Breaking News

Sikh News – ਸਰਕਾਰਾਂ ਨੇ ਹੱਥ ਖੜ੍ਹੇ ਕੀਤੇ ਤਾਂ ਅੱਗੇ ਆਏ ਕਾਰ ਸੇਵਾ ਵਾਲੇ,100 ਕਰੋੜ ਨਾਲ ਬਣਾ ਦਿੱਤੀ 2 ਤਖਤਾਂ ਨੂੰ ਜੋੜਦੀ ਸੜਕ, ਲਾਏ ਰੁੱਖ

Sikh News – ਸਰਕਾਰਾਂ ਨੇ ਹੱਥ ਖੜ੍ਹੇ ਕੀਤੇ ਤਾਂ ਅੱਗੇ ਆਏ ਕਾਰ ਸੇਵਾ ਵਾਲੇ,100 ਕਰੋੜ ਨਾਲ ਬਣਾ ਦਿੱਤੀ 2 ਤਖਤਾਂ ਨੂੰ ਜੋੜਦੀ ਸੜਕ, ਲਾਏ ਰੁੱਖ

ਸ੍ਰੀ ਆਨੰਦਪੁਰ ਸਾਹਿਬ

 

 

 

ਸਿੱਖ ਧਰਮ ਚ ਸੇਵਾ ਦਾ ਫਲਸਫਾ ਬਹੁਤ ਵੱਡਾ ਫਲਸਫਾ ਹੈ, ਬੇਸ਼ੱਕ ਸਰਕਾਰਾਂ ਜਨ ਸੇਵਾ ਤੇ ਲੋਕਾਂ ਦੇ ਕੰਮਾਂ ਦੇ ਕਾਰਜ ਕਰਦੀਆਂ ਹਨ ਪ੍ਰੰਤੂ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਜਾਂਦੇ ਹਨ ਉੱਥੇ ਕਾਰ ਸੇਵਾ ਵਾਲੇ ਬਾਬੇ ਲੋਕਾਂ ਦੀ ਸੇਵਾ ਲਈ ਅੱਗੇ ਆਉਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸੰਪਰਦਾ ਨੂੰ ਪੁਲਾਂ ਵਾਲੀ ਸੰਪਰਦਾ ਆਖਿਆ ਜਾਂਦਾ ਹੈ ਕਿਉਂਕਿ ਇਹ ਸੰਪਰਦਾ ਦੇ ਮੁਖੀ ਸਵਰਗਵਾਸੀ ਸੰਤ ਬਾਬਾ ਲਾਭ ਸਿੰਘ ਨੇ ਅਨੰਦਪੁਰ ਸਾਹਿਬ ਅੰਦਰ ਬੇਲਿਆਂ ਦੇ ਪਿੰਡਾਂ ਚ ਅੱਠ ਵੱਡੇ ਪੁੱਲ ਬਣਾਏ ਸਨ ਤੇ ਜਿਸ ਦੇ ਚਲਦਿਆਂ ਲੋਕ ਅੱਜ ਵੀ ਉਹਨਾਂ ਨੂੰ ਪੁਲਾਂ ਵਾਲੇ ਬਾਬੇ ਵਜੋਂ ਜਾਣਦੇ ਹਨ।

 

 

 

ਬੇਸ਼ੱਕ ਸੰਤ ਬਾਬਾ ਲਾਭ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਪਰੰਤੂ ਉਹਨਾਂ ਵੱਲੋਂ ਚਲਾਏ ਗਏ ਲੋਕ ਸੇਵਾ ਦੇ ਕਾਰਜ ਕਾਰ ਸੇਵਾ ਵੱਲੋਂ ਨਿਰੰਤਰ ਜਾਰੀ ਹਨ। ਗੌਰ ਤਲਬ ਹੈ ਕਿ ਸਿੱਖ ਪੰਥ ਦੇ ਦੋ ਮਹਾਨ ਤਖਤਾਂ, ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲਾ ਮਾਰਗ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ – ਗੜਸ਼ੰਕਰ ਮੁੱਖ ਮਾਰਗ ਵੀ ਕਿਹਾ ਜਾਂਦਾ ਹੈ ਉਹ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਅਣਗੌਲਿਆਂ ਕੀਤਾ ਗਿਆ ਜਿਸ ਦੇ ਚਲਦਿਆਂ ਇਸ ਸੜਕ ਤੇ ਸਫਰ ਕਰਨਾ ਨਰਕ ਦੇ ਸਫਰ ਬਰਾਬਰ ਸਮਝਿਆ ਜਾਂਦਾ ਰਿਹਾ ਹੈ।

 

 

 

ਇਹੀ ਕਾਰਨ ਹੈ ਕਿ ਜਿੱਥੇ ਸਰਕਾਰਾਂ ਨੇ ਹੱਥ ਖੜੇ ਕਰ ਦਿੱਤੇ ਉਥੇ ਪਿਛਲੇ ਸਾਲ ਕਾਰ ਸੇਵਾ ਕਿਲਾ ਅਨੰਦਗੜ੍ਹ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਚਾ ਸਿੰਘ ਤੇ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਇਸ ਮਾਰਗ ਦੇ ਨਿਰਮਾਣ ਕਾਰਜ ਨੂੰ ਕਰਨ ਦਾ ਬੇੜਾ ਆਪਣੇ ਮੋਢਿਆਂ ਤੇ ਚੁੱਕਿਆ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਕੇਵਲ ਇੱਕੋ ਮਕਸਦ ਸੀ ਕਿ ਸੜਕ ਦੀਆਂ ਬਰਮਾਂ ਨੂੰ ਚੌੜਾ ਕਰਕੇ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਮਾਝੇ ਤੇ ਦੁਆਬੇ ਤੋਂ ਸ੍ਰੀ ਅਨੰਦਪੁਰ ਸਾਹਿਬ, ਦੀ ਕੀਰਤਪੁਰ ਸਾਹਿਬ ਤੇ ਹਿੰਦੂ ਧਰਮ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਦੇ ਮੰਦਰ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਸਹੂਲਤ ਦਿੱਤੀ ਜਾਵੇ ਤੇ ਕੁਝ ਰਾਹਤ ਉਹਨਾਂ ਨੂੰ ਇਸ ਸੜਕ ਦੀਆਂ ਬਰਮਾਂ ਚੌੜੀਆਂ ਕਰਨ ਨਾਲ ਦਿੱਤੀ ਜਾ ਸਕੇ।

 

 

 

ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਜਦੋਂ ਇਹ ਕਾਰਜ ਸ਼ੁਰੂ ਕੀਤਾ ਗਿਆ ਤਾਂ ਸੰਗਤ ਨੇ ਮੰਗ ਕੀਤੀ ਕਿ ਸਿੱਖ ਧਰਮ ਤੇ ਹਿੰਦੂ ਧਰਮ ਦੇ ਪ੍ਰਸਿੱਧ ਤੀਰਥ ਸਥਾਨਾਂ ਨੂੰ ਜਾਣ ਵਾਲੀ ਇਸ ਸੜਕ ਨੂੰ ਚੌੜਾ ਕਰਨ ਤੇ ਇਸ ਨੂੰ ਵਧੀਆ ਬਣਾਉਣ ਦਾ ਕਾਰਜ ਕਾਰ ਸੇਵਾ ਸੰਪਰਦਾ ਆਪਣੇ ਮੋਢਿਆਂ ਤੇ ਚੁੱਕੇ। ਬਸ ਫੇਰ ਕੀ ਸੀ ਸੰਤਾਂ ਵੱਲੋਂ ਇਸ ਕਾਰਜ ਦੀ ਆਰੰਭਤਾ ਕੀਤੀ ਗਈ ਤੇ ਖਾਸ ਤੌਰ ਤੇ ਅੱਠ ਕਿਲੋਮੀਟਰ ਦਾ ਸੜਕ ਦਾ ਸਟਰੈਚ ਜਿਸ ਨੂੰ 110 ਫੁੱਟ ਚੌੜਾ ਕਰਕੇ ਵਿੱਚ ਡਿਵਾਈਡਰ ਬਣਾਇਆ ਗਿਆ, ਇਸ ਤੋਂ ਇਲਾਵਾ ਇਸ ਦੇ ਨਾਲ ਸਰਵਿਸ ਰੋਡ ਦਾ ਪ੍ਰਬੰਧ ਵੀ ਕੀਤਾ ਗਿਆ।

 

 

 

ਇੱਥੇ ਹੀ ਬੱਸ ਨਹੀਂ ਸਗੋਂ ਸੜਕ ਦੇ ਦੋਵੇਂ ਪਾਸਿਆਂ ਤੇ ਤਕਰੀਬਨ 20 ਵਿਰਾਸਤੀ ਬੂਟੇ ਲਗਾਉਣ ਦਾ ਪ੍ਰੋਗਰਾਮ ਵੀ ਸੰਤਾਂ ਵੱਲੋਂ ਉਲੀਕਿਆ ਗਿਆ। ਗੌਰ ਤਲਬ ਹੈ ਕਿ ਇਹ ਪੂਰਾ ਕਾਰਜ ਅਜੇ ਨਿਰਮਾਣ ਅਧੀਨ ਹੈ ਪ੍ਰੰਤੂ ਇਥੋਂ ਗੁਜਰਨ ਵਾਲੇ ਰਾਹਗੀਰ ਕੁਝ ਸਾਲ ਪਹਿਲਾਂ ਦੀ ਤਸਵੀਰ ਨੂੰ ਯਾਦ ਕਰਦਿਆਂ ਤੇ ਹੁਣ ਇਹ ਸੜਕ ਤੇ ਸਫਰ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੋਨਾਂ ਸਫਰਾਂ ਚ ਜਮੀਨ ਅਸਮਾਨ ਦਾ ਫਰਕ ਦੱਸਦੇ ਹਨ। ਉਹ ਇਸ ਕਾਰਜ ਲਈ ਜਿੱਥੇ ਬਾਬਿਆਂ ਨੂੰ ਦੁਆਵਾਂ ਦਿੰਦੇ ਹਨ ਉਥੇ ਹੀ ਸਰਕਾਰਾਂ ਨੂੰ ਕੋਸਦੇ ਵੀ ਹਨ।

Check Also

Influencer Manjit Kaur Dies ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ ਹੋਈ ਮੌਤ

Influencer Manjit Kaur Dies Weeks After Horrific Burn Incident Breaking: ਸੋਸ਼ਲ ਮੀਡੀਆ Influencer ਮਨਪ੍ਰੀਤ ਕੌਰ …