਇਤ ‘ਤੇ ਜ਼ਿਲ੍ਹਾ ਅਦਾਲਤ ‘ਚ ਚੱਲ ਰਿਹਾ ਹੈ।

 

ਇਸ ਤੋਂ ਪਹਿਲਾਂ ਕੋਰਟ ਨੇ ਇਸੇ ਸਾਲ 4 ਮਾਰਚ ਤੇ 18 ਮਾਰਚ ਨੂੰ ਸਮਨ ਜਾਰੀ ਕਰ ਕੇ ਸੁਖਬੀਰ ਬਾਦਲ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਸੀ। ਉਸ ਵੇਲੇ ਸੁਖਬੀਰ ਬਾਦਲ ਪੇਸ਼ ਨਹੀਂ ਹੋ ਸਕੇ। ਇਸ ਤੋਂ ਬਾਅਦ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਸਿਰਫ਼ ਜ਼ਰੂਰੀ ਕੇਸਾਂ ਦੀ ਸੁਣਵਾਈ ਹੋਈ। ਹੁਣ ਕੋਰਟ ਨੇ ਸੁਖਬੀਰ ਬਾਦਲ ਦੇ ਚੰਡੀਗਡ਼੍ਹ ਸੈਕਟਰ 9 ਸਥਿਤ ਹਾਊਸ ਨੰਬਰ-256 ਦੇ ਪਤੇ ‘ਤੇ ਸੰਮਨ ਜਾਰੀ ਕਰ ਦਿੱਤਾ ਹੈ।

 

ਇਕ ਤੋਂ ਦੂਸਰੀ ਕੋਰਟ ‘ਚ ਕੇਸ ਟਰਾਂਸਫਰ

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤਕ ਇਸ ਕੇਸ ਦੀ ਸੁਣਵਾਈ ਜੇਐੱਮਆਈ ਜੱਜ ਗੀਤਾਂਜਲੀ ਗੋਇਲ ਦੀ ਅਦਾਲਤ ‘ਚ ਹੋ ਰਹੀ ਸੀ। ਹੁਣ 12 ਅਕਤੂਬਰ ਤੋਂ ਕੇਸ ਦੀ ਸੁਣਵਾਈ ਅਡੀਸ਼ਨਲ ਚੀਫ ਜੂਡੀਸ਼ੀਅਲ ਮਜਿਸਟ੍ਰੇਟ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ‘ਚ ਹੋ ਰਹੀ ਹੈ।

 

ਆਪਣੇ ਆਰਡਰ ‘ਚ ਜੱਜ ਰੰਧਾਵਾ ਨੇ ਲਿਖਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦੀ ਕੋਰਟ ‘ਚ ਇਹ ਕੇਸ ਟਰਾਂਸਫਰ ਕੀਤਾ ਗਿਆ ਹੈ। ਕੋਰਟ ਨੇ ਸੁਖਬੀਰ ਬਾਦਲ ਦੇ ਨਾਲ ਮਾਮਲੇ ‘ਚ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਹੈ।